ਇਸਲਾਮਾਬਾਦ 23 ਅਗਸਤ (ਪੀ. ਟੀ)- ਸਰਕਾਰ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਲੰਘੀ ਰਾਤ ਹੋਈ ਗੱਲਬਾਤ ਵਿਚ ਕੋਈ ਪ੍ਰਗਤੀ ਨਹੀਂ ਹੋਈ ਤੇ ਟਕਰਾਅ ਅਤੇ ਤਣਾਅ ਵਾਲੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਤੇ ਮੌਲਵੀ ਤਾਹਿਰੁਲ ਕਾਦਰੀ ਵੱਲੋਂ ਪਿਛਲੇ ਸਾਲ ਚੋਣਾਂ ਵਿਚ ਹੋਈ ਕਥਿਤ ਹੇਰਾਫੇਰੀ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੀ ਮੰਗ ਹੈ ਕਿ ਨਵਾਜ਼ ਸ਼ਰੀਫ਼ ਤੁਰੰਤ ਅਸਤੀਫ਼ਾ ਦੇਣ ਤੇ ਤਾਜ਼ਾ ਚੋਣਾਂ ਕਰਵਾਈਆਂ ਜਾਣ। ਲੰਘੇ ਸਨਿੱਚਰਵਾਰ ਤੋਂ ਰਾਜਧਾਨੀ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਡੇਰੇ ਲਾ ਕੇ ਬੈਠੇ ਹਨ। ਦੇਸ਼ ਵਿਚ ਪੈਦਾ ਹੋਏ ਰਾਜਸੀ ਸੰਕਟ ਕਾਰਨ ਸਰਕਾਰ ਦੀਆਂ ਸਰਗਰਮੀਆਂ ਠੱਪ ਹੋ ਕੇ ਰਹਿ ਗਈਆਂ ਹਨ ਤੇ ਪਾਕਿਸਤਾਨ ਵਿਚ ਲੋਕਤੰਤਰ ਦੀ ਸਥਿਰਤਾ
ਉੱਪਰ ਵੀ ਸਵਾਲ ਉਠਾਏ ਜਾ ਰਹੇ ਹਨ। ਸੰਕਟ ਖ਼ਤਮ ਕਰਨ ਲਈ ਸਰਕਾਰੀ ਅਧਿਕਾਰੀ ਬੀਤੇ ਦਿਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲੇ ਸਨ। ਇਹ ਆਖ਼ਰੀ ਗੇੜ ਦੀ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਇਮਰਾਨ ਖ਼ਾਨ ਦੀ ਪਾਰਟੀ ਦੇ ਸਾਰੇ ਮੈਂਬਰਾਂ ਨੇ ਕੌਮੀ ਅਸੈਂਬਲੀ ਤੋਂ ਅਸਤੀਫ਼ੇ ਦੇ ਦਿੱਤੇ ਹਨ ਜਿਨ੍ਹਾਂ ਨੂੰ ਸਪੀਕਰ ਨੇ ਅਜੇ ਪ੍ਰਵਾਨ ਨਹੀਂ ਕੀਤਾ। ਇਥੇ ਵਰਨਣਯੋਗ ਹੈ ਕਿ ਸਰਕਾਰ 342 ਮੈਂਬਰੀ ਕੌਮੀ ਅਸੈਂਬਲੀ ਵਿਚ ਬਹੁਮਤ ‘ਚ ਹੈ ਤੇ ਸੱਤਾਧਾਰੀ ਪੀ.ਐਮ.ਐਲ-ਐਨ ਨੂੰ 190 ਮੈਂਬਰਾਂ ਦੀ ਹਮਾਇਤ ਹਾਸਲ ਹੈ।


