ਚੰਡੀਗੜ੍ਹ, 13 ਅਗਸਤ (ਪੀ.ਟੀ)-ਪੰਜਾਬ ਦੇ ਫੂਡ ਪ੍ਰਾਸੈਸਿੰਗ ਖੇਤਰ ਨੂੰ ਅੱਜ ਉਸ ਵੇਲੇ ਜਬਰਦਸਤ ਹੁਲਾਰਾ ਮਿਲਿਆ ਜਦੋਂ ਰਾਜ ਪੱਧਰੀ ਬੈਂਕਰਜ਼ ਮੀਟਿੰਗ ਕਮੇਟੀ ਨੇ ਇਸ ਖੇਤਰ ਨੂੰ ਖੁੱਲ੍ਹ ਦਿਲੀ ਨਾਲ ਕਰੈਡਿਟ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ। ਪ੍ਰਮੁੱਖ ਸਕੱਤਰ (ਵਿੱਤ) ਸ੍ਰੀਮਤੀ ਵਿੰਨੀ ਮਹਾਜਨ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਗੌਰੀ ਸ਼ੰਕਰ ਦੀ ਪ੍ਰਧਾਨਗੀ ਹੇਠ ਅੱਜ ਹੋਈ ਰਾਜ ਪੱਧਰੀ ਬੈਂਕਰਜ਼ ਕਮੇਟੀ ਮੀਟਿੰਗ ਵਿੱਚ ਫੂਡ ਪ੍ਰਾਸੈਸਿੰਗ ਦੇ ਸਕੱਤਰ ਸ੍ਰੀ ਐਸ.ਆਰ.ਲੱਧੜ ਨੇ ਪੰਜਾਬ ਦੇ ਫੂਡ ਪ੍ਰਾਸੈਸਿੰਗ ਖੇਤਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੀ ਪੇਸ਼ਕਾਰੀ ਦਿੱਤੀ ਜਿਸ ਵਿੱਚ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਚਾਨਣਾ ਪਾਇਆ ਗਿਆ। ਸ੍ਰੀ ਗੌਰੀ ਸ਼ੰਕਰ ਨੇ ਕਿਹਾ ਕਿ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ
ਜਾਰੀ ਨਵੀਂ ਨੀਤੀ ਤਹਿਤ ਸਮੂਹ ਬੈਂਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਫੂਡ ਪ੍ਰਾਸੈਸਿੰਗ ਖੇਤਰ ਨੂੰ ਪੂਰੀ ਮਾਲੀ ਇਮਦਾਦ ਮੁਹੱਈਆ ਕਰਵਾਉਣ ਤਾਂ ਜੋ ਖੇਤੀ ਆਧਾਰਿਤ ਉਤਪਾਦਾਂ ਦਾ ਅਸਲ ਮੁੱਲ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਹੱਲਾਸ਼ੇਰੀ ਨਾਲ ਸੂਬੇ ਵਿੱਚ ਫੂਡ ਪ੍ਰਾਸੈਸਿੰਗ ਦੇ ਖੇਤਰ ਵਿੱਚ ਕੰਮ ਕਰ ਰਹੇ ਉੱਦਮੀਆਂ ਨੂੰ ਰਿਜ਼ਰਵ ਬੈਂਕ ਦੀ ਨੀਤੀ ਤਹਿਤ ਮਾਲੀ ਇਮਦਾਦ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਨੇ ਕੋਲਡ ਚੇਨ, ਰੀਫਰ ਵਹੀਕਲ ਅਤੇ ਫੂਡ ਪ੍ਰਾਸੈਸਿੰਗ ਦੇ ਮੌਜੂਦਾ ਯੂਨਿਟਾਂ ਦੇ ਪਾਸਾਰ ਦੇ ਮੁੱਦਿਆਂ ’ਤੇ ਆਰਥਿਕ ਸਹਾਇਤਾ ਦੇਣ ਲਈ ਵਿਸ਼ੇਸ਼ ਨੀਤੀ ਬਣਾਈ ਹੈ। ਉਨ੍ਹਾਂ ਕਿਹਾ ਕਿ ਬੈਂਕਰਜ਼ ਦੀ ਇਹ ਡਿਊਟੀ ਵੀ ਬਣਦੀ ਹੈ ਕਿ ਉਹ ਉੱਦਮੀਆਂ ਨੂੰ ਰਿਜ਼ਰਵ ਬੈਂਕ ਦੀਆਂ ਇਨ੍ਹਾਂ ਨੀਤੀਆਂ ਬਾਰੇ ਜਾਣੂੰ ਕਰਵਾਏ।
ਫੂਡ ਪ੍ਰਾਸੈਸਿੰਗ ਦੇ ਸਕੱਤਰ ਸ੍ਰੀ ਐਸ.ਆਰ.ਲੱਧੜ ਨੇ ਬੈਂਕਾਂ ਨੂੰ ਸਲਾਹ ਦਿੱਤੀ ਕਿ ਉਹ ਸਕੀਮਾਂ ਨੂੰ ਹੋਰ ਜ਼ਿਆਦਾ ਸੁਖਾਲਾ ਬਣਾ ਕੇ ਵੱਧ ਤੋਂ ਵੱਧ ਉੱਦਮੀਆਂ ਨੂੰ ਫੂਡ ਪ੍ਰਾਸੈਸਿੰਗ ਖਿੱਤੇ ਵਿੱਚ ਨਵੇਂ ਯੂਨਿਟ ਲਾਉਣ ਅਤੇ ਮੌਜੂਦਾ ਯੂਨਿਟਾਂ ਨੂੰ ਹੋਰ ਆਧੁਨਿਕ ਬਣਾਉਣ ਲਈ ਉਤਸ਼ਾਹਤ ਕਰੇ। ਉਨ੍ਹਾਂ ਬੈਂਕਰਜ਼ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਪੰਜਾਬ ਸਰਕਾਰ ਦੀਆਂ ਉਨ੍ਹਾਂ ਸਕੀਮਾਂ ਬਾਰੇ ਵੀ ਉੱਦਮੀਆਂ ਨੂੰ ਜਾਗਰੂਕ ਕਰਨ ਜਿਸ ਵਿੱਚ 5 ਲੱਖ ਰੁਪਏ ਤੋਂ 5 ਕਰੋੜ ਰੁਪਏ ਦੀ ਵਿੱਤੀ ਮੱਦਦ ਦਿੱਤੀ ਜਾਂਦੀ ਹੈ।



