ਮਾਛੀਵਾੜਾ ਸਾਹਿਬ 22 ਜੁਲਾਈ-ਕਰਮਜੀਤ ਸਿੰਘ ਆਜ਼ਾਦ-ਇੰਪੈਕਟ ਕਨਵੀਨੀਐਂਸ ਟੈਕਨਾਲੌਜੀ ਨੇ ਇੱਕ ਅਜਿਹਾ ਪਲਾਂਟ ਤਿਆਰ ਕੀਤਾ ਹੈ ਜਿਸ ਨਾਲ ਤੁਸੀਂ ਆਪਣੇ ਘਰ ਦੇ ਕੂੜਾ ਕਰਕਟ ਤੋਂ ਬਾਇਓ ਗੈਸ ਦਾ ਉਤਪਾਦਨ ਕਰ ਸਕਦੇ ਹੋ ਜੋ ਘਰੇਲੂ ਰਸੋਈ ਗੈਸ ਵਜੋਂ ਵਰਤੀ ਜਾ ਸਕਦੀ ਹੈ। ਕੰਪਨੀ ਦੇ ਐਮ.ਡੀ. ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਤਕਨੀਕ ਬ੍ਰਾਜੀਲ ਦੇਸ਼ ਦੀ ਹੈ ਤੇ ਉਨਾਂ ਵੱਲੋਂ ਐਪਰੀਸ਼ੀਏਟ ਰੂਰਲ ਟੈਕਨਾਲੌਜੀ ਆਫ਼ ਇੰਸਟੀਚਿਊਟ ਤੋਂ ਇਸ ਸਬੰਧੀ ਸਿਖਲਾਈ ਪ੍ਰਾਪਤ ਕਰ ਉਨਾਂ ਇਹ ਮਸ਼ੀਨ ਤਿਆਰ ਕੀਤੀ ਜਿਸ ਵਿਚ ਘਰੇਲੂ ਸੁਆਣੀਆਂ ਆਪਣੇ ਘਰ ਦਾ ਕੂੜਾ ਕਰਕਟ ਜਿਸ ਵਿਚ ਕਚਰਾ, ਸਬਜੀਆਂ ਦੇ ਛਿਲਕੇ, ਖਰਾਬ ਚਾਹ ਪੱਤੀ, ਹਰ ਤਰ੍ਹਾਂ ਦੀ ਜੂਠ ਨੂੰ ਘਰ ਦੇ ਬਾਹਰ ਸੁੱਟਣ ਦੀ ਬਜਾਏ ਇਸ ਮਸ਼ੀਨ ਵਿਚ ਸੁੱਟਣ ਅਤੇ ਇੱਕ ਕਿੱਲੋ ਜੂਠ ਨਾਲ ਢਾਈ ਲਿਟਰ ਪਾਣੀ ਮਸ਼ੀਨ ਵਿਚ ਪਾ ਕੇ ਰੋਜ਼ਾਨਾ 250 ਗਰਾਮ ਗੈਸ ਤਿਆਰ ਹੋ ਸਕਦੀ ਹੈ।

ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਘਰੇਲੂ ਰਸੋਈ ਗੈਸ ਜੋ ਕਿ ਅੱਜ ਕੱਲ੍ਹ ਬਹੁਤ ਮਹਿੰਗੀ ਹੋ ਗਈ ਹੈ ਤੇ ਆਮ ਆਦਮੀ ਇਸਦੀ ਮਹਿੰਗਾਈ ਦੀ ਮਾਰ ਹੇਠ ਆ ਰਿਹਾ ਹੈ ਇਸ ਲਈ ਉਨਾਂ ਵੱਲੋਂ ਤਿਆਰ ਕੀਤਾ ਗਿਆ ਇਹ ਉਤਪਾਦ ਜਿੱਥੇ ਸ਼ਹਿਰ ਵਿਚ ਗੰਦਗੀ ਫੈਲਣ ਤੋਂ ਰੋਕੇਗਾ ਉਥੇ ਲੋਕਾਂ ਨੂੰ ਮੁਫ਼ਤ ਦੀ ਗੈਸ ਤਿਆਰ ਕਰਕੇ ਦੇਵੇਗਾ। ਇਸ ਤੋਂ ਇਲਾਵਾ ਕੰਪਨੀ ਜਲਦ ਹੀ ਇੱਕ ਵੱਡੇ ਸਾਈਜ਼ ਦਾ ਪਲਾਂਟ ਵੀ ਤਿਆਰ ਕਰਨ ਜਾ ਰਹੀ ਹੈ ਜੋ ਕਿ ਹੋਟਲਾਂ, ਢਾਬਿਆਂ ਆਦਿ ਤੇ ਲਗਾਇਆ ਜਾਵੇਗਾ ਜਿਸ ਨਾਲ ਇਨਾਂ ਦੇ ਮਾਲਕਾਂ ਨੂੰ ਸਲਾਨਾ ਲੱਖਾਂ ਰੁਪਏ ਦਾ ਫਾਇਦਾ ਹੋਵੇਗਾ। ਐਮ.ਡੀ. ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਸਰਕਾਰ ਨੇ ਕੰਪਨੀ ਵੱਲੋਂ ਕੂੜੇ ਕਰਕਟ ਤੋਂ ਗੈਸ ਤਿਆਰ ਕਰਨ ਵਾਲੀ ਮਸ਼ੀਨ ‘ਤੇ ਸਬਸਿਡੀ ਵੀ ਦੇ ਰਹੀ ਹੈ ਜਿਸਦਾ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਉਨਾਂ ਦੱਸਿਆ ਕਿ ਕੰਪਨੀ ਵੱਲੋਂ ਤਿਆਰ ਕੀਤੀਆਂ ਮਸ਼ੀਨਾਂ ਮਾਛੀਵਾੜਾ, ਨਵਾਂ ਸ਼ਹਿਰ ਅਤੇ ਸੰਗਰੂਰ ਆਦਿ ਇਲਾਕੇ ਵਿਚ ਲਗਾਈਆਂ ਜਾ ਚੁੱਕੀਆਂ ਹਨ ਜਿਸਦੇ ਲੋਕਾਂ ਨੂੰ ਵਧੀਆ ਨਤੀਜੇ ਮਿਲ ਰਹੇ ਹਨ।
ਹੁਣ ਘਰ ਦੇ ਕੂੜੇ ਤੋਂ ਤਿਆਰ ਹੋਵੇਗੀ ਰਸੋਈ ਗੈਸ



