ਸ਼ਾਹਕੋਟ, 22 ਜੁਲਾਈ (ਸੁਰਿੰਦਰ ਸਿੰਘ ਪਦਮ)-ਲੰਘੇ ਐਤਵਾਰ ਨੂੰ ਪਿੰਡ ਜਾਣੀਆਂ ਵਿਖੇ ਪੰਚਾਇਤੀ ਚੋਣਾਂ ਜਿਤਣ ਦੀ ਖੁਸ਼ੀ ‘ਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰਖਾਏ ਜਾਣ ਵਾਲੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਮੌਕੇ ਹੋਏ ਝਗੜੇ ‘ਚ ਗੋਲੀ ਚਲਾਉਣ ਵਾਲੀ ਧਿਰ ਉਪਰ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ ਖਬਰ ਲਿਖੇ ਜਾਣ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਦੱਸਣਯੋਗ ਹੈ ਕਿ ਬੀਤੇ ਕੱਲ ਸਰਪੰਚੀ ਦੀ ਚੋਣ ਜਿੱਤਣ ਵਾਲੀ ਮੱਖਣ ਸਿੰਘ ਦੀ ਧਿਰ ਵੱਲੋਂ ਪਿੰਡ ਦੇ ਗੁਰਦਆਰਾ ਸਾਹਿਬ ਵਿਖੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਰਖਾਉਣ ਦੀਆਂ ਤਿਆਰੀਆਂ ਚੱਲਦੀਆਂ ਸਨ ਉਸ ਸਮੇਂ ਹੀ ਸਰਪੰਚ ਦੀ ਚੋਣ ਹਾਰਨ ਵਾਲੀ ਬਿੰਦਰ ਸਿੰਘ ਦੀ ਧਿਰ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੇਟ ਨੂੰ ਜਿੰਦਰਾ ਲਗਾ ਦਿੱਤਾ। ਦੋਵੇਂ ਧਿਰਾਂ ਦੀ ਹੋਈ ਤਕਰਾਰਬਾਜੀ ਦੌਰਾਨ ਬਿੰਦਰ ਸਿੰਘ ਨੇ ਰਿਵਾਲਵਰ ਨਾਲ ਗੋਲੀ ਚਲਾ ਕੇ ਮੱਖਣ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ। ਭਾਰੀ ਰਾਜਨੀਤਕ ਦਬਾਅ ਹੇਠ ਚੱਲਦਿਆਂ ਪੁਲਿਸ ਨੇ ਦੇਰ ਸ਼ਾਮ ਗੋਲੀ ਚਲਾਉਣ ਵਾਲੇ ਸਮੇਤ 8 ਮਰਦ ਤੇ ਔਰਤਾਂ ਦੇ ਖਿਲਾਫ ਮੁਕੱਦਮਾ ਤਾਂ ਦਰਜ ਕਰ ਲਿਆ ਸੀ, ਪਰ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਪੁਲਿਸ ਅੱਜ ਤੱਕ ਵੀ ਕਾਮਯਾਬ ਨਹੀਂ ਹੋ ਸਕੀ। ਸੂਤਰ ਦੱਸਦੇ ਹਨ ਕਿ ਪੁਲਿਸ ਨੇ ਉਕਤ ਮਾਮਲੇ ‘ਚ ਕੁਝ ਔਰਤਾਂ ਨੂੰ ਕੁਝ ਸਮੇਂ ਲਈ ਹਿਰਾਸਤ ਵਿੱਚ ਵੀ ਰੱਖਿਆ ਸੀ। ਜ਼ਿਕਰਯੋਗਗ ਹੈ ਕਿ ਪੁਲਿਸ ਅਜੇ ਤੱਕ ਗੋਲੀ ਚੱਲਣ ਵਾਲੇ ਪਿਸਤੌਲ ਦੇ ਕਾਰਤੂਸ ਦੇ ਖੋਲ ਨੂੰ ਹੀ ਬਰਾਮਦ ਕਰ ਸਕੀ ਹੈ ਜਦੋਂ ਕਿ ਪੁਲਿਸ ਪਿਸਤੋਲ ਨੂੰ ਅਜੇ ਤੱਕ ਵੀ ਬਰਾਮਦ ਨਹੀਂ ਕਰ ਸਕੀ।ਇਸ ਸਬੰਧੀ ਡੀ.ਐਸ.ਪੀ. ਸ਼ਾਹਕੋਟ ਹਰਪ੍ਰੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਉਨ੍ਹਾਂ ਦੀ ਪੁਲਿਸ ਹੁਣ ਤੱਕ ਉਕਤ ਘਟਨਾ ਦੇ ਮੁਲਜ਼ਮਾਂ ਵਿੱਚੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕਰ ਸਕੀ ਅਤੇ ਨਾ ਹੀ ਘਟਨਾ ਸਮੇਂ ਵਰਤੇ ਗਏ ਰਿਵਾਲਵਰ ਨੂੰ ਕਾਬੂ ਕਰ ਸਕੀ ਹੈ। ਔਰਤਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਉਨ੍ਹਾਂ ਕੋਰਾ ਇਨਕਾਰ ਕਰ ਦਿੱਤਾ। ਡੀ.ਐਸ.ਪੀ. ਨੇ ਕਿਹਾ ਕਿ ਉਕਤ ਘਟਨਾ ਦੇ ਮੁਲਜ਼ਮਾਂ ਨੂੰ ਅਤੇ ਘਟਨਾ ਸਮੇਂ ਵਰਤੇ ਗਏ ਰਿਵਾਲਵਰ ਨੂੰ ਬਰਾਮਦ ਕਰਨ ਲਈ ਵੱਡੇ ਪੱਧਰ ‘ਤੇ ਛਾਪਾਮਾਰੀ ਕੀਤੀ ਜਾ ਰਹੀ ਹੈ।



