ਜਲੰਧਰ, 27 ਜੁਲਾਈ (ਪੀ. ਟੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਸਿਆਸੀ ਫਾਇਦੇ ਲਈ ਧਰਮ ਦੇ ਸਿਆਸੀਕਰਨ ਦਾ ਦੋਸ਼ ਲਾਇਆ ਹੈ। ਭੱਲਠ ਨੇ ਐਤਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਹਰਿਆਣਾ ਦੇ ਸਿੱਖ ਆਪਣੇ ਲਈ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਲੰਬੇ ਸਮੇਂ ਤੋਂ ਕਰ ਰਹੇ ਸਨ। ਜਦੋਂ ਵੱਖਰੀ ਕਮੇਟੀ ਬਣਾ ਲਈ ਤਾਂ ਇਸ ਵਿਚ ਹਰਜ ਕੀ ਹੈ। ਹਰਿਆਣਾ ਦੇ ਗੁਰਦੁਆਰਿਆਂ ਦਾ ਸਾਰਾ ਪੈਸਾ ਅੰਮ੍ਰਿਤਸਰ ਪਹੁੰਚ ਰਿਹਾ ਸੀ। ਉਸ ਪੈਸੇ ਵਿਚੋਂ ਸਿੱਖਾਂ ‘ਤੇ ਕੁਝ ਵੀ ਖਰਚ ਨਹੀਂ ਹੋ ਰਿਹਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ‘ਚ ਭਾਰੀ ਰੋਸ ਸੀ।ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ, ਦਿੱਲੀ ਅਤੇ ਬਿਹਾਰ ਵਿਚ ਵੱਖਰੇ-ਵੱਖਰੇ ਐਸ. ਜੀ. ਪੀ. ਸੀ. ਹੈ, ਤਾਂ ਫਿਰ ਹਰਿਆਣਾ
ਕਮੇਟੀ ‘ਤੇ ਇੰਨਾ ਵਿਵਾਦ ਕਿਉਂ। ਬਾਦਲ ਅਤੇ ਅਕਾਲੀ ਦਲ ਦੀ ਟਕਰਾਅ ਦੀ ਨੀਤੀ ਨਾਲ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਨੂੰ ਨੁਕਸਾਨ ਉਠਾਉਣਾ ਪਿਆ। ਕਾਂਗਰਸ ਦੀ ਸੀਨੀਅਰ ਨੇਤਾ ਨੇ ਕਿਹਾ ਕਿ ਬਾਦਲ ਨੇ ਸਿੱਖਾਂ ਨੂੰ ਆਪਸ ਵਿਚ ਲੜਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ ਪਰ ਸਮੇਂ ‘ਤੇ ਅਕਾਲ ਤਖਤ ਨੇ ਟਕਰਾਅ ਟਾਲ ਦਿੱਤਾ, ਨਹੀਂ ਤਾਂ ਸਿੱਖਾਂ ਦਰਮਿਆਨ ਇਕ ਨਵਾਂ ਸਿਆਸੀ ਮੁੱਦਾ ਟਕਰਾਅ ਦਾ ਕਾਰਨ ਬਣਦਾ। ਉਨ੍ਹਾਂ ਨੇ ਕਿਹਾ ਕਿ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਹਰਿਆਣਾ ਐਸ. ਜੀ. ਪੀ. ਸੀ. ਦੇ ਗਠਨ ਦੀ ਚਿੰਤਾ ਹੈ ਪਰ ਵਹਿ ਰਹੀਆਂ ਨਸ਼ੀਲੇ ਪਦਾਰਥਾਂ ਦੀਆਂ ਨਦੀਆਂ ਦਾ ਕੋਈ ਖਿਆਲ ਨਹੀਂ।



