Skip to content
Independent perspectives. Global stories.
BREAKING

ਖਿਦਰਾਣੇ ਦੀ ਢਾਬ

Share this story

ਵਿਰਸੇ ਦੀ ਲੋਅ
ਲੇਖਕ :” ਜਸਵੀਰ ਸ਼ਰਮਾ ਦੱਦਾਹੂਰ
ਪ੍ਰਕਾਸ਼ਕ : ਨੈਸ਼ਨਲ ਬੁੱਕਸ਼ਾਪ, ਦਿੱਲੀ
ਮੁੱਲ : 150 ਰੁਪਏ
ਸਫੇ :111
‘ਵਿਰਸੇ ਦੀ ਲੋਅ’ ਜਸਵੀਰ ਸ਼ਰਮਾ ਦੱਦਾਹੂਰ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਇਸ ਵਿੱਚ 67 ਗੀਤ, ਕਵਿਤਾਵਾਂ, ਰੁਬਾਈਆਂ ਸ਼ਾਮਲ ਹਨ। ਕਵੀ ਨੇ ਸਫਾ ਨੰਬਰ 15 ’ਤੇ ਲਿਖਿਆ ਹੈ ਕਿ ਉਨ੍ਹਾਂ ਨੇ 58 ਸਾਲਾਂ ਦੀ ਉਮਰ ਵਿੱਚ 15 ਅਗਸਤ 2011 ਨੂੰ ਪਹਿਲੀ ਰਚਨਾ ‘ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਜੀ’ ’ਤੇ ਲਿਖੀ ਸੀ। ਇਸ ਰਚਨਾ ਵਿੱਚ ਕਵੀ ਨੇ ਦੇਸ਼ ਦਾ ਹੋਇਆ ਮਾੜਾ ਹਾਲ, ਭਗਤ ਸਿੰਘ ਜੀ ਨੂੰ ਦਸਦਿਆਂ ਅਤੇ ਉਨ੍ਹਾਂ ਨੂੰ ਮੁੜ ਆਉਣ ਲਈ ਕਿਹਾ ਹੈ।
ਨਛੱਤਰ ਸਿੰਘ ਖੀਵਾ ਜੀ ਅਤੇ ਸਾਹਿਤ ਸਭਾ (ਬਾਘਾਪੁਰਾਣਾ) ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਜੀ ਹੁਣਾਂ ਨੇ ਇਸ ਪੁਸਤਕ ਦਾ ਮੁੱਖ ਬੰਦ ਲਿਖਿਆ ਹੈ ਅਤੇ ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਜੀ ਨੇ ਕਵੀ ਦੇ ਬਾਰੇ ਲਿਖਿਆ ਹੈ ਕਿ ਉਸ ਨੂੰ ਗਾਉਣ ਦਾ ਸ਼ੌਕ ਹੈ । ਉਸ ਨੇ 12 ਰਚਨਾਵਾਂ ਗਾ ਕੇ, ਯੂ ਟਿਊਬ ’ਤੇ ਪਾਈਆਂ ਹੋਈਆਂ ਹਨ।
ਜਸਵੀਰ ਜੀ ਦੇ ਗੀਤਾਂ ਅਤੇ ਕਵਿਤਾਵਾਂ ਦੇ ਵਿਸ਼ੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਹਨ ਜੋ ਲੇਖਕ ਖਿਦਰਾਣੇ ਦੀ ਢਾਬ ’ਤੇ ਜਦੋਂ ਦਸਮੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਏ ਅਤੇ ਇਥੇ ਭੁੱਲਿਆਂ ਦੀ ਭੁੱਲ ਨੂੰ ਬਖਸ਼ ਕੇ ਮੁਕਤੀ ਦਿੱਤੀ। ਉਸ ਦਿਨ ਤੋਂ ਖਿਦਰਾਣੇ ਦਾ ਨਾਂ ਮੁਕਤਸਰ ਪੈ ਗਿਆ। ਖਿਦਰਾਣੇ ਵਿੱਚ ਗੁਰੂ ਜੀ ਨੇ ਆਖਰੀ ਵਾਰ ਲ਼ੜਾਈ ਲੜੀ ਸੀ। ‘ਸੇਵਾ ਗਊ ਮਾਤਾ ਦੀ’ ਗੀਤ ਵਿੱਚ ਗਊ ਦੀ ਸੇਵਾ ਕਰਨੀ, ਜੇ ਗਊ ਦੇ ਸੱਟ ਵੱਜੀ ਹੋਵੇ ਤਾਂ ਉਸ ’ਤੇ ਮੱਲ੍ਹਮ ਪੱਟੀ ਕਰਨੀ, ਜਿਨ੍ਹਾਂ ਨੂੰ ਗਊ ਦੀ ਸੇਵਾ ਕਰਨ ਦੀ ਚੇਟਕ ਲੱਗੀ ਹੋਵੇ ਉਹ ਸੇਵਾ ਕਰਨ ਲਈ ਨੰਗੇ ਪੈਰੀਂ ਭੱਜੇ ਆਉਂਦੇ ਹਨ। ਸਾਰਿਆਂ ਨੂੰ ਅਜਿਹੀ ਹੀ ਚੇਟਕ ਲੱਗਣੀ ਚਾਹੀਦੀ ਹੈ। ਭਲਾ ਕਰੋਗੇ ਤੇ ਭਲਾ ਹੋਵੇਗਾ। ‘ਵਿਰਸੇ ਦੀਆਂ ਬਾਤਾਂ’ ਕਵਿਤਾਵਾਂ ਵਿੱਚ ਪੁਰਾਤਨ  ਵਿਰਸੇ ਨੂੰ ਪ੍ਰੋਇਆ ਹੋਇਆ ਹੈ ਜਿਵੇਂ : ਚਰਖਾ, ਤੱਕਲਾ, ਮਾਲ੍ਹ, ਮੁੰਨੇ, ਮੰਝੇਰੂ, ਗਲੋਟੇ, ਛਿੱਕੂ, ਅਟੇਰਨ, ਊਰੀ, ਕੱਢਣ, ਕੱਤਣ, ਮਧਾਣੀ, ਚਾਟੀ, ਚੋਂਕੇ, ਚੁੱਲ੍ਹੇ, ਕੰਧਾਂ ਲਿਪਣੀਆਂ, ਕੰਧੋਲੀ, ਨਿੰਮਾਂ ਥੱਲੇ ਮੰਜੇ ਡਾਉਣੇ, ਖੂਹ ਟਿੰਢਾਂ ਵਾਲੇ ਆਦਿ ਦੀ ਗੱਲ ਕੀਤੀ ਹੈ ਅਤੇ ਸਾਰੇ ਸ਼ਬਦਾਂ ਵਿੱਚ ਪੂਰਾ ਸੰਗੀਤ ਭਰਿਆ ਹੈ। ‘ਕੁਝ ਤੇ ਸੋਚ ਵਿਚਾਰੋ’ ਕਵਿਤਾ ਦੀਆਂ ਕੁਝ ਸਤਰ੍ਹਾਂ :-

ਕਾਹਤੋਂ ਵਿੱਚ ਗਰਭ ਦੇ ਹੱਤਿਆ ਕਰਦੇ ਧੀਆਂ ਦੀ,
ਮੇਰੇ ਦੇਸ਼ ਵਾਸੀਓ, ਕੁਝ ਤੇ ਸੋਚ ਵਿਚਾਰੋ।
ਲਹਿੰਦਾ ਸੱਤ ਜਨਮ ਨਹੀਂ ਪਾਪ ਹੈ ਐਸੇ ਕੁਕਰਮਾਂ ਦਾ,
ਵੀਰੋਂ ਥੋੜ੍ਹਾ ਜਿਹਾ ਤੁਸੀਂ ਹੱਥ ਅਕਲ ਨੂੰ ਮਾਰੋਂ।
ਧੀ ਤਾਂ ਇੱਜ਼ਤ ਹੁੰਦੀ, ਸਿਆਣੇ ਕਹਿੰਦੇ ਮਾਪਿਆਂ ਦੀ,
ਆਈ ਲਛਮੀਂ ਨੂੰ ਨਾ ਬੂਹੇ ਤੋਂ ਦੁਰਕਾਰੋ।
ਖਾਨਦਾਨ ਨੂੰ ਵਧਦਾ ਜੇਕਰ ਵੇਖਣਾ ਚਾਹੁੰਦੇ ਹੋ।
ਬਹਿ ਕੇ ਵਿੱਚ ਇਕਾਂਤ ਦੇ ਥੋੜ੍ਹਾ ਜਿਹਾ ਵਿਚਾਰੋ।
ਇਸ ਪੁਸਤਕ ਵਿਚਲੇ ਸਭ ਗੀਤ, ਕਵਿਤਾਵਾਂ ਬਹੁਤ ਹੀ ਖੂਬਸੂਰਤ ਅਤੇ ਅਨੋਖੇ ਢੰਗ ਨਾਲ ਖਿਲੇ ਹਨ।
ਹਰ ਗੀਤ, ਕਵਿਤਾ ਕੋਈ ਨਾ ਕੋਈ ਸੁਨੇਹਾ ਦਿੰਦੇ ਹਨ। ਕਵੀ ਦੀ ਸਮੁੱਚੀ ਸੋਚ ਅਤੇ ਸੁਚੱਜੀ ਕਲਮ ਸੱਚ ’ਤੇ ਪਹਿਰਾ ਦਿੰਦੀ ਹੈ। ਉਨ੍ਹਾਂ ਦੀ ਦੂਜੀ ਪੁਸਤਕ ‘ਵਿਰਸੇ ਦੀ ਖੁਸ਼ਬੂ’ ਵੀ ਜਲਦ ਛੱਪ ਰਹੀ ਹੈ। ਜਸਵੀਰ ਸ਼ਰਮਾ ਜੀ ਨੂੰ ਪਹਿਲੀ ਇਸ ਪੁਸਤਕ ਦੀਆਂ ਬਹੁਤ-ਬਹੁਤ ਮੁਬਾਰਕਾਂ/ਸਾਹਿਤ ਖੇਤਰ ਵਿੱਚ ‘ਵਿਰਸੇ ਦੀ ਲੋਅ’ ਕਿਤਾਬ ਦਾ ਸਵਾਗਤ ਹੈ ਅਤੇ ਕਵੀ ਦੀ ਸਮੁੱਚੀ ਸੋਚ ਤੇ ਕਲਮ ਨੂੰ ਸਲਾਮ।

WRITTEN BY