ਡੀ.ਜੀ.ਪੀ. ਨੂੰ ਕਾਂਗਰਸੀ ਵਿਧਾਇਕ ਦੀ ਨਸ਼ਿਆਂ੍ਯ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਦਾ ਮਾਮਲਾ ਵੇਖਣ ਦੇ ਹੁਕਮ
ਜਲੰਧਰ/ਚੰਡੀਗੜ੍ਹ, 21 ਜੁਲਾਈ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਸਰਕਾਰ ਸਿਆਸੀ ਬਦਲਾਖੋਰੀ ਵਿਚ ਯਕੀਨ ਨਹੀਂ ਰੱਖਦੀ ਤੇ ਇਹ ਕਦੇ ਵੀ ਸਾਡੇ ਏਜੰਡੇ ’ਤੇ ਨਹੀਂ ਸੀ। ਅੱਜ ਇੱਥੇ ਵਿਧਾਨ ਸਭਾ ਵਿਚ ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਨਸ਼ਿਆਂ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਡੀ.ਜੀ.ਪੀ. ਨੂੰ ਪਹਿਲਾਂ ਹੀ ਕਿਹਾ ਹੈ ਕਿ ਉਹ ਮਾਮਲੇ ਦੇ ਸਾਰੇ ਤੱਥ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਤੇ ਕਿਸੇ ਵੀ ਨਿਰਦੋਸ਼ ਨੂੰ ਡਰਨ ਦੀ ਕੋਈ ਲੋੜ ਨਹੀਂ। ਉਨਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਜਿਹੇ ਸੰਜੀਦਾ ਮਾਮਲੇ ’ਤੇ ਕੋਈ ਰਾਜਨੀਤੀ ਨਾ ਕਰਨ ਕਿਉਂ ਜੋ ਇਸ ਨਾਲ ਨਾ ਸਿਰਫ
ਸਬੰਧਿਤ ਵਿਅਕਤੀ ਸਗੋਂ ਪੂਰੇ ਸੂਬੇ ਦੀ ਬਦਨਾਮੀ ਹੁੰਦੀ ਹੈ। ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੁਲਿਸ ਵਲੋਂ ਨਸ਼ਾ ਸਪਲਾਈ ਕਰਨ ਵਾਲਿਆਂ੍ਯ ਨੂੰ ਕਾਬੂ ਕਰਨ ਦੀ ਯੋਜਨਾ ਸਫਲਤਾ ਪੂਰਵਕ ਲਾਗੂ ਕੀਤੀ ਗਈ ਹੈ ਕਿਉਂ ਜੋ ਪੰਜਾਬ ਵਿਚ ਨਸ਼ਾ ਉਤਪਾਦਨ ਨਹੀਂ ਹੁੰਦਾ ਸਗੋਂ ਸੂਬਾ ਤਸਕਰੀ ਲਈ ਰੂਟ ਵਜੋਂ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਕੇਂਦਰੀ ਏਜੰਸੀਆਂ ਤੇ ਬੀ.ਐਸ.ਐਫ. ਨੇ ਕਰਨਾ ਸੀ ਉਹ ਵੀ ਪੰਜਾਬ ਪੁਲਿਸ ਨੇ ਕੀਤਾ ਹੈ ਤੇ ਸਰਹੱਦ ਰਾਹੀਂ ਨਸ਼ਿਆਂ ਦੀ ਤਸਕਰੀ ਨੂੰ ਰੋਕਿਆ ਹੈ। ਸ. ਬਾਦਲ ਨੇ ਦੱਸਿਆ ਕਿ 2002 ਵਿਚ ਜਿੱਥੇ ਨਸ਼ਾ ਤਸਕਰਾਂ ਨੂੰ ਸਜ਼ਾ ਮਿਲਣ ਦੀ ਦਰ 47 ਫੀਸਦੀ ਸੀ, ਉੰਥੇ ਉਹ 2012 ਵਿਚ ਵਧਕੇ 73 ਫੀਸਦੀ, 2013 ਵਿਚ 80.5 ਫੀਸਦੀ ਤੇ 2014 ਵਿਚ 81.2 ਫੀਸਦੀ ਹੋ ਗਈ ਹੈ।
ਬਹਿਸ ਦੌਰਾਨ ਭਾਗ ਲੈਂਦਿਆਂ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਨਸ਼ੇ ਜਿਹਾ ਗੰਭੀਰ ਮੁੱਦਾ ਸੂੁਬੇ ਸਿਆਸੀ ਮੁਫਾਦਾਂ ਲਈ ਮਜਾਕ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨਾਂ ਦਾ ਨਾਮ ਬੇਵਜਾ ਨਸ਼ਾ ਤਸਕਰੀ ਵਿਚ ਘਸੀਟਿਆ ਗਿਆ ਜਿਸ ਕਾਰਨ ਉਨ੍ਹਾਂ ਨੂੰ ਵੱਡੀ ਮਾਨਸਿਕ, ਸਮਾਜਿਕ ਪੀੜ੍ਹਾ ਉਠਾਉਣੀ ਪਈ ਹੈ। ਉਨ੍ਹਾਂ ਕਿਹਾ ਕਿ 5 ਕੇਂਦਰੀ ਏਜੰਸੀਆਂ ਵਲੋਂ ਜਾਂਚ ਦੌਰਾਨ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਪਾਇਆ ਗਿਆ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਉਨ੍ਹਾਂ ਵਿਰੁੱਧ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਕੇਸ ਦਾਇਰ ਕਰਨ ਮਗਰੋਂ ਹਾਈਕੋਰਟ ਵਲੋਂ ਵੀ ਉਨ੍ਹਾਂ ਨੂੰ ਬੇਕਸੂਰ ਐਲਾਨਿਆ ਗਿਆ, ਪਰ ਫਿਰ ਵੀ ਉਨ੍ਹਾਂ ਦੇ ਨਾਮ ਨੂੰ ਨਸ਼ਾ ਤਸਕਰੀ ਵਿਚ ਘੜੀਸਿਆ ਜਾ ਰਿਹਾ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਕਿਹਾ ਕਿ ਅਜਿਹੇ ਮੁੱਦੇ ’ਤੇ ਦੋਹਰੇ ਮਾਪਦੰਡ ਨਾ ਅਪਣਾਏ ਜਾਣ ਤੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਸਰਬਸੰਮਤੀ ਬਣਾਈ ਜਾਵੇ।



