ਇਲਾਹਾਬਾਦ, 21 ਜੁਲਾਈ (ਪੀ. ਟੀ)- ਪ੍ਰਿਅੰਕਾ ਗਾਂਧੀ ਵਾਡਰਾ ਨੂੰ ਕਾਂਗਰਸ ਦੀ ਕਮਾਨ ਸੌਂਪਣ ਦੇ ਲਈ ਸ਼ਹਿਰ ‘ਚ ਇਕ ਪਾਸੇ ਬੈਨਰ ਲਗਾਇਆ ਗਿਆ ਹੈ। ਬੈਨਰ ‘ਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਉਸ ਦੀ ਪੁੱਤਰੀ ਪ੍ਰਿਅੰਕਾ ਨੂੰ ਰਾਜਨੀਤੀ ‘ਚ ਲਿਆਉਂਣ ਦੀ ਗੁਹਾਰ ਲਗਾਈ ਗਈ ਹੈ। ਬੈਨਰ ਸ਼ਹਿਰ ਦੇ ਵਿਚਕਾਰ ਸਿਵਲ ਲਾਈਨ ‘ਚ ਲਗਾਇਆ ਗਿਆ ਹੈ। ਬੈਨਰ ‘ਚ ਪ੍ਰਿਅੰਕਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰਾਜਨੀਤੀ ‘ਚ ਆਉਣ ਤਾਕਿ ਭਾਜਪਾ ਦੇ ਨਵ-ਨਿਯੁਕਤ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਬਰਾਬਰ ਦੀ ਟੱਕਰ ਦਿੱਤੀ ਜਾ ਸਕੇ। ਬੈਨਰ ‘ਚ ਪ੍ਰਿਅੰਕਾ ਤੇ ਸੋਨੀਆ ਗਾਂਧੀ ਦੀਆਂ ਤਸਵੀਰਾਂ ਨਾਲ ਸ਼ਹਿਰੀ ਪ੍ਰਧਾਨ ਹਸੀਬ ਅਹਿਮਦ ਤੇ ਸ਼ੀਰਿਸ਼ ਚੰਦਰ ਦੂਬੇ ਦੀਆਂ ਵੀ ਤਸਵੀਰਾਂ ਲੱਗੀਆਂ ਹੋਈਆਂ ਹਨ। ਬੈਨਰ ‘ਚ ਇਹ ਵੀ ਲਿਖਿਆ
ਗਿਆ ਹੈ ਕਿ ਅਗਰ ਸ਼ਾਹ ਨੂੰ ਦੇਣੀ ਹੈ ਮਾਤ, ਤਾਂ ਪ੍ਰਿਅੰਕਾ ਨੂੰ ਸੌਂਪ ਦੋ ਕਮਾਨ। ਅਹਿਮਦ ਤੇ ਦੂਬੇ ਉਹੀ ਨੇਤਾ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਸਿਵਲ ਲਾਈਨ ‘ਚ ਵਿਵਾਦਪੂਰਨ ਬੈਨਰ ਲਗਾਉਣ ਲਈ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਬੈਨਰ ‘ਚ ਸੋਨੀਆ ਤੇ ਪ੍ਰਿਅੰਕਾ ਦੀਆਂ ਤਸਵੀਰਾਂ ਤਾਂ ਲੱਗੀਆਂ ਹੋਈਆਂ ਹਨ ਪਰ ਪਾਰਟੀ ਉੱਪ ਪ੍ਰਧਾਨ ਰਾਹੁਲ ਗਾਂਧੀ ਦੀ ਤਸਵੀਰ ਨਹੀਂ ਲੱਗੀ ਹੋਈ। ਬੈਨਰ ‘ਚ ਦੋਵਾਂ ਰਾਜ ਨੇਤਾਵਾਂ ਨੇ 129 ਸਾਲ ਪੁਰਾਣੀ ਪਾਰਟੀ ਨੂੰ ਪੁਨਰਜੀਵਤ ਕਰਨ ਲਈ ਪ੍ਰਿਅੰਕਾ ਨੂੰ ਪਾਰਟੀ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ। ਬੈਨਰ ਲੱਗਣ ਦੇ ਬਾਅਦ ਵਿਰੋਧੀ ਪਾਰਟੀਆਂ ਨੂੰ ਕਾਂਗਰਸ ਅਤੇ ਉਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ‘ਤੇ ਹਮਲਾ ਬੋਲਣ ਦਾ ਮੌਕਾ ਮਿਲ ਗਿਆ ਹੈ।



