ਜਸਟਿਸ ਕਾਟਜੂ ਨੇ ਨਿਆਂ ਪਾਲਕਾ ਵਿੱਚ ਵੱਡੇ ਭ੍ਰਿਸ਼ਟਾਚਾਰ ਦਾ ਖੁਲਾਸਾ
ਨਵੀਂ ਦਿੱਲੀ, 21 ਜੁਲਾਈ (ਪੀ. ਟੀ. ਲਾਇਵ)- ਭਾਰਤੀ ਨਿਆਂ ਪਾਲਕਾ ’ਚ ਕਥਿਤ ਭ੍ਰਿਸ਼ਟਾਚਾਰ ਸਬੰਧੀ ਸੇਵਾਮੁਕਤ ਜੱਜ ਮਾਰਕੰਡਾ ਕਾਟਜੂ ਦੇ ਖੁਲਾਸੇ ਉਪਰ ਸਿਆਸੀ ਘੰਮਸਾਨ ਮਚ ਗਿਆ ਹੈ। ਇਸ ਦੀ ਗੂੰਜ ਸੋਮਵਾਰ ਨੂੰ ਸੰਸਦ ’ਚ ਵੀ ਸੁਣਾਈ ਦਿੱਤੀ। ਖੁਲਾਸੇ ਉਪਰ ਹੰਗਾਮੇ ਤੋਂ ਬਾਅਦ ਰਾਜਸਭਾ ਦੀ ਕਾਰਵਾਈ ਨੂੰ ਅੱਗੇ ਪਾਉਣਾ ਪਿਆ। ਜਸਟਿਸ ਕਾਟਜੂ ਦੇ ਦਾਅਵੇ ਉਪਰ ਕਾਂਗਰਸ ਨੇ ਬਚਾਓ ਦਾ ਮੋਰਚਾ ਸੰਭਾਲ ਲਿਆ ਹੈ। ਕਾਂਗਰਸੀ ਨੇਤਾ ਰਾਸਿਬ ਅਲਬੀ ਨੇ ਕਿਹਾ ਹੈ ਕਿ ਜਸਟਿਸ ਕਾਟਜੂ ਖਬਰਾਂ ਵਿੱਚ ਬਣੇ ਰਹਿਣ ਲਈ ਅਜਿਹੇ ਦਾਅਵੇ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਸਟਿਸ ਕਾਟਜੂ ਐਨ ਡੀ ਏ ਸਰਕਾਰ ਨਾਲ ਨਜ਼ਦੀਕੀ ਵਧਾਉਣਾ ਚਾਹੁੰਦੇ ਹਨ ਇਸ ਲਈ ਹੀ ਉਨ੍ਹਾਂ ਨੇ ਅਜਿਹਾ ਲੇਖ
ਲਿਖਿਆ ਹੈ। ਉਨ੍ਹਾਂ ਕਿਹਾ ਕਿ ਜੱਜਾਂ ਦੀ ਨਿਯੁਕਤੀ ਇੱਕ ਪ੍ਰਕਿਰਿਆ ਤਹਿਤ ਹੁੰਦੀ ਹੈ ਇਸ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਉਣਾ ਗਲਤ ਹੈ। ਦੋ ਹੋਰ ਕਾਂਗਰਸੀ ਨੇਤਾਵਾਂ ਸ੍ਰੀ ਵੀਰੱਪਾ ਮੋਇਲੀ ਅਤੇ ਸ੍ਰੀ ਰਜਵੀ ਸ਼ੁਕਲਾ ਨੇ ਸ੍ਰੀ ਅਲਬੀ ਦੇ ਬਿਆਨ ਦਾ ਸਮਰਥਨ ਕਰਦੇ ਕਿਹਾ ਹੈ ਕਿ ਜੇਕਰ ਜਸਟਿਸ ਕਾਟਜੂ ਇਸ ਮੁੱਦੇ ’ਤੇ ਗੰਭੀਰ ਸਨ ਤਾਂ ਇਹ ਮੁੱਦਾ ਉਸ ਵੇਲੇ ਕਿਉਂ ਨਹੀਂ ਉਠਾਇਆ ਗਿਆ। ਸੀ ਪੀ ਆਈ ਨੇਤਾ ਸ੍ਰੀ ਡੀ ਰਾਜਾ ਨੇ ਵੀ ਇਸ ਖੁਲਾਸੇ ਦੇ ਸਮੇਂ ਉਪਰ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਜੱਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ’ਚ ਕੁਝ ਕਮੀ ਹੈ ਅਤੇ ਇਹ ਸਿਸਟਮ ਹਰ ਕਿਸੇ ਨੂੰ ਮਨਜ਼ੂਰ ਨਹੀਂ ਹੈ। ਇਸ ਲਈ ਵਕਤ ਆ ਗਿਆ ਹੈ ਕਿ ਨਿਆਂ ਪਾਲਕਾ ਦੀ ਜਵਾਬਦੇਹੀ ਤਹਿ ਕਰਨ ਹਿੱਤ ਕੌਮੀ ਪੱਧਰ ’ਤੇ ਨਿਆਂਇਕ ਕਮਿਸ਼ਨ ਬਣਾਇਆ ਜਾਵੇ।
ਇਹ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕਾਟਜੂ ਨੇ ਨਿਆਂ ਪਾਲਕਾ ’ਚ ਭ੍ਰਿਸ਼ਟਾਚਾਰ ਦਾ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਤਮਿਲਨਾਡੂ ਦੀ ਇੱਕ ਜ਼ਿਲ੍ਹਾ ਅਦਾਲਤ ਦੇ ਜੱਜ ਉਪਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹੋਣ ਦੇ ਬਾਵਜੂਦ ਉਸ ਨੂੰ ਮਦਰਾਸ ਹਾਈਕੋਰਟ ਦਾ ਅਡੀਸ਼ਨਲ ਜੱਜ ਬਣਾਇਆ ਗਿਆ। ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਸਰਕਾਰ ਉਪਰ ਭ੍ਰਿਸ਼ਟ ਜੱਜ ਨੂੰ ਬਚਾਉਣ ਦਾ ਦੋਸ਼ ਲਾਇਆ ਹੈ। ਜਸਟਿਸ ਕਾਟਜੂ ਨੇ ਸੁਪਰੀਮ ਕੋਰਟ ਦੇ ਤਿੰਨ ਮੁੱਖ ਜੱਜਾਂ ਉਪਰ ਵੀ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਹਨ। ਜਸਟਿਸ ਕਾਟਜੂ ਮੁਤਾਬਿਕ ਡਾ. ਮਨਮੋਹਨ ਸਿੰਘ ਨੇ ਆਪਣੀ ਸਰਕਾਰ ਨੂੰ ਬਚਾਉਣ ਲਈ ਇੱਕ ਭ੍ਰਿਸ਼ਟ ਸ਼ਖਸ ਨੂੰ ਮਦਰਾਸ ਹਾਈਕੋਰਟ ਦਾ ਅਡੀਸ਼ਨਲ ਜੱਜ ਬਣਿਆ ਰਹਿਣ ਦਿੱਤਾ। ਉਸ ਸਮੇਂ ਭਾਰਤ ਦੇ ਚੀਫ ਜਸਟਿਸ ਆਰ ਸੀ ਲਹੋਟੀ ਨੇ ਇਸ ਗੱਲ ਖਿਲਾਫ ਕੋਈ ਆਵਾਜ ਨਹੀਂ ਉਠਾਈ ਅਤੇ ਸਰਕਾਰ ਦੀ ਗੱਲ ਨੂੰ ਮੰਨ ਲਿਆ। ਆਉਣ ਵਾਲੇ ਦਿਨਾਂ ’ਚ ਇਸ ਮੁੱਦੇ ’ਤੇ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਇਹ ਮਾਮਲਾ ਕਾਫੀ ਤੂਲ ਫੜ੍ਹਦਾ ਨਜ਼ਰ ਆ ਰਿਹਾ ਹੈ।



