Skip to content
Independent perspectives. Global stories.
BREAKING

ਇਤਿਹਾਸ ਦੇ ਪੰਨੇ ਫਰੋਲਦੀ ਫ਼ਿਲਮ ’47 ਟੂ 84′

Share this story

ਫ਼ਿਲਮ ਦਾ ਇਕ ਦ੍ਰਿਸ਼।
image ’47 ਦੀ ਵੰਡ ਦੀਆਂ ਕਹਾਣੀਆਂ ਅਸੀਂ ਛੋਟੇ ਹੁੰਦਿਆਂ ਅਕਸਰ ਸੁਣਦੇ ਰਹੇ ਹਾਂ ਕਿ ਕਿਵੇਂ ਹਿੰਦੂ-ਸਿੱਖ ਤੇ ਮੁਸਲਮਾਨ ਭਰਾਵਾਂ ‘ਚ ਮਜ਼੍ਹਬ ਦੇ ਨਾਂ ‘ਤੇ ਵੰਡੀਆਂ ਪਾ ਕੇ ਲਹੂ ਵਹਾਇਆ ਗਿਆ। ਖੁਸ਼ਵੰਤ ਸਿੰਘ ਦੇ ਨਾਵਲ ‘ਤੇ ਬਣੀ ਫਿਲਮ ‘ਏ ਟਰੇਨ ਟੂ ਪਾਕਿਸਤਾਨ’, ਦਾਰਾ ਸਿੰਘ ਦੀ ਫਿਲਮ ‘ਸਵਾ ਲਾਖ ਸੇ ਏਕ ਲੜਾਊਂ’, ਗੁਰਦਾਸ ਮਾਨ ਦੀ ‘ਸ਼ਹੀਦ-ਏ- ਮੁਹੱਬਤ ਬੂਟਾ ਸਿੰਘ’ ਅਤੇ ‘ਗ਼ਦਰ-ਏਕ ਪ੍ਰੇਮ ਕਥਾ’ ਫਿਲਮਾਂ ਭਾਰਤ-ਪਾਕਿ ਵੰਡ ਦੀ ਕਹਾਣੀ ਨੂੰ ਹੀ ਪੇਸ਼ ਕਰਦੀਆਂ ਹਨ। 1947 ਤੋਂ ਬਾਅਦ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਦੀ ਹੱਤਿਆ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਇਕ ਫਿਰਕੇ ਪ੍ਰਤੀ ਭੜਕੇ ਦੰਗਿਆਂ ਨੇ ਜਿੱਥੇ ਸਾਰੇ ਦੇਸ਼ ਨੂੰ ਹਲੂਣਿਆ, ਉੱਥੇ ’47 ਦੀਆਂ ਕੌੜੀਆਂ ਯਾਦਾਂ ਇਕ ਵਾਰ ਫਿਰ ਲੋਕ ਮਨਾਂ ‘ਚ ਤਾਜ਼ਾ ਹੋ ਗਈਆਂ। 1947

ਤੋਂ ਬਾਅਦ 1984 ਦੇ ਖ਼ੂਨੀ ਕਾਂਡ ਦੇ ਸੱਚ ਨੂੰ ਫਿਲਮੀ ਪਰਦੇ ‘ਤੇ ਉਤਾਰਨ ਦਾ ਯਤਨ ਨੌਜਵਾਨ ਨਿਰਦੇਸ਼ਕ ਰਾਜੀਵ ਸ਼ਰਮਾ ਨੇ ਆਪਣੀ ਨਵੀਂ ਫ਼ਿਲਮ ’47 ਟੂ 84- ਹੁਣ ਮੈਂ ਕਿਸ ਨੂੰ ਵਤਨ ਕਹੂੰਗਾ’ ਵਿੱਚ ਕੀਤਾ ਹੈ। ਰਾਜੀਵ ਦੀ ਵਿਲੱਖਣਤਾ ਹੈ ਕਿ ਉਹ ਉਨ੍ਹਾਂ ਵਿਸ਼ਿਆਂ ‘ਤੇ ਫ਼ਿਲਮ ਬਣਾਉਣ ਦਾ ਹੀਆ ਵਿਖਾਉਂਦਾ ਹੈ ਜੋ ਜਿਉਂਦਾ ਜਾਗਦਾ ਸੱਚ ਹੋਵੇ। ਇਸ ਤੋਂ ਪਹਿਲਾਂ ਉਸ ਦੀ ਫ਼ਿਲਮ ‘ਨਾਬਰ’ ਵੀ ਚਰਚਾ ਦਾ ਵਿਸ਼ਾ ਬਣੀ ਸੀ।
ਫ਼ਿਲਮ ’47 ਟੂ 84′ ਦੀ ਕਹਾਣੀ ਉਨ੍ਹਾਂ ਸੱਚੀਆਂ ਅਤੇ ਦਰਦਨਾਕ ਘਟਨਾਵਾਂ ‘ਤੇ ਆਧਾਰਤ ਹੈ ਜਿਸ ਦਾ ਸੰਤਾਪ ਕਈ ਪਰਿਵਾਰਾਂ ਨੇ ਪਹਿਲਾਂ ’47 ਦੀ ਵੰਡ ਸਮੇਂ ਲਾਹੌਰ ਵਿੱਚ ਭੁਗਤਿਆ ਅਤੇ ਫਿਰ ’84 ਵਿੱਚ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਵਾਪਰੇ ਸਿੱਖ ਵਿਰੋਧੀ ਦੰਗਿਆਂ ਦੇ ਰੂਪ ਵਿੱਚ ਮੁੜ ਆਪਣੇ ਪਿੰਡੇ ‘ਤੇ ਹੰਢਾਇਆ। ਅਜਿਹੀ ਖ਼ੌਫਨਾਕ ਤਬਾਹੀ ਜਿਸ ਨੇ ਸਿੱਖਾਂ ਨੂੰ ਆਪਣੇ ਹੀ ਘਰਾਂ ਵਿੱਚੋਂ ਬੇਦਖਲ ਕਰ ਦਿੱਤਾ। 1947 ਵਿੱਚ ਜੋ ਕੁਝ ਵਾਪਰਿਆ ਉਹ ਤਾਂ ਨਾ ਚਾਹੁੰਦੇ ਹੋਏ ਵੀ ਸਾਡੇ ਉਪਰ ਪੈ ਗਿਆ ਪਰ ‘Ð84 ਵਿੱਚ ਜੋ ਕੁਝ ਵਾਪਰਿਆ ਉਹ ਤਾਂ ਇਕ ਫਿਰਕੇ ‘ਤੇ ਕੀਤਾ ਗਿਆ ਸਾਜ਼ਿਸ਼ੀ ਜ਼ੁਲਮ ਸੀ। ਆਪਣੇ ਹੀ ਮੁਲਕ ਵਿੱਚ ਅਜਿਹਾ ਵਾਪਰਨਾ ਕਈ ਸੁਆਲ ਖੜ੍ਹੇ ਕਰ ਗਿਆ। ਜਦੋਂ ਕਿਸੇ ਵੀ ਕੌਮ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜ਼ੁਲਮ ਜਾਂ ਬੇਇਨਸਾਫੀ ਹੁੰਦੀ ਹੈ ਤਾਂ ਉੱਥੋਂ ਦੀ ਨੌਜਵਾਨ ਪੀੜ੍ਹੀ ‘ਤੇ ਇਸ ਦਾ ਅਸਰ ਅੰਦਾਜ਼ ਹੋਣਾ ਸੁਭਾਵਿਕ ਹੈ ਅਤੇ ਅਜਿਹੇ ਹਾਲਾਤਾਂ ਵਿੱਚ ਪੈਦਾ ਹੋਏ ਜਜ਼ਬਾਤਾਂ ਨੇ ਆਪਣਾ ਰੰਗ ਤਾਂ ਵਿਖਾਉਣਾ ਹੈ, ਜੋ ਕਿ ਇਸ ਫ਼ਿਲਮ ਦਾ ਵੀ ਹਿੱਸਾ ਹੈ।
ਇੱਥੇ ਹੀ ਬੱਸ ਨਹੀਂ ’84 ਦੀ ਇਸ ਵਹਿਸ਼ੀਆਨਾ ਕਾਰਵਾਈ ਖ਼ਿਲਾਫ਼ ਫਿਰਕੇ ਦੇ ਨੌਜਵਾਨਾਂ ਨੇ ਜਦੋਂ ਖੁਦ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਠਾਣ ਲਈ ਤਾਂ ਕੁਝ ਦਹਿਸ਼ਤਪਸੰਦਾਂ ਨੂੰ ਖ਼ਤਮ ਕਰਨ ਦੀ ਆੜ ਵਿੱਚ ਪੁਲੀਸ ਨੇ ਨਿਰਦੋਸ਼ ਲੋਕਾਂ ਨੂੰ ਹੀ ਝੂਠੇ ਪੁਲੀਸ ਮੁਕਾਬਲਿਆਂ ਦਾ ਸਹਾਰਾ ਲੈ ਕੇ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ। ਇਹ ਫ਼ਿਲਮ ਥਾਣਿਆਂ ਵਿਚ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਨ ਅਤੇ ਧੀਆਂ-ਭੈਣਾਂ ਦੀ ਪੱਤ ਲੁੱਟਣ ਜਿਹੀਆਂ ਤਲਖ ਹਕੀਕਤਾਂ ਨੂੰ ਬਿਆਨ ਕਰਦੀ ਹੈ। ਫ਼ਿਲਮ ਦੀ ਕਹਾਣੀ ਕੈਨੇਡਾ ਤੋਂ ਸ਼ੁਰੂ ਹੋ ਕੇ ਕੈਨੇਡਾ ਵਿੱਚ ਹੀ ਖ਼ਤਮ ਹੁੰਦੀ ਹੈ, ਜਿਸ ਵਿੱਚ ਇਕ ਔਰਤ ਦੀ ਪੀੜ ਲੁਕੀ ਹੋਈ ਹੈ। ਇਸ ਨੇ ਪਹਿਲਾਂ 47 ਦਾ ਤੇ ਮਗਰੋਂ 84 ਦਾ ਦਰਦ ਆਪਣੀ ਅੱਖੀਂ ਹੰਢਾਇਆ ਹੈ। ਤਿੰਨ ਦਹਾਕਿਆਂ ਤੋਂ ਇਨਸਾਫ਼ ਵਿਹੂਣੇ ਪਰਿਵਾਰਾਂ ਦੀ ਪੀੜ ਭਰੀ ਦਾਸਤਾਨ ਅਤੇ ਦੇਸ਼ ਦੀ ਜਮਹੂਰੀਅਤ ਦਾ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਆ ਇਸ ਫ਼ਿਲਮ ਦਾ ਹਿੱਸਾ ਹੈ।
ਫ਼ਿਲਮ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦੀ ਜੇ ਗੱਲ ਕਰੀਏ ਤਾਂ ਨਿਰਦੇਸ਼ਕ ਰਾਜੀਵ ਸ਼ਰਮਾ ਨੇ ਫ਼ਿਲਮ ਇੰਡਸਟਰੀ ਦੇ ਮਕਬੂਲ ਚਿਹਰਿਆਂ ਦੀ ਥਾਂ ਥੀਏਟਰ ਦੇ ਸਾਧਾਰਨ ਪਰ ਤਜਰਬੇਕਾਰ  ਤੇ ਮੰਝੇ ਹੋਏ ਕਲਾਕਾਰਾਂ ਨੂੰ ਫ਼ਿਲਮ ਦਾ ਹਿੱਸਾ ਬਣਾਇਆ ਹੈ ਜਿਨ੍ਹਾਂ  ਵਿੱਚ ਜ਼ਫਰ ਢਿੱਲੋਂ, ਨੀਲਮ ਸਿਵਿਆ, ਨਤਾਸ਼ਾ, ਆਸ਼ੀਸ਼ ਦੁੱਗਲ, ਮਹਾਵੀਰ ਭੁੱਲਰ, ਅਰਵਿੰਦਰ ਭੱਟੀ, ਹਰਦੀਪ ਗਿੱਲ, ਗੁਰਜੀਰ ਢਿੱਲੋਂ ਦਾ ਨਾਂ ਪ੍ਰਮੁੱਖ ਹੈ। ਫ਼ਿਲਮ ਦੀ ਕਹਾਣੀ ਲਾਲੀ ਗਿੱਲ ਜਦ ਕਿ ਸੰਗੀਤ ਰਵੀ ਸ਼ੀਨ ਦਾ ਹੈ।
-ਸੁਰਜੀਤ ਜੱਸਲ
ਸੰਪਰਕ: 98146-07737

WRITTEN BY