ਨਚੰਡੀਗੜ੍ਹ, 15 ਜੁਲਾਈ (ਨੀਲ ਭਲਿੰਦਰ ਸਿੰਘ) – ਸਾਲ 2011 ਦੀ ਦੀਵਾਲੀ ਦੀ ਰਾਤ ਅੰਮ੍ਰਿਤਸਰ ਸ਼ਹਿਰ ‘ਚ ਬੇਪਰਦਾ ਹੋਏ ਇੱਕ ਅਤਿ ਹਾਈ-ਪ੍ਰੋਫਾਈਲ ਤੇ ਪੰਜਾਬ ਪੁਲਿਸ ਦੀ ਸ਼ੱਕੀ ਕਾਰਗੁਜਾਰੀ ਵਾਲੇ ਜੂਆ ਕਾਂਡ ਦੀਆਂ ਪਰਤਾਂ ਹੁਣ ਮੁੜ ਖੁਲ੍ਹਣ ਜਾ ਰਹੀਆਂ ਹਨ। ਹਾਈਕੋਰਟ ਵੱਲੋਂ ਇਸ ਬਾਰੇ ਪੁਲਿਸ ਦੁਆਰਾ ਕੁੱਝ ਮਹੀਨੇ ਪਹਿਲਾਂ ਉੱਥੇ ਦੋ ਸਥਾਨਕ ਅਦਾਲਤ ‘ਚ ਦੋਸ਼ੀ ਪੁਲਿਸ ਵਾਲਿਆਂ ਖਿਲਾਫ਼ ਪੇਸ਼ ਕੀਤੇ ਗਏ ਚਲਾਨ ਦੀ ਨਕਲ ਤਲਬ ਕਰ ਲਈ ਗਈ ਹੈ। ਇਸ ਮਾਮਲੇ ‘ਚ ਹਾਈਕੋਰਟ ਦੇ ਹੀ ਦਖਲ ਮਗਰੋਂ ਆਈ.ਜੀ. ਕ੍ਰਾਇਮ ਐੱਸ.ਐੱਸ. ਚੌਹਾਨ ਵੱਲੋਂ ਆਪਣੀ ਜਾਂਚ ਰਿਪੋਰਟ ‘ਚ ਸ਼ਹਿਰ ਦੇ ਗੇਟ ਹਕੀਮਾਂ ਪੁਲਿਸ ਥਾਣੇ ਦੇ ਤਤਕਾਲੀ ਐੱਸ.ਐਚ.ਓ. ਜਗਬੀਰ ਸਿੰਘ, ਗੰਨਮੈਨ ਸ਼ਮਸ਼ੇਰ ਸਿੰਘ ਤੇ ਏ.ਸੀ.ਪੀ. ਦੇ ਰੀਡਰ ਸੂਬਾ ਸਿੰਘ ‘ਤੇ ਜੂਏ ‘ਚ ਫੜੀ ਕਰੋੜਾਂ ਦੀ ਰਾਸ਼ੀ ਖੁਰਦ-ਬੁਰਦ ਕਰਨ ਤੇ ਕਾਰਵਾਈ ‘ਚ ਢਿੱਲਮਠ ਵਰਤਣ ਦੇ ਦੋਸ਼ ਲਗਾਏ ਹੋਏ ਹਨ। ਪਰ ਪਟੀਸ਼ਨਰ ਤੇ ਹਾਈਕੋਰਟ ਦੇ ਸਾਬਕਾ
ਜੱਜ ਜਸਟਿਸ ਅਜੀਤ ਸਿੰਘ ਬੈਂਸ (ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਾਲੇ) ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਹਨ ਕਿ ਇੱਕ ਤਾਂ ਪੁਲਿਸ ਵੱਲੋਂ ਮੌਕੇ ਤੋਂ ਫੜੀ ਗਈ ਕਰੋੜਾਂ ਰੁਪਏ ਦੀ ਰਾਸ਼ੀ ਦੀ ਬਜਾਏ ਮਹਿਜ 7.40 ਲੱਖ ਰੁਪਏ ਦਾ ਕੇਸ ਹੀ ਬਣਾਇਆ ਗਿਆ, ਦੂਜਾ ਇੱਕ ਸਾਬਕਾ ਉਚ ਪੁਲਿਸ ਅਫਸਰ ਨਾਲ ਸਬੰਧਿਤ ਸ਼ਾਲੀਮਾਰ ਨਾਈਟਸ ਨਾਮੀਂ ਇਸ ਰਿਸੋਰਟ ‘ਚੋਂ ਦਿਵਾਲੀ ਰਾਤ ਫੜੇ ਗਏ ਬੇਹੱਦ ਨਾਮੀ-ਗਰਾਮੀ ਲੋਕਾਂ, ਬਗੈਰ ਵੈਲਿਡ ਪਾਸਪੋਰਟ ਵਾਲੀਆਂ ਰੂਸੀ ਬਾਰ-ਡਾਂਸਰਾਂ ਤੇ ਅੰਮ੍ਰਿਤਸਰ ਦੇ ਤਤਕਾਲੀ ਪੁਲਿਸ ਕਮਿਸ਼ਨਰ ਆਰ.ਪੀ.ਮਿੱਤਲ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧ ‘ਚ ਪੰਜਾਬ ਸਰਕਾਰ ਵੱਲੋਂ ਵਿਭਾਗੀ ਜਾਂਚ ਵੀ ਕੀਤੀ ਗਈ ਪਰ ਜਸਟਿਸ ਬੈਂਸ ਨੇ ਉਸ ਨੂੰ ਵੀ ਪੂਰੀ ਤਰਾਂ ਇੱਕਪਾਸੜ ਕਰਾਰ ਦਿੱਤਾ ਹੈ। ਉਕਤ ਹਾਈਪ੍ਰੋਫਾਈਲ ਪਾਰਟੀ ‘ਚ ਤਿੰਨ ਲੱਖ ਰੁਪਏ ਨਾਲ ਲੈ ਕੇ ਜਾਣ ਦੀ ਸ਼ਰਤ ਲਗਾਈ ਗਈ ਸੀ ਤੇ ਇਸ ਦੇ ਪ੍ਰਬੰਧਕਾਂ ‘ਚ ਡਾਕਟਰ ਮਨਮੋਹਨ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ਪੁਨਿਆਜੀਤ ਸਿੰਘ ਚੱਠਾ ਤੇ ਕੰਵਰ ਕੋਹਲੀ ਸ਼ਾਮਿਲ ਸਨ। ਕੋਹਲੀ ਨੂੰ ਮੌਕੇ ਤੋਂ ਫੜਿਆ ਵੀ ਗਿਆ ਸੀ। ਰੇਡ ਵਾਲੀ ਰਾਤ ਹੀ ਇਸ ਕੇਸ ਬਾਰੇ ਪੰਜਾਬ ਸਰਕਾਰ ਤੇ ਪੁਲਿਸ ਦੀਆਂ ਉੱਪਰਲੀਆਂ ਸਫਾਂ ਤੱਕ ਤਾਰਾਂ ਖੜਕ ਗਈਆਂ ਸਨ ਤੇ ਰਾਤੋ-ਰਾਤ ਕੇਸ ਦੀ ਦਿਸ਼ਾ ਹੀ ਬਦਲ ਜਾਣ ਕਾਰਨ ਜਸਟਿਸ ਬੈਂਸ ਵੱਲੋਂ ਹਾਈਕੋਰਟ ਦਾ ਬੂਹਾ ਖੜਕਿਆ ਗਿਆ।



