ਚੰਡੀਗੜ੍ਹ, 13 ਜੁਲਾਈ: ਪੰਜਾਬ ਦੇ ਵਿੱਤ ਅਤੇ ਯੋਜਨਾ ਵਿਭਾਗ ਦੀਆਂ ਸਾਰੀਆਂ ਬਰਾਂਚਾ ਦੇ ਇਕ ਹੀ ਛੱਤ ਹੇਠਾਂ ਲਿਆਉਣ ਦੀ ਪ੍ਰਕਿਰਿਆਂ ਜ਼ੋਰਾਂ ਉੱਤੇ ਹੈ। ਚੰਡੀਗੜ੍ਹ ਦੇ 33 ਸੈਕਟਰ ਵਿਚ ‘ਵਿੱਤ ਅਤੇ ਯੋਜਨਾ ਭਵਨ’ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਭਵਨ ਦੋ ਸਾਲਾਂ ‘ਚ ਮੁਕੰਮਲ ਕਰ ਲਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਭਵਨ ਦਾ ਨੀਂਹ ਪੱਥਰ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਇਸ ਸਬੰਧੀ ਪੰਜਾਬ ਦੇ ਵਿੱਤ ਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਭਵਨ ਦੇ ਬਣਨ ਨਾਲ ਵਿੱਤ ਵਿਭਾਗ ਦਾ ਕੰਮ ਹੋਰ ਵਧੇਰੇ ਸੁਚਾਰੂ ਢੰਗ ਨਾਲ ਹੋਵੇਗਾ ਕਿਉਂ ਕਿ ਵਿੱਤ ਅਤੇ ਯੋਜਨਾ ਵਿਭਾਗ ਦੇ 11 ਵਿਭਾਗਾਂ ਦੇ 550 ਅਫਸਰ/ਕਰਮਚਾਰੀ ਇਕੋ ਥਾਂ ਆ ਜਾਣਗੇ।
ਹਾਲ ਦੀ ਘੜੀ ਇਹ ਅਫਸਰ/ਕਰਮਚਾਰੀ ਚੰਡੀਗੜ੍ਹ ਵਿੱਚ ਵੱਖ ਵੱਖ ਕਿਰਾਏ ਦੀਆਂ ਇਮਾਰਤਾਂ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿੱਤ ਅਤੇ ਯੋਜਨਾ ਭਵਨ ਦੀ ਅਨੁਮਾਨਤ ਲਾਗਤ ਲਗਭਗ 60 ਕਰੋੜ ਰੁਪਏ ਹੈ। ਹੋਰ ਜ਼ਿਆਦਾ ਜਾਣਕਾਰੀ ਦਿੰਦਿਆਂ ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ‘ਯੋਜਨਾ ਭਵਨ’ ‘ਚ ਆਧੁਨਿਕ ਤਕਨੀਕਾਂ ਅਤੇ ਸੁਰੱਖਿਆ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅੱਗ ਬੁਝਾਉ ਯੰਤਰ, ਫਾਇਰ ਅਲਾਰਮ, ਏਅਰ ਕੰਡੀਸਨਿੰਗ ਵੀ.ਆਰ.ਵੀ ਸਿਸਟਮ, ਲਿਫਟ, ਆਦਿ ਸਹੂਲਤਾਂ ਮੁਹੱਈਆ ਹੋਣਗੀਆ। ਭਵਨ ਦਾ ਕੁੱਲ ਖੇਤਰ 1.737 ਏਕੜ ਹੈ ਅਤੇ ਬਿਲਟ-ਅਪ ਖੇਤਰ 1,31,055 ਵਰਗ ਫੁੱਟ ਹੋਵੇਗਾ। ਉਨ੍ਹਾਂ ਦੱਸਿਆ ਕਿ ਬੇਸਮੈਟ ਸਮੇਤ ਇਸ ਭਵਨ ਦੀਆਂ 7 ਮੰਜਿਲਾ ਹੋਣਗੀਆਂ । ਬੇਸਮੈਟ ਖੇਤਰ ‘ਚ 200 ਕਾਰਾਂ ਦੀ ਪਾਰਕਿੰਗ ਹੋਵੇਗੀ। ਇਸ ਪ੍ਰਾਜੈਕਟ ਦੀ ਕਾਰਜਕਾਰੀ ਏਜੰਸੀ ਪੀ.ਡਬਲਿਊ.ਡੀ (ਬੀ ਐਡ ਆਰ) ਹੈ ਜਦਕਿ ਨਿਰਮਾਣ ਕਾਰਜ ਦੀਪਕ ਬਿਲਡਰਜ ਲੁਧਿਆਣਾ ਨੂੰ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਲਈ ਵਿੱਤ ਯੋਜਨਾਬੰਦੀ ਵਿਭਾਗ ਵੱਲੋਂ ਦਿੱਤਾ ਜਾ ਰਿਹਾ ਹੈ।



