ਹਰਜੀਤ ਸਿੰਘ ਹਸਨਪੁਰੀ-ਸੰਗਰੂਰ, 6 ਜੁਲਾਈ-ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਲਦ ਕਲਾਂ ਵਿਖੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਦਲਿਤਾਂ ਲਈ ਰਾਖਵੀਂ ਰੱਖੀ ਹੋਈ ਜ਼ਮੀਨ ਦੀ ਬੋਲੀ ਦੀ ਜਾਂਚ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਕਰਾਈਮ ਤੋਂ ਕਰਵਾਈ ਜਾਵੇਗੀ ।ਇਹ ਜਾਣਕਾਰੀ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ ਬਾਘਾ ਨੇ ਅੱਜ ਜ਼ਿਲ੍ਹੇ ਦੇ ਪਿੰਡ ਮਤੋਈ, ਬੌੋਪੁਰ ਅਤੇ ਬਾਲਦ ਕਲਾਂ ਦਾ ਦੌਰਾ ਕਰਨ ਉਪਰੰਤ ਸੰਗਰੂਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ।ਸ਼੍ਰੀ ਬਾਘਾ ਨੇ ਕਿਹਾ ਕਿ ਇਹ ਜਾਂਚ ਇੱਕ ਮਹੀਨੇ ਦੇ ਅੰਦਰ ਮੁਕੰਮਲ ਕੀਤੀ ਜਾਵੇਗੀ ਅਤੇ ਇਸ ਦੀ ਰਿਪੋਟ ਵਿੱਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ
। ਉਨ੍ਹਾਂ ਕਿਹਾ ਕਿ ਪਿੰਡ ਬਾਲਦ ਕਲਾਂ ਵਿਖੇ 7 ਵਿਅਕਤੀਆਂ ਵੱਲੋਂ ਬੋਲੀ ਦਿੱਤੀ ਗਈ ਹੈ ਜੇਕਰ ਇਨ੍ਹਾਂ ਵਿਅਕਤੀਆਂ ਵੱਲੋਂ ਅੱਗੇ ਜ਼ਮੀਨ ਕਿਸੇ ਹੋਰ ਵਿਅਕਤੀ ਨੂੰ ਦਿੱਤੀ ਗਈ ਤਾਂ ਇਹ ਬੋਲੀ ਕੈਸਲ ਕਰ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਸਖ਼ਤ ਹਦਾਇਤਾਂ ਜ਼ਿਲ੍ਹਾ ਵਿਕਾਸ਼ ਤੇ ਪੰਚਇਤ ਅਫ਼ਸਰ ਨੂੰ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਉਹ ਸਵੇਰੇ ਸਬ ਤੋਂ ਪਹਿਲਾਂ ਪਿੰਡ ਮਤੋਈ ਵਿਖੇ ਉਚ ਅਧਿਕਾਰੀਆਂ ਦੇ ਨਾਲ ਗਏ ਅਤੇ ਅਨੁਸੂਚਿਤ ਜਾਤੀ ਦੇ ਵਰਗ ਦੇ ਲੋਕਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣਕੇ ਬੜ੍ਹੀ ਖੁਸ਼ੀ ਹੋਈ ਕਿ ਪਿੰਡ ਦੀਆਂ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਵੱਲੋਂ ਏਕਤਾ ਕਲੱਬ ਦਾ ਗੱਠਨ ਕੀਤਾ ਗਿਆ ਹੈ ਅਤੇ ਇਹ ਲੜਕੀਆਂ ਪੜ੍ਹ ਲਿਖ ਕੇ ਅਪਣੇ ਪੈਰਾ ਤੇ ਖੜ੍ਹਾ ਹੋਣਾ ਚਾਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਪਿੰਡ ਬੌਪੁਰ ਵਿਖੇ ਗਏ ਜਿੱਥੇ ਅਨੁਸੂਚਿਤ ਜਾਤੀ ਦੇ 105 ਪਰਿਵਾਰ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨਾਲ ਮੀਟਿੰਗ ਕੀਤੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੇ ਮੈਂਬਰ ਆਮ ਵਾਂਗ ਕੰਮ ਕਰ ਰਹੇ ਹਨ ਅਤੇ ਹੁਣ ਇਸ ਪਿੰਡ ਵਿੱਚ ਕੋਈ ਸਮੱਸਿਆ ਨਹੀਂ ਹੈ। ਸ੍ਰੀ ਬਾਘਾ ਨੇ ਕਿਹਾ ਕਮਿਸ਼ਨ ਦਲਿਤ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਜਾਤ- ਪਾਤ, ਪੱਖਪਾਤ ਤੋਂ ਉੱਪਰ ਉੱਠ ਕੇ ਇਨਸ਼ਾਫ ਦਿਵਾਇਆ ਜਾਵੇਗਾ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ਼੍ਰੀ ਅਰਸ਼ਦੀਪ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਸ. ਪ੍ਰੀਤਮ ਸਿੰਘ ਜੌਹਲ , ਜ਼ਿਲ੍ਹਾ ਵਿਕਾਸ਼ ਤੇ ਪੰਚਾਇਤ ਅਫ਼ਸਰ ਸੰਗਰੂਰ ਅਤੇ ਜ਼ਿਲ੍ਹਾ ਭਲਾਈ ਅਫ਼ਸਰ ਸ਼੍ਰਂ ਕੁਲਵੰਤ ਸਿੰਘ ਵੀ ਹਾਜ਼ਰ ਸਨ। ਲੋਕ ਸੰਪਰਕ ਵਿਭਾਗ ਵੱਲੋਂ ਮਾਨਯੋਗ ਰਾਜੇਸ ਬਾਘਾ ਚੈਅਰਮੇਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਰੈਸਟ ਹਾਉਸ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸਮਾਂ 2:30 ਵਜੇ ਸ਼ਾਮ ਦਾ ਦਿੱਤਾ ਸੀ ਪਰ ਉਹ ਕਾਫੀ ਲੇਟ ਆਏ ਜਿਸ ਕਰਕੇ ਜਦੋਂ ਉਹ ਰੈਸਟ ਹਾਉਸ ਪਹੁੰਚੇ ਤਾਂ ਪੱਤਰਕਾਰ ਰੋਸ ਵਜੋਂ ਅੰਦਰੋਂ ਬਾਹਰ ਆ ਗਏ ਪਰ ਰਾਜੇਸ ਬਾਘਾ ਜੀ ਵੱਲੋਂ ਲੇਟ ਆਉਣ ਅਫਸੋਸ ਕਰਨ ਤੇ ਪੱਤਰਕਾਰਾਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ”