11 ਜੁਲਾਈ ਨੂੰ ਹੋਵੇਗਾ ਹਰਿਆਣਾ ਵਿਧਾਨ ਸਭਾ ’ਚ ਬਿਲ ਪੇਸ਼ ;’
ਚੰਡੀਗੜ੍ਹ, 6 ਜੁਲਾਈ (ਪੀ.ਟੀ.)ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਸੂਬੇ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਅੱਜ ਹਰਿਆਣਾ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਲਈ ‘ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਗਠਨ ਦਾ ਐਲਾਨ ਕੀਤਾ। ਸ੍ਰੀ ਹੁੱਡਾ ਨੇ ਕਿਹਾ ਕਿ ਆਉਣ ਵਾਲੀ 11 ਜੁਲਾਈ ਨੂੰ ਹਰਿਆਣਾ ਵਿਧਾਨ ਸਭਾ ਵਿਚ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਪੀਸੀ) ਦਾ ਬਿੱਲ ਪੇਸ਼ ਕੀਤਾ ਜਾਵੇਗਾ ਅਤੇ ਕਾਨੂੰਨੀ ਤੌਰ ’ਤੇ ਐਚਐਸਜੀਪੀਸੀ ਦਾ ਗਠਨ ਕੀਤਾ ਜਾਵੇਗਾ।ਸ੍ਰੀ ਹੁੱਡਾ ਨੇ ਅੱਜ ਕੈਥਲ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਆਯੋਜਿਤ ਸਿੱਖਾਂ ਦੇ ਮਹਾਸੰਮੇਲਨ ਵਿਚ ਕਿਹਾ ਕਿ ਅਲੱਗ ਐਸਜੀਪੀਸੀ ਹਰਿਆਣਾ ਦੇ ਸਿੱਖਾਂ ਦਾ ਹੱਕ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ
ਦਾ ਸਨਮਾਨ ਹੈ।ਸਿੱਖਾਂ ਦੇ ਵਿਸ਼ਾਲ ਸੰਮੇਲਨ ਵਿਚ ਆਪਣੇ ਐਲਾਨ ਤੋਂ ਪਹਿਲਾਂ ਸ੍ਰੀ ਹੁੱਡਾ ਨੇ ਇਕ ਵਾਰ ਦੁਆਰਾ ਸਿੱਖਾਂ ਦੀ ਰਾਏ ਜਾਣਨੀ ਚਾਹੀ। ਉਨ੍ਹਾਂ ਕਿਹਾ ਕਿ ‘ਕੀ ਹਰਿਆਣਾ ਦੇ ਸਿੱਖ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਆਪ ਕਰਨਾ ਚਾਹੁੰਦੇ ਹਨ ਅਤੇ ਜੇਕਰ ਅਜਿਹਾ ਹੈ ਤਾਂ ਆਪਣੀ ਰਾਏ ਦੇਣ।’ ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਿੱਖਾਂ ਨੇ ਜੈਕਾਰੇ ਦੀ ਗੂੰਜ ’ਚ ਹੱਥ ਉਠਾਕੇ ਆਪਣੀ ਸਹਿਮਤੀ ਦਿੱਤੀ।
ਸੰਮੇਲਨ ਵਿਚ ਸ੍ਰੀ ਹੁੱਡਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਰਾਜਨੀਤਕ ਦਖਲਅੰਦਾਜ਼ੀ ਨਹੀਂ ਹੋਵੇਗੀ। ਐਚਐਸਜੀਪੀਸੀ ਦੀ ਕਾਰਜਕਾਰਨੀ ਦੀ ਚੋਣ ਉਸੇ ਤਰ੍ਹਾਂ ਹੀ ਹੋਵੇਗੀ, ਜਿਵੇਂ ਪੰਜਾਬ ਵਿਚ ਐਸਜੀਪੀਸੀ ਦੀ ਹੁੰਦੀ ਹੈ।
ਸ੍ਰੀ ਹੁੱਡਾ ਨੇ ਕਿਹਾ ਕਿ ਮੈਂ ਹਰ ਰੋਜ ਬਾਦਲ ਸਾਹਿਬ (ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ, ਪੰਜਾਬ) ਅਤੇ ਮੱਕੜ ਸਾਹਿਬ (ਅਵਤਾਰ ਸਿੰਘ ਮੱਕੜ, ਪ੍ਰਧਾਨ, ਐਸਜੀਪੀਸੀ) ਦੇ ਬਿਆਨ ਪੜ੍ਹ ਰਿਹਾ ਹਾਂ। ਮੈਂ ਦੋਵਾਂ ਦਾ ਸਨਮਾਨ ਕਰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਬੇਸ਼ੱਕ ਉਹ ਮੇਰਾ ਸਨਮਾਨ ਨਾ ਕਰਨ ਪ੍ਰੰਤੂ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ‘ਹਰਿਆਣਾ ਸਰਕਾਰ ਵੱਲੋਂ ਅਲੱਗ ਐਸਜੀਪੀਸੀ ਕੋਈ ਰਾਜਨੀਤਕ ਮੁੱਦਾ ਨਹੀਂ ਹੈ। ਇਹ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਹੈ। ਉਹ ਆਪਣਾ ਹੱਕ ਮੰਗ ਰਹੇ ਹਨ। ਹਰਿਆਣਾ ਦੇ ਸਿੱਖਾਂ ਦੀ ਵੀ ਗੁਰੂਆਂ ਅਤੇ ਅਕਾਲ ਤਖਤ ਵਿਚ ਪੂਰਾ ਵਿਸ਼ਵਾਸ ਹੈ। ਉਹ ਗੁਰੂਆਂ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਆਪ ਕਰਨਾ ਚਾਹੁੰਦੇ ਹਨ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਇਹ ਵੀ ਸਪੱਸ਼ਟ ਕੀਤਾ ਕਿ ਹਰਿਆਣਾ ਵਿਚ ਅਲੱਗ ਐਸਜੀਪੀਸੀ ਦਾ ਗਠਨ ਪੂਰੀ ਕਾਨੂੰਨੀ ਪ੍ਰਕ੍ਰਿਆ ਦੇ ਅਨੁਸਾਰ ਹੀ ਕੀਤਾ ਜਾ ਰਿਹਾ ਹੈ। ਸ੍ਰੀ ਹੁੱਡਾ ਨੇ ਕਿਹਾ ਕਿ ਰਾਜ ਸਰਕਾਰ ਨੇ ਅਲੱਗ ਐਸਜੀਪੀਸੀ ਬਣਾਉਣ ਦੇ ਲਈ ਵਿੱਤ ਮੰਤਰੀ ਸ੍ਰੀ ਹਰਮੋਹਿੰਦਰ ਸਿੰਘ ਚੱਠਾ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਦਾ ਗਠਨ ਕੀਤਾ ਸੀ। ਚੱਠਾ ਕਮੇਟੀ ਨੂੰ ਅਲਗਭਗ ਦੋ ਲੱਖ ਸਿੱਖਾਂ ਨੇ ਸਹੁੰ ਪੱਤਰ ਦੇ ਕੇ ਹਰਿਆਣਾ ਵਿਚ ਅਲੱਗ ਐਸਜੀਪੀਸੀ ਦੀ ਮੰਗ ਕੀਤੀ ਸੀ। ਸ੍ਰੀ ਹੁੱਡਾ ਨੇ ਕਿਹਾ ਕਿ ਚੱਠਾ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਸਰਕਾਰ ਨੇ ਕਾਨੂੰਨੀ ਸਲਾਹ ਲਈ ਹੈ। ਸ੍ਰੀ ਹੁੱਡਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸਰਕਾਰ ਉਹ ਹੀ ਫੈਸਲਾ ਲਵੇਗੀ, ਜੋ ਹਰਿਆਣਾ ਦੇ ਸਿੱਖ ਕਹਿਣਗੇ। ਮੈਂ ਇਥੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਦੀ ਹਾਜ਼ਰੀ ਦੇਖ ਰਿਹਾ ਹਾਂ ਅਤੇ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਰਿਹਾ ਹਾਂ।
ਦਿੱਲੀ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਆਪਣੇ ਸੰਬੋਧਨ ਵਿਚ ਹਰਿਆਣਾ ਦੇ ਸਿੱਖਾਂ ਦੇ ਲਈ ਨੀਡਰ ਹੋ ਕੇ ਫੈਸਲਾ ਲੈਣ ਦੀ ਸਲਾਹ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਇਸ ਵਿਚ ਡਰਨ ਦੀ ਕੋਈ ਗੱਲ ਨਹੀਂ ਹੈ। ਮੈਂ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ। ਸ੍ਰੀ ਹੁੱਡਾ ਨੇ ਕਿਹਾ ਕਿ ਸੁਤੰਤਰਤਾ ਸੈਨਾਨੀ ਪਰਿਵਾਰ ਵਿਚ ਸਬੰਧ ਰੱਖਦਾ ਹਾਂ। ਉਨ੍ਹਾਂ ਰੰਗਾਂ ਵਿਚ ਮਹਾਨ ਸੁਤੰਤਰਤਾ ਸੈਨਾਨੀਆਂ ਦਾ ਖੂਨ ਦੌੜ ਰਿਹਾ ਹੈ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਨਾਲ ਰਿਸ਼ਤਿਆਂ ਦਾ ਹਵਾਲਾ ਦਿੰਦੇ ਹੋਏ ਸ੍ਰੀ ਹੁੱਡਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਸੰਘਰਸ਼ ਵਿਚ ਸਾਥ ਦਿੱਤਾ ਸੀ। ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਅਤੇ ਉਨ੍ਹਾਂ ਦੇ ਦਾਦਾ ਚੌਧਰੀ ਮਾਤੂਰਾਮ ਨੂੰ ਅੰਗਰੇਜ਼ਾਂ ਨੇ ਇਕ ਕਲਮ ਨਾਲ ਕਾਲੇ ਪਾਣੀ ਦੀ ਸਜਾ ਦਿੱਤੀ ਸੀ।”