ਅੰਮ੍ਰਿਤਸਰ, 6 ਜੁਲਾਈ (ਪੀ.ਟੀ.)-ਹਰਿਆਣਾ ਦੀ ਕਾਂਗਰਸ ਦੀ ਹੁੱਡਾ ਸਰਕਾਰ ਵਲੋਂ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਦਾ ਜੋ ਐਲਾਨ ਕੀਤਾ ਗਿਆ ਹੈ, ਉਹ ਅਤਿ ਮੰਦਭਾਗਾ, ਦੁੱਖਦਾਈ ਅਤੇ ਨਿੰਦਣਯੋਗ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਾਂਗਰਸ ਦੀ ਇਸ ਕੋਝੀ ਹਰਕਤ ਨਾਲ ਸਿੱਖ ਭਾਈਚਾਰਾ ਕਮਜੋਰ ਹੋਵੇਗਾ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਬਣੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਇਸ ਲਈ ਕੁਰਬਾਨੀਆਂ ਕੀਤੀਆਂ ਹਨ ਕਾਂਗਰਸ ਅਤੇ ਉਨ੍ਹਾਂ ਦੇ ਪਿੱਠੂਆਂ ਨੇ ਉਨ੍ਹਾਂ ਨਾਲ ਕੋਝਾ ਮਜਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਸਿੱਖਾਂ ਦੇ
ਧਾਰਮਿਕ ਮਾਮਲਿਆਂ ਵਿਚ ਸਿੱਧਾ ਦਖਲ ਹੈ ਅਤੇ ਇਤਿਹਾਸ ਵਿਚ ਉਸਦਾ ਨਾਮ ਹਮੇਸ਼ਾਂ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਹੁੱਡੇ ਵਲੋਂ ਹਰਿਆਣੇ ਵਿਚ ਕੀਤਾ ਗਿਆ ਇਹ ਸਿੱਖ ਸੰਮੇਲਨ ਨਹੀਂ ਬਲਕਿ ਹੁੱਡਾ ਸੰਮੇਲਨ ਹੈ।ਉਨ੍ਹਾਂ ਕਿਹਾ ਕਿ ਦਿੱਲੀ ਦੇ ਜਿਹੜੇ ਸਿੱਖ ਹੁੱਡਾ ਦੀ ਸਟੇਜ ਤੇ ਬੈਠੇ ਸਨ ਉਨ੍ਹਾਂ ਦੇ ਹੱਥ ਪਹਿਲਾਂ ਹੀ ਸਿੱਖਾਂ ਦੇ ਖੁਨ ਨਾਲ ਰੰਗੇ ਜਾ ਚੁੱਕੇ ਹਨ ਅਤੇ ਉਹ ਪਿਛਲੀਆਂ ਦਿੱਲੀ ਦੇ ਗੁਰਦੁਆਰਿਆਂ ਦੀਆਂ ਚੌਣਾਂ ਵਿਚ ਕਰਾਰੀ ਹਾਰ ਦਾ ਸ਼ਿਕਾਰ ਹੋ ਚੁੱਕੇ ਨੇ ਅਤੇ ਸਿੱਖ ਕੌਮ ਵਲੋਂ ਨਕਾਰੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੇ ਕਾਂਗਰਸੀ ਪਿੱਠੂਆਂ ਨੂੰ 2011 ਦੀਆਂ ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀਆਂ ਚੌਣਾਂ ਵਿਚ ਕਰਾਰਾ ਜਵਾਬ ਦਿੱਤਾ ਸੀ ਅਤੇ ਵੱਖਰੀ ਹਰਿਆਣਾ ਕਮੇਟੀ ਬਨਣ ਨੂੰ ਸਿਰੇ ਤੋਂ ਨਕਾਰਦੇ ਹੋਏ ਹੁੱਡਾ ਸਰਕਾਰ ਦੇ ਪਿੱਠੂਆਂ ਨੂੰ ਉਨ੍ਹਾਂ ਚੌਣਾਂ ਵਿਚ ਕਰਾਰੀ ਹਾਰ ਹੋਈ ਸੀ ਅਤੇ ਜਮਾਨਤਾਂ ਜਬਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿਸ ਮਨਸੂਬੇ ਨਾਲ ਇਹ ਮੰਦਭਾਗਾ ਤੇ ਦੁਖਦਾਈ ਕਾਰਾ ਕੀਤਾ ਹੈ ਆਉਂਦੀਆਂ ਵਿਧਾਨ ਸਭਾ ਚੌਣਾਂ ਵਿਚ ਸਿੱਖ ਹਰਿਆਣੇ ਚੋਂ ਕਾਂਗਰਸ ਦਾ ਸਫਾਇਆ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸ ਕਾਰੇ ਨੇ ਸਿੱਖਾਂ ‘ਚ ਰਾਜਨੀਤਕ ਭਰਾ ਮਾਰੂ ਜੰਗ ਦਾ ਮੁੱਢ ਬੰਨਿਆਂ ਹੈ ਅਤੇ ਇਕ ਵਾਰੀ ਫੇਰ ਕਾਂਗਰਸ ਦਾ ਸਿੱਖਾਂ ਵਿਰੋਧੀ ਘਿਨਾਉਣਾ ਚਿਹਰਾ ਨੰਗਾ ਹੋਇਆ ਹੈ। ਸਿੱਖਾਂ ਨਾਲ ਮੁੱਢ ਤੋਂ ਹੀ ਕਾਂਗਰਸ ਵਾਅਦੇ ਕਰਕੇ ਮੁਕਰਦੀ ਰਹੀ ਤੇ ਧਰੋਹ ਕਮਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਅਜਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਨੇ ਅਤੇ ਸਿੱਖ ਹੀ ਆਪਸੀ ਵਿਤਕਰੇ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਭ ਤੋਂ ਪਹਿਲਾ ਤੋਹਫਾ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਦਿੱਤਾ। ਦੂਸਰਾ 1984 ‘ਚ ਸਿੱਖਾਂ ਦੇ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਕੇ ਦਿੱਤਾ। ਇਕ ਹੋਰ ਸ਼ਰਮਨਾਕ ਹਰਕਤ ਦਿੱਲੀ ਵਿਚ ਨਵੰਬਰ 1984 ਵਿਚ ਸਿੱਖ ਨਸਲਕੁਸ਼ੀ ਕਰਕੇ ਸਿੱਖਾਂ ਨੂੰ ਸ਼ਰੇ ਬਾਜਾਰ ਕਤਲ ਕਰਕੇ ਅਤੇ ਗਲਾਂ ਵਿਚ ਟਾਇਰ ਪਾ ਕੇ ਸਾੜ ਕੇ ਅਤੇ ਕਾਂਗਰਸੀ ਗੁੰਡਿਆਂ ਵਲੋਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਲੁੱਟ ਕੇ ਕੀਤੀ ਗਈ। ਉਨ੍ਹਾਂ ਦੀਆਂ ਜਾਇਦਾਦਾਂ ਸਾੜ ਫੂਕ ਦਿੱਤੀਆਂ ਗਈਆਂ ਅਤੇ ਲੁੱਟ ਲਈਆਂ ਗਈਆਂ।’