ਅੰਮ੍ਰਿਤਸਰ, 3 ਜੁਲਾਈ (ਪੀ. ਟੀ. ਲਾਇਵ)- ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੇ ਮਾਮਲੇ ਤੇ ਦ੍ਰਿੜ ਉਥੋਂ ਦੇ ਸਿੱਖ ਆਗੂ ਜਗਦੀਸ਼ ਝੀਂਡਾ ਤੇ ਦੀਦਾਰ ਸਿੰਘ ਨਲਵੀ ਨਾਲ ਜਥੇਦਾਰ ਅਕਾਲ ਤਖ਼ਤ ਵਲੋਂ ਬਣਾਈ 10 ਮੈਂਬਰੀ ਕਮੇਟੀ ਦੀ ਅੱਜ ਕੁਰੂਕਸ਼ੇਤਰ ਵਿਖੇ ਹੋਈ ਗੱਲਬਾਤ ਪੂਰੀ ਤਰ੍ਹਾਂ ਬੇਨਤੀਜਾ ਰਹੀ।ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਵਲੋਂ ਜਥੇਦਾਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਇਕ 10 ਮੈਂਬਰੀ ਕਮੇਟੀ ਨੂੰ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਜਗਦੀਸ਼ ਝੀਂਡਾ ਤੇ ਦੀਦਾਰ ਸਿੰਘ ਨਲਵੀ ਨਾਲ ਗੱਲਬਾਤ ਲਈ ਅੱਜ ਕੁਰੂਕਸ਼ੇਤਰ ਭੇਜਿਆ ਗਿਆ ਸੀ। ਪਹਿਲਾਂ ਤਾਂ ਨਿਰਧਾਰਤ ਸਮੇਂ ਤੇ ਵੱਖਰੀ ਕਮੇਟੀ ਆਗੂ ਗੱਲਬਾਤ ਲਈ ਨਾ ਬਹੁੜੇ ਪਰ ਬਾਦ ਵਿਚ ਸ਼ਾਮ ਨੂੰ ਇਨ੍ਹਾਂ ਵਲੋਂ ਜਥੇਦਾਰ ਭੌਰ ਨਾਲ
ਗੱਲਬਾਤ ਕਰਨ ਲਈ ਪਹੁੰਚ ਕੀਤੀ ਗਈ। ਇਸ ਉਪਰੰਤ ਇਕ ਫਾਰਮਹਾਊਸ ਤੇ ਦੋਵਾਂ ਧਿਰਾਂ ਦਰਮਿਆਨ ਇਕ ਮੀਟਿੰਗ ਹੋਈ ਜੋ ਪੂਰੀ ਤਰ੍ਹਾਂ ਬੇਨਤੀਜਾ ਰਹੀ। ਸੂਤਰਾਂ ਅਨੁਸਾਰ ਜਥੇਦਾਰ ਭੌਰ ਵਲੋਂ ਝੀਂਡਾ ਤੇ ਨਲਵੀ ਨੂੰ ਪੇਸ਼ਕਸ਼ ਕੀਤੀ ਗਈ ਕਿ ਉਨ੍ਹਾਂ ਦੀਆਂ ਮੰਗਾਂ ਤੇ ਵਿਚਾਰ ਕੀਤਾ ਜਾਵੇਗਾ ਤੇ ਛੇਤੀ ਹੀ ਇਨ੍ਹਾਂ ਨੂੰ ਮੰਨ ਵੀ ਲਿਆ ਜਾਵੇਗਾ ਪਰ ਉਹ ਵੱਖਰੀ ਕਮੇਟੀ ਦਾ ਵਿਚਾਰ ਤਿਆਗ ਦੇਣ ਪਰ ਇਸ ਤੇ ਝੀਂਡਾ ਤੇ ਨਲਵੀ ਸਹਿਮਤ ਨਾ ਹੋਏ। ਦੋਵਾਂ ਨੇ ਸਾਫ ਸ਼ਬਦਾਂ ਚ ਭੌਰ ਤੇ ਬਾਕੀ ਮੈਂਬਰਾਂ ਨੂੰ ਸਪਸ਼ਟ ਕਰ ਦਿਤਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਦੇ ਮਾਮਲੇ ਤੇ ਹੁਣ ਕਿਸੇ ਤਰ੍ਰਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮੀਟਿੰਗ ਬੇਨਤੀਜਾ ਰਹਿਣ ਉਪਰੰਤ ਹੁਣ ਇਹ 10 ਮੈਂਬਰੀ ਕਮੇਟੀ ਆਪਣੀ ਰਿਪੋਰਟ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦੇਵੇਗੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਗਿਆਨੀ ਗੁਰਬਚਨ ਸਿੰਘ ਹੁਣ ਇਸ ਤੇ ਕੀ ਫੈਸਲਾ ਲੈਂਦੇ ਹਨ। ਦੂਜੇ ਪਾਸੇ 11 ਹਰਿਆਣਾ ਦੀ ਵੱਖਰੀ ਕਮੇਟੀ ਦਾ ਬਣਨਾ ਹੁਣ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਮੁੱਡਾ ਇਸ ਦਾ 6 ਜੁਲਾਈ ਨੂੰ ਐਲਾਨ ਕਰਨਗੇ ਤੇ ਇਸ ਉਪਰੰਤ 11 ਜੁਲਾਈ ਤੋਂ ਸ਼ੁਰੂ ਹੋ ਰਹੇ ਹਰਿਆਣਾ ਦੀ ਵਿਧਾਨ ਸਭਾ ਸੈਸ਼ਨ ਚ ਇਸ ਬਿਲ ਨੂੰ ਪੇਸ਼ ਕਰ ਦਿਤਾ ਜਾਵੇਗਾ।