May 25, 2026 7:40 pm

ਮੁਹਾਲੀ ‘ਚ ਆਨਲਾਈਨ ਕੈਬ ਬੁੱਕ ਕਰ ਕੇ ਲੁੱਟਣ ਵਾਲੇ 4 ਵਿਅਕਤੀ ਗ੍ਰਿਫਤਾਰ, ਕਾਰ, ਦੋ ਦੇਸੀ ਪਿਸਤੌਲ ਤੇ 6ਕਾਰਤੂਸ ਬਰਾਮਦ

ਮੁਹਾਲੀ ਪੁਲਿਸ ਵੱਲੋਂ ਟੈਕਸੀ ਬੁੱਕ ਕਰਵਾਕੇ ਕਾਰ ਨੂੰ ਲੁੱਟਣ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਵਰੀਤ ਸਿੰਘ ਵਿਰਕ(ਐੱਸਪੀ ਦਿਹਾਤੀ ) ਨੇ ਦੱਸਿਆ ਕਿ ਦਸਰਥ ਵਾਸੀ ਪੰਚਕੂਲਾ ਹਰਿਆਣਾ ਪੱਕਾ ਪਤਾ ਪਿੰਡ ਗਰਖਰੀ ਥਾਣਾ ਬਾਲਾਮੋ ਉਤਰ ਪ੍ਰਦੇਸ ਨੂੰ ਉਬਰ ਕੰਪਨੀ ਵਲੋਂ ਕੰਪਨੀ ਦੀ ਸਾਈਟ ‘ਤੇ ਇੱਕ ਮੈਸਜ ਆਇਆ ਅਤੇ ਲੋਕੇਸ਼ਨ ਮਿਲੀ ਜਿੱਥੋਂ ਉਸ ਵੱਲੋਂ ਸਵਾਰੀ ਲੈਣੀ ਸੀ ਤਾਂ ਦਸਰਥ ਉਕਤ ਲੋਕੇਸਨ ਨੇੜੇ ਏਟੀਐੱਸ ਵੈਲੀ ਸਕੂਲ ਡੇਰਾਬੱਸੀ ਪੁੱਜਾ ਜਿਥੇ ਉਸ ਨੂੰ 4 ਨੌਜਵਾਨ ਲੜਕੇ ਮਿਲੇ ਜਿਨ੍ਹਾਂ ਪਾਸ ਜਾ ਕੇ ਦਸਰਥ ਵਲੋਂ ਆਪਣੀ ਕਾਰ ਦਾ ਸੀਸਾ ਥੱਲੇ ਕਰਕੇ ਗੱਲ ਕੀਤੀ ਅਤੇ ਦਸਰਥ ਵਲੋਂ ਉਨ੍ਹਾਂ ਪਾਸੋਂ ਓਟੀਪੀ ਮੰਗਿਆ ਜਿਨ੍ਹਾਂ ਨੇ ਓਟੀਪੀ ਦੇ ਦਿੱਤਾ। ਜਿਸ ਤੋਂ ਬਾਅਦ ਪਤਾ ਲੱਗਾ ਕਿ ਉਕਤ ਨਾਮਲੂਮ ਲੜਕਿਆਂ ਵਲੋਂ ਹੀ ਕਾਰ ਬੁੱਕ ਕੀਤੀ ਹੈ।

4 ਲੜਕਿਆ ਨੂੰ ਕਾਰ ਵਿੱਚ ਬਿਠਾ ਲਿਆ ਅਤੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਘਰੋਂ ਚਾਬੀ ਲੈ ਕੇ ਆਉਣੀ ਹੈ ਤੇ ਫਿਰ ਅਸੀਂ ਪੁਰਾਣੇ ਪੰਚਕੂਲਾ ਜਾਣਾ ਹੈ ਜੋ ਉਸ ਨੂੰ ਰਸਤਾ ਦੱਸਣ ਲੱਗ ਪਏ। ਉਨ੍ਹਾਂ ਦੇ ਕਹਿਣ ਮੁਤਾਬਿਕ, ਦਸਰਥ ਆਪਣੀ ਕਾਰ ਏਟੀਐੱਸ ਤੋਂ ਸੈਦਪੁਰਾ ਲਿੰਕ ਰੋਡ ਪਰ ਲੈ ਜਾ ਰਿਹਾ ਸੀ ਤਾ ਦਸਰਥ ਦੀ ਨਾਲ ਵਾਲੀ ਸੀਟ ਪਰ ਬੈਠੇ ਲੜਕੇ ਨੇ ਬੰਦੂਕ ਦਸਰਥ ਦੀ ਖੱਬੀ ਪੁੜਪੁੜੀ ‘ਤੇ ਰੱਖ ਦਿੱਤੀ ਅਤੇ ਕਾਰ ਰੋਕਣ ਨੂੰ ਕਿਹਾ। ਉਸੇ ਵਕਤ ਪਿਛੇ ਬੈਠੇ ਲੜਕੇ ਨੇ ਵੀ ਉਸ ਦੇ ਸਿਰ ਦੇ ਪਿਛਲੇ ਪਾਸੇ ਬੰਦੂਕ ਤਾਣ ਲਈ ਅਤੇ ਗੱਡੀ ਵਿੱਚੋਂ ਧੱਕਾ ਮਾਰ ਕੇ ਉਤਾਰ ਦਿੱਤਾ। ਲੁਟੇਰਿਆਂ ਨੇ ਕਿਹਾ ਕਿ ਤੂੰ ਗੱਡੀ ਛੱਡ ਕੇ ਭੱਜ ਜਾ ਨਹੀਂ ਤਾਂ ਤੈਨੂੰ ਮਾਰ ਦੇਵਾਂਗੇ। ਮੁਹਾਲੀ ਪੁਲਿਸ ਨੇ ਪੀੜਤ ਦੇ ਬਿਆਨਆਂ ‘ਤੇ ਮੁਕੱਦਮਾ ਅਸਲਾ ਐਕਟ ਥਾਣਾ ਡੇਰਾਬੱਸੀ ਬਰਖ਼ਿਲਾਫ਼ 4 ਨਾਮਲੂਮ ਲੜਕੇ ਦਰਜ ਰਜਿਸਟਰ ਕੀਤਾ ਗਿਆ ਸੀ।

ਤਫਤੀਸ਼ ਦੌਰਾਨਉਕਤ ਨੂੰ ਟਰੇਸ ਕਰ ਕੇ ਦੋਸ਼ੀਆਨ ਬਬਲੂ ਦਿਸਵਾ ਜ਼ਿਲ੍ਹਾ ਰਾਮਪੁਰ ਮਿਸ਼ਨ ਬਿਹਾਰ ਹਾਲ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ , ਬਿਰੇਂਦਰ ਮੁਖੀਆ ਵਾਸੀ ਜ਼ਿਲ੍ਹਾ ਮਪਤਾਰੀ ਨੇਪਾਲ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ ,ਸਮੀਰ ਖਾਨ ਵਾਸੀ ਜ਼ਿਲ੍ਹਾ ਕਿਰਤਪੁਰ ਯੂਪੀ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ ਥਾਣਾ ਡੇਰਾਬੱਸੀ ਅਤੇ ਆਮੀਨ ਵਾਸੀ ਸੈਣੀ ਮੁਹੱਲਾ ਬਰਵਾਲਾ ਰੋਡ ਡੇਰਾਬੱਸੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕੋਲੋਂ ਕਾਰ ਮਾਰੂਤੀ, 2 ਦੇਸੀ ਪਿਸਤੌਲ ਅਤੇ 6 ਕਾਰਤੂਸ ਕੀਤੇ ਗਏ ਹਨ।

ਐੱਸਪੀ ਨੇ ਦੱਸਿਆ ਕਿ ਦੋਸ਼ੀਆਨ ਨੂੰ ਅਦਾਲਤ ਡੇਰਾਬੱਸੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆਨ ਪਾਸੋਂ ਹੋਰ ਡੁੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਪੁੱਛਗਿਛ ਦੋਰਾਨ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

Send this to a friend