ਹਰਿਆਣਾ ਦੇ ਸਿੱਖ ਵੱਖਰੀ ਕਮੇਟੀ ਦਾ ਸਮਰਥਨ ਨਾ ਕਰਨ : ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ
ਚੰਡੀਗੜ੍ਹ, 2 ਜੁਲਾਈ (ਪੀ.ਟੀ.)-ਹਰਿਆਣਾ ਸਰਕਾਰ ਨੇ ਰਾਜ ਵਿਧਾਨ ਸਭਾ ਦਾ ਹੰਗਾਮੀ ਇਜਲਾਸ 11 ਜੁਲਾਈ ਨੂੰ ਇੱਥੇ ਬਾਅਦ ਦੁਪਹਿਰ 2 ਵਜੇ ਬੁਲਾ ਲਿਆ ਹੈ। ਇਸ ਵਿਧਾਨ ਸਭਾ ਦਾ ਇਹ ਆਖਰੀ ਇਜਲਾਸ ਹੋਏਗਾ। ਸਰਕਾਰੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸੇ ਇਜਲਾਸ ਵਿਚ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਦੇਖਭਾਲ ਲਈ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਬਿੱਲ ਪੇਸ਼ ਕੀਤਾ ਜਾ ਰਿਹਾ ਹੈ। ਸੰਭਵ ਹੈ ਕਿ ਪਹਿਲੇ ਹੀ ਦਿਨ ਇਹ ਬਿੱਲ ਪੇਸ਼ ਕੀਤਾ ਜਾਏ, ਜਿਸ ‘ਤੇ ਮੈਂਬਰਾਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਜਾਏਗਾ। ਸੰਭਵ ਹੈ ਕਿ ਪ੍ਰਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੈਂਬਰ ਇਸ ਬਿੱਲ ਦੀ ਕਿਸੇ ਨਾ ਕਿਸੇ ਰੂਪ ਵਿਚ ਵਿਰੋਧਤਾ ਕਰਨ। ਭਾਜਪਾ ਮੈਂਬਰਾਂ ਦੇ ਰਵੱਈਏ ਦਾ ਅਜੇ
ਤੱਕ ਪਤਾ ਨਹੀਂ ਚੱਲ ਸਕਿਆ, ਜਿਨ੍ਹਾਂ ਦੀ ਗਿਣਤੀ ਹੁਣ 3 ਰਹਿ ਗਈ ਹੈ। ਘੱਟ ਤੋਂ ਘੱਟ 6 ਮੈਂਬਰ ਆਪਣੀਆਂ ਸੀਟਾਂ ਤੋਂ ਅਸਤੀਫਾ ਦੇ ਚੁੱਕੇ ਹਨ, ਇਨ੍ਹਾਂ ਵਿਚ ਇਨੈਲੋ ਦਾ ਇਕ, ਹਰਿਆਣਾ ਜਨਹਿੱਤ ਕਾਂਗਰਸ ਪਾਰਟੀ ਦਾ ਇਕ ਤੇ ਕਾਂਗਰਸ ਦੇ 3 ਮੈਂਬਰ ਸ਼ਾਮਿਲ ਹਨ। ਪਤਾ ਲੱਗਾ ਹੈ ਕਿ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਲਈ ਮੰਤਰੀਆਂ ਤੋਂ ਕੈਬਨਿਟ ਮੀਟਿੰਗ ਬੁਲਾਉਣ ਦੀ ਬਜਾਏ ਇਕ-ਇਕ ਤੋਂ ਪੁੱਛ ਕੇ ਰਾਏ ਲਈ ਗਈ ਹੈ। ਇਸ ਤੋਂ ਇਲਾਵਾ ਕੁਝ ਹੋਰ ਸੋਧ ਬਿੱਲ ਵੀ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਉੱਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਵਾਲੇ ਹੁੱਡਾ ਸਰਕਾਰ ਦੇ ਫੈਸਲੇ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਕਿ ਹਰਿਆਣਾ ਰਾਜ ਦੇ ਸਿੱਖਾਂ ਨੂੰ ਇਹ ਅਧਿਕਾਰ ਮਿਲਣਾ ਹੀ ਚਾਹੀਦਾ ਹੈ।