ਹਿਮਾਚਲ ਪ੍ਰਦੇਸ਼ ਦੀ ਚੋਣ ਸਿਰਫ਼ ਇਕ ਸੂਬੇ ਦੀ ਚੋਣ ਨਹੀਂ ਸੀ, ਇਹ ਚੀਨ ਦੀ ਸਰਹੱਦ ’ਤੇ ਵਸੇ, ਸੁਰੱਖਿਆ, ਸਥਿਰਤਾ ਤੇ ਵਿਕਾਸ ਚਾਹੁਣ ਵਾਲੇ ਸੂਬੇ ਦੀ ਚੋਣ ਸੀ। ਸ਼ਨਿਚਰਵਾਰ ਨੂੰ ਵੋਟਿੰਗ ਤੋਂ ਬਾਅਦ ਕਈ ਲੋਕਾਂ ਦੀ ਇਹ ਰਾਇ ਸਾਹਮ
ਹਿਮਾਚਲ ਪ੍ਰਦੇਸ਼ ਦੀ ਚੋਣ ਸਿਰਫ਼ ਇਕ ਸੂਬੇ ਦੀ ਚੋਣ ਨਹੀਂ ਸੀ, ਇਹ ਚੀਨ ਦੀ ਸਰਹੱਦ ’ਤੇ ਵਸੇ, ਸੁਰੱਖਿਆ, ਸਥਿਰਤਾ ਤੇ ਵਿਕਾਸ ਚਾਹੁਣ ਵਾਲੇ ਸੂਬੇ ਦੀ ਚੋਣ ਸੀ। ਸ਼ਨਿਚਰਵਾਰ ਨੂੰ ਵੋਟਿੰਗ ਤੋਂ ਬਾਅਦ ਕਈ ਲੋਕਾਂ ਦੀ ਇਹ ਰਾਇ ਸਾਹਮਣੇ ਆਈ ਹੈ। ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਸੂਬਾਈ ਜਾਂ ਸਥਾਨਕ ਮੁੱਦਿਆਂ ਤੋਂ ਵੱਧ ਕੇ ਆਪਣੀਆਂ ਸਹੂਲਤਾਂ ਤੇ ਉਸ ਨਾਲ ਸਬੰਧਿਤ ਭਰੋਸੇ ਪਹਿਲਾਂ ਹਨ। ਵੋਟਿੰਗ ਤੋਂ ਬਾਅਦ ਦੀ ਗ਼ੈਰ-ਰਸਮੀ ਚਰਚਾ ਦੋ ਹੀ ਸ਼ਬਦਾਂ ’ਤੇ ਕੇਂਦਰਿਤ ਰਹੀ- ਸਮੁੱਚਾ ਵਿਕਾਸ ਤੇ ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ)। ਭਾਜਪਾ ਨੇ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਸੁਧਾਰ ਨੀਤੀਆਂ, ਸੁਸ਼ਾਸਨ ਤੋਂ ਲੈ ਕੇ ਵਿਕਾਸ ਦੇ ਮੁੱਦੇ ’ਤੇ ਲੜੀਆਂ। ਕਾਂਗਰਸ ਨੇ ਮੁਲਾਜ਼ਮਾਂ ਨੂੰ ਕੇਂਦਰਿਤ ਕਰਦੇ ਹੋਏ ਪੁਰਾਣੀ ਪੈਨਸ਼ਨ ਯੋਜਨਾ ਨੂੰ ਮੁੱਦਾ ਬਣਾਇਆ। ਕਾਂਗਰਸ ਦਾ ਪੂਰਾ ਪ੍ਰਚਾਰ ਇਸ ਦੇ ਹੀ ਆਲੇ-ਦੁਆਲੇ ਰਿਹਾ। 55 ਲੱਖ ਤੋਂ ਜ਼ਿਆਦਾ ਵੋਟਰਾਂ ਵਾਲੇ ਪਹਾੜੀ ਸੂਬੇ ’ਚ ਮਤਦਾਨ ਕਰੀਬ 73.3 ਫ਼ੀਸਦੀ ਰਿਹਾ। ਲਾਹੌਲ-ਸਪੀਤੀ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਮਤਦਾਨ ਕੇਂਦਰ ਟਸ਼ੀਗੰਗ ’ਚ ਸਾਰੇ 52 ਵੋਟਰਾਂ ਨੇ ਵੋਟਾਂ ਪਾਈਆਂ। ਸਾਰੀ ਮਤਦਾਨ ਪ੍ਰਕਿਰਿਆ ਸ਼ਾਂਤੀਪੂਰਨ ਰਹੀ। ਚੋਣਾਂ ਦੇ ਨਤੀਜੇ ਅੱਠ ਦਸੰਬਰ ਨੂੰ ਐਲਾਨੇ ਜਾਣਗੇ।
ਵੋਟ ਫ਼ੀਸਦੀ ਮਾਮਲੇ ’ਚ ਪੇਂਡੂ ਖੇਤਰ, ਸ਼ਹਿਰੀ ਖੇਤਰ ਤੋਂ ਅੱਗੇ ਰਹੇ ਹਨ। ਭਾਜਪਾ ਤੇ ਕਾਂਗਰਸ ਇਸ ਨੂੰ ਆਪਣੀ ਤਰ੍ਹਾਂ ਨਾਲ ਪਰਿਭਾਸ਼ਿਤ ਕਰ ਰਹੇ ਹਨ। ਭਾਜਪਾ ਦਾ ਦਾਅਵਾ ਹੈ ਕਿ ਮਤਦਾਨ ਦਾ ਇਹ ਰੁਖ਼ ਡਬਲ ਇੰਜਣ ਸਰਕਾਰ ਦੇ ਲਾਭ ਤੇ ਸਮੁੱਚੇ ਵਿਕਾਸ ਦੇ ਹੱਕ ’ਚ ਹੈ। ਕਾਂਗਰਸ ਇਸ ਨੂੰ ਆਪਣੀਆਂ 10 ਗਾਰੰਟੀਆਂ ਤੇ ਮਨੋਰਥ ਪੱਤਰ ’ਚ ਕੀਤੇ ਵਾਅਦਿਆਂ ਦੇ ਹੱਕ ’ਚ ਦੇਖ ਰਹੀ ਹੈ।
ਮੁਲਾਜ਼ਮ ਤੇ ਪੈਨਸ਼ਨਰ ਚਾਰ ਲੱਖ, ਯੋਜਨਾਵਾਂ ਦੇ ਲਾਭਪਾਤਰੀ 30 ਲੱਖ ਤੋਂ ਜ਼ਿਆਦਾ
ਹਿਮਾਚਲ ਪ੍ਰਦੇਸ਼ ’ਚ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਹੈ। ਦੋਵੇਂ ਪਾਰਟੀਆਂ ਮੰਨ ਰਹੀਆਂ ਹਨ ਕਿ ਨਤੀਜੇ ਉਨ੍ਹਾਂ ਦੇ ਹੱਕ ’ਚ ਹੋਣਗੇ। ਲੋਕ ਫ਼ਤਵਾ ਕਿਸ ਦੇ ਹੱਕ ’ਚ ਜਾਵੇਗਾ, ਇਹ ਫ਼ੈਸਲਾ ਮੁੱਖ ਤੌਰ ’ਤੇ ਮੁਲਾਜ਼ਮ ਤੇ ਯੋਜਨਾਵਾਂ ਦੇ ਲਾਭਪਾਤਰੀ ਕਰਨਗੇ। ਆਮ ਤੌਰ ’ਤੇ ਚੋਣਾਂ ਦੌਰਾਨ ਮੁਲਾਜ਼ਮਾਂ ਨੇ ਓਪੀਐੱਸ ਦੇ ਵਿਸ਼ੇ ’ਚ ਇਕਜੁੱਟਤਾ ਦਿਖਾਈ। ਭਾਜਪਾ ਇਹ ਕਹਿ ਕੇ ਖ਼ੁਦ ਨੂੰ ਤਸੱਲੀ ਦੇ ਰਹੀ ਹੈ ਕਿ ਸਾਰੇ ਲਾਭਪਾਤਰੀ ਮਤਦਾਨ ਬੂਥ ਤਕ ਪੁੱਜੇ ਹੋਣਗੇ। ਹਿਮਾਚਲ ਪ੍ਰਦੇਸ਼ ’ਚ ਕੇਂਦਰੀ ਤੇ ਸੂਬਾ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੇ ਲਾਭਪਾਤਰੀ 30 ਲੱਖ ਤੋਂ ਜ਼ਿਆਦਾ ਹਨ, ਜਦਕਿ ਮੁਲਾਜ਼ਮ ਤੇ ਪੈਨਸ਼ਨਰ ਚਾਰ ਲੱਖ ਹਨ। ਭਾਜਪਾ ਨੂੰ ਹਿਮਕੇਅਰ, ਉੱਜਵਲਾ, ਅੰਨਦਾਤਾ, ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਲਾਭਪਾਤਰੀਆਂ ਤੋਂ ਕਾਫ਼ੀ ਉਮੀਦਾਂ ਹਨ। ਹਿਮਾਚਲ ’ਚ ਨੌਂ ਲੱਖ ਤੋਂ ਜ਼ਿਆਦਾ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਹਰ ਸਾਲ ਛੇ ਹਜ਼ਾਰ ਰੁਪਏ ਆ ਰਹੇ ਹਨ। ਹਿਮਕੇਅਰ ਯੋਜਨਾ ਤਹਿਤ ਕਰੀਬ ਚਾਰ ਲੱਖ ਲੋਕਾਂ ਦੇ ਸਿਹਤ ਬੀਮਾ ਕਾਰਡ ਬਣੇ ਹਨ। ਉੱਜਵਲਾ ਯੋਜਨਾ ਤਹਿਤ ਇਕ ਲੱਖ ਤੋਂ ਜ਼ਿਆਦਾ ਲਾਭਪਾਤਰੀ ਹਨ। ਇਸ ਤੋਂ ਇਲਾਵਾ ਸੂੁਬਾ ਸਰਕਾਰ 125 ਯੂਨਿਟ ਬਿਜਲੀ ਮੁਫ਼ਤ ਦੇ ਰਹੀ ਹੈ। ਇਸ ਦਾ ਲਾਭ ਹਿਮਾਚਲ ਦੇ 14 ਲੱਖ ਤੋਂ ਜ਼ਿਆਦਾ ਬਿਜਲੀ ਖਪਤਕਾਰਾਂ ਨੂੰ ਮਿਲਿਆ ਹੈ। ਇਨ੍ਹਾਂ ਦਾ ਮਹੀਨਾਵਾਰ ਬਿਜਲੀ ਬਿੱਲ ਸਿਫ਼ਰ ਆ ਰਿਹਾ ਹੈ। ਸੂਬੇ ’ਚ ਇਕ ਲੱਖ 16 ਹਜ਼ਾਰ ਮੁਲਾਜ਼ਮ ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਹਨ, ਯਾਨੀ ਇਨ੍ਹਾਂ ਦੀ ਨਿਯੁਕਤੀ 2003 ਤੋਂ ਬਾਅਦ ਹੋਈ ਹੈ। ਸੂੁਬੇ ’ਚ ਕਰੀਬ ਸਵਾ ਲੱਖ ਪੈਨਸ਼ਨਰ ਹਨ। ਆਊਟਸੋਰਸ ਮੁਲਾਜ਼ਮ 75 ਹਜ਼ਾਰ ਤੋਂ ਜ਼ਿਆਦਾ ਹਨ। ਇਨ੍ਹਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਦੀ। ਨਿਯਮਤ ਮੁਲਾਜ਼ਮ ਹਿਮਾਚਲ ’ਚ ਐੱਨਪੀਐੱਸ ਨੂੰ ਮਿਲਾ ਕੇ ਦੋ ਲੱਖ ਦੇ ਲਗਪਗ ਹਨ।
ਹੌਲੀ ਰਫ਼ਤਾਰ ਨਾਲ ਸ਼ੁਰੂਆਤ, ਬਾਅਦ ’ਚ ਤੇਜ਼ੀ
ਖਿੜੀ ਧੁੱਪ ਵਿਚਾਲੇ ਮਤਦਾਨ ਸਵੇਰੇ ਅੱਠ ਵਜੇ ਹੌਲੀ ਰਫ਼ਤਾਰ ਨਾਲ ਸ਼ੁਰੂ ਹੋਇਆ। ਮਤਦਾਨ ਦੇਰ ਸ਼ਾਮ ਤਕ ਚੱਲਦਾ ਰਿਹਾ ਤੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਮਤਦਾਨ ’ਚ ਸਵੇਰੇ 10 ਵਜੇ ਤੋਂ ਬਾਅਦ ਤੇਜ਼ੀ ਆਈ। ਮਤਦਾਨ ਕਰਨ ਵਾਲਿਆਂ ’ਚ ਔਰਤਾਂ ਤੇ ਨੌਜਵਾਨਾਂ ਦੇ ਨਾਲ ਬਜ਼ੁਰਗਾਂ ਦਾ ਜੋਸ਼ ਦੇਖਣ ਵਾਲਾ ਸੀ। ਪਹਿਲੇ ਘੰਟੇ ’ਚ ਸਿਰਫ਼ ਪੰਜ ਫ਼ੀਸਦੀ ਮਤਦਾਨ ਹੋਇਆ।