ਮੋਗਾ, 1 ਜੁਲਾਈ (ਮਨਮੀਤ ਸੰਧੂ, ਗੁਰਮੀਤ ਸਿੰਘ)- ਮੋਗਾ ਦੇ ਨੇੜੇ ਪੈਂਦੇ ਪਿੰਡ ਖੋਸਾ ਕੋਟਲਾ ਵਿਖੇ ਜ਼ਮੀਨੀ ਵਿਵਾਦ ਕਾਰਨ ਚੱਲੀ ਗੋਲੀ ਵਿੱਚ ਪਿਤਾ ਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸੂਬੇਦਾਰ ਪਾਲ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ। ਮ੍ਰਿਤਕ ਦੇ ਸੂਬੇਦਾਰ ਪਾਲ ਸਿੰਘ ਦੇ ਚਾਚਾ ਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਹੈ। ਕਿ ਦਰਸ਼ਨ ਸਿੰਘ ਅਤੇ ਮੁਖਤਿਆਰ ਸਿੰਘ ਵਿਚਕਾਰ ਪੈਲੀ (ਜ਼ਮੀਨ) ਦਾ ਰੌਲਾ ਚੱਲ ਰਿਹਾ ਸੀ। ਜਿਸ ਦੀ ਅੱਜ ਤੋਂ ਤਿੰਨ ਸਾਲ ਪਹਿਲਾਂ ਪੰਚਾਇਤੀ ਤੌਰ ’ਤੇ ਵੰਡ ਹੋ ਚੁੱਕੀ ਸੀ। ਪ੍ਰੰਤੂ ਮੁਖਤਿਆਰ ਸਿੰਘ ਝਗੜੇ ਵਾਲੀ ਮੋਟਰ ਦਾ ਪਾਣੀ ਖਾਲ ਦੁਆਰਾ ਦਰਸ਼ਨ ਸਿੰਘ ਦੇ ਖੇਤਾਂ ਨੂੰ ਜਾਂਦਾ ਸੀ। ਪਰ ਮੁਖਤਿਆਰ ਸਿੰਘ ਨੇ ਖਾਲ ਦੇ ਪਾਣੀ ਨੂੰ ਮਿੱਟੀ ਦਾ ਬੰਨ ਮਾਰ ਕੇ ਦਰਸ਼ਨ ਸਿੰਘ ਦੇ ਖੇਤਾਂ
ਵਿੱਚ ਜਾਣ ਤੋਂ ਰੋਕ ਦਿੰਦਾ ਸੀ। ਜਿਸ ਕਾਰਨ ਉਨ੍ਹਾਂ ਵਿੱਚ ਹਮੇਸ਼ਾ ਇਸ ਗੱਲ ਦਾ ਝਗੜਾ ਰਹਿੰਦਾ ਸੀ। ਇਹ ਝਗੜਾ ਇੱਥੋਂ ਤੱਕ ਵਧ ਗਿਆ ਕਿ ਅੱਜ ਸਵੇਰੇ 6.30 ਦੇ ਕਰੀਬ ਦਰਸ਼ਨ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਸੂਬੇਦਾਰ ਪਾਲ ਸਿੰਘ ਖੇਤ ਪਹੁੰਚੇ ਤਾਂ ਮੁਖਤਿਆਰ ਸਿੰਘ, ਪਿਆਰਾ ਸਿੰਘ, ਤਾਰ ਸਿੰਘ, ਜਸਪਾਲ ਸਿੰਘ ਅਤੇ ਰਛਪਾਲ ਸਿੰਘ ਖੇਤ ਵਿੱਚ ਮੌਜੂਦ ਸਨ ਅਤੇ ਉਨ੍ਹਾਂ ਨੇ ਦਰਸ਼ਨ ਸਿੰਘ ਦੇ ਖੇਤਾਂ ਵਿੱਚ ਜਾ ਰਹੇ ਪਾਣੀ ਨੂੰ ਬੰਨ੍ਹ ਮਾਰ ਕੇ ਰੋਕਿਆ ਹੋਇਆ ਸੀ। ਜਦ ਦਰਸ਼ਨ ਸਿੰਘ ਅਤੇ ਉਸ ਦੇ ਪੁੱਤਰ ਸੂਬੇਦਾਰ ਪਾਲ ਸਿੰਘ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਮੁਖਤਿਆਰ ਸਿੰਘ ਹੁਣਾਂ ਨੇ ਦਰਸ਼ਨ ਸਿੰਘ ਅਤੇ ਉਸ ਦੇ ਪੁੱਤਰ ਪਾਲ ਸਿੰਘ ਉਪਰ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਉਨ੍ਹਾਂ ਦੋਹਾਂ ਦੀ ਮੌਕੇ ’ਤੇ ਮੌਤ ਹੋ ਗਈ। ਪਤਾ ਚੱਲਣ ’ਤੇ ਜਦ ਪਰਿਵਾਰ ਵਾਲਿਆਂ ਨੇ ਇਸ ਘਟਨਾ ਦੀ ਇਤਲਾਹ ਕੋਟ-ਈਸੇ ਖਾਂ ਦੇ ਥਾਨੇ ਵਿੱਚ ਕੀਤੀ ਤਾਂ ਉਥੋਂ ਦੇ ਐਸ ਐਚ ਓ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੀ ਜਾਣ ’ਤੇ ਪਰਿਵਾਰ ਵੱਲੋਂ ਰੋਸ ਕਰਦੇ ਹੋਏ ਮ੍ਰਿਤਕ ਦਰਸ਼ਨ ਸਿੰਘ ਅਤੇ ਉਸ ਦੇ ਪੁੱਤਰ ਸੂਬੇਦਾਰ ਪਾਲ ਸਿੰਘ ਦੀਆਂ ਲਾਸ਼ਾ ਨੂੰ ਮੋਗਾ ਦੇ ਮੇਨ ਚੌਂਕ ਵਿੱਚ ਰੱਖ ਕੇ ਧਰਨਾ ਦਿੱਤਾ।