ਚੰਡੀਗੜ੍ਹ, 30 ਜੂਨ (ਪੀ.ਟੀ.)-ਪੰਜਾਬ ਦੀਆਂ ਜੇਲਾਂ ਵਿੱਚ ਨਸ਼ਿਆਂ ਨੂੰ ਮੁਕੰਮਲ ਤੌਰ ’ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਯੋਜਨਾ ਤਹਿਤ ਸੂਹੀਆ ਕੁੱਤਿਆਂ ਦੀ ਭਰਤੀ ਕੀਤੀ ਜਾ ਰਹੀ ਹੈ। ਪਹਿਲੇ ਪੜਾਅ ਤਹਿਤ ਵਧੀਆ ਨਸਲ ਦੇ 8 ਕੁੱਤਿਆਂ ਦੀ ਖ਼ਰੀਦ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਲਈ ਫ਼ਿਲੌਰ ਸਥਿਤ ਪੰਜਾਬ ਪੁਲਿਸ ਅਕਾਦਮੀ ਵਿਖੇ ਭੇਜਿਆ ਗਿਆ ਹੈ। ਇਹ ਜਾਣਕਾਰੀ ਜੇਲ ਮੰਤਰੀ ਸ. ਸੋਹਣ ਸਿੰਘ ਠੰਡਲ ਵਲੋਂ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਖ਼ਰੀਦ ਕੀਤੇ ਕੁੱਤਿਆਂ ਵਿੱਚ 6 ਲੈਬਰਾ ਨਸਲ ਅਤੇ 2 ਜਰਮਨ ਸ਼ੈਫ਼ਰਡ ਨਸਲ ਦੇ ਸੂਹੀਆ ਕੁੱਤੇ ਹਨ। ਸ. ਠੰਡਲ ਨੇ ਦੱਸਿਆ ਕਿ ਪੰਜਾਬ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿਥੇ ਜੇਲਾਂ ਅੰਦਰ ਨਸ਼ਿਆਂ ਨੂੰ ਰੋਕਣ ਲਈ ਇਨ੍ਹਾਂ ਕੁੱਤਿਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਦੁਨੀਆਂ ਭਰ ਵਿੱਚ ਅਤਿ-ਸੰਵੇਦਨਸ਼ੀਲ ਥਾਵਾਂ ਦੀ ਰਾਖੀ ਅਤੇ ਨਸ਼ਿਆਂ ਸਮੇਤ ਵਿਸਫੋਟਕ ਸਮੱਗਰੀ ਦੀ ਨਿਸ਼ਾਨਦੇਹੀ ਕਰਨ ਲਈ ਸੂਹੀਆ ਕੁੱਤਿਆਂ ਦੀ ਮਦਦ ਬੜੀ ਪ੍ਰਚੱਲਤ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵੱਲੋਂ ਖ਼ਰੀਦੇ ਗਏ ਇਨ੍ਹਾਂ 8 ਸੂਹੀਆ ਕੁੱਤਿਆਂ ਨੂੰ ਸਿਖਲਾਈ ਉਪਰੰਤ 8 ਪ੍ਰਮੁੱਖ ਜੇਲਾਂ ਵਿੱਚ ਤੈਨਾਤ ਕੀਤਾ ਜਾਵੇਗਾ ਅਤੇ ਸਫ਼ਲ ਕਾਰਗੁਜ਼ਾਰੀ ਮਗਰੋਂ ਪੰਜਾਬ ਦੀਆਂ ਸਾਰੀਆਂ ਜੇਲਾਂ ਵਿੱਚ ਸੂਹੀਆ ਕੁੱਤਿਆਂ ਨੂੰ ਤੈਨਾਤ ਕੀਤਾ ਜਾਵੇਗਾ।ਜੇਲ ਮੰਤਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਅਕਾਦਮੀ ਭੇਜੇ ਗਏ ਇਨ੍ਹਾਂ ਕੁੱਤਿਆਂ ਨੂੰ 32 ਹਫ਼ਤਿਆਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਇਸ ਸਿਖਲਾਈ ਦੌਰਾਨ ਇਨ੍ਹਾਂ ਕੁੱਤਿਆਂ ਦੀ ਦੇਖ ਭਾਲ ਕਰਨ ਲਈ 16 ਪੁਲਿਸ ਮੁਲਾਜ਼ਮ ਬਤੌਰ ‘ਡਾਗ ਹੈਂਡਲਰ’ ਵਜੋਂ ਅਤੇ 4 ਸਫ਼ਾਈ ਮੁਲਾਜ਼ਮ ਪੰਜਾਬ ਪੁਲਿਸ ਅਕਾਦਮੀ ਫ਼ਿਲੌਰ ਵਿਖੇ ਭੇਜੇ ਗਏ ਹਨ। ਸ. ਠੰਡਲ ਨੇ ਦੱਸਿਆ ਕਿ ਸਿਖਲਾਈ ਮੁਕੰਮਲ ਹੋਣ ਪਿੱਛੋਂ ਇਨ੍ਹਾਂ ਸੂਹੀਆ ਕੁੱਤਿਆਂ ਨੂੰ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਨਾਭਾ, ਗੁਰਦਾਸਪੁਰ, ਫ਼ਿਰੋਜ਼ਪੁਰ ਅਤੇ ਜ¦ਧਰ ਸਥਿਤ ਕੇਂਦਰੀ ਜੇਲਾਂ ’ਚ ਤੈਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰੀ ਜੇਲਾਂ ’ਚ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਤੋਂ ਇਲਾਵਾ ਇਨ੍ਹਾਂ ਸੂਹੀਆ ਕੁੱਤਿਆਂ ਦੀ ਵਰਤੋਂ ਅਚਾਨਕ ਤਲਾਸ਼ੀ ਲਈ ਛੋਟੀਆਂ ਜੇਲਾਂ ਵਿੱਚ ਵੀ ਕੀਤੀ ਜਾਵੇਗੀ।