June 8, 2026 2:35 pm

ਸੁੰਨੀ ਅੱਤਵਾਦੀਆਂ ਦਾ ਇਰਾਕ ਦੇ ਹੋਰ ਸ਼ਹਿਰਾਂ ‘ਤੇ ਕਬਜ਼ਾ, ਅਮਰੀਕਾ ਵੱਲੋਂ ਹੋਰ ਦੇਸ਼ਾਂ ’ਚ ਗੜਬੜ ਫੈਲਣ ਦੀ ਚਿਤਾਵਨੀ

ਬਗਦਾਦ, 23 ਜੂਨ (ਪੀ. ਟੀ) – ਪੱਛਮੀ ਇਰਾਕ ਦੇ ਕਈ ਸ਼ਹਿਰਾਂ ਤੋਂ ਫ਼ੌਜ ਦੇ ਪਿੱਛੇ ਹਟਣ ਪਿੱਛੋਂ ਸੁੰਨੀ ਅੱਤਵਾਦੀ ਅੱਗੇ ਵਧ ਰਹੇ ਹਨ ਤੇ ਉਨ੍ਹਾਂ ਨੇ 21 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਧਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਚਿਤਾਵਨੀ ਦਿੱਤੀ ਕਿ ਹੋਰ ਦੇਸ਼ਾਂ ‘ਚ ਗੜਬੜ ਫੈਲ ਸਕਦੀ ਹੈ। ਇਰਾਕੀ ਫ਼ੌਜ ਨੂੰ ਨੁਕਸਾਨ ਦੀ ਲੜੀ ‘ਚ ਇਹ ਤਾਜ਼ਾ ਝਟਕਾ ਹੈ। ਹਿੰਸਾ ਕਾਰਨ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ ਤੇ ਦੇਸ਼ ਦੇ ਟੁੱਟ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜੱਹਾਦੀ ਇਸਲਾਮਿਕ ਸਟੇਟ ਆਫ ਇਰਾਕ ਤੇ ਲੇਵਾਂਤ ਦੀ ਅਗਵਾਈ ਵਾਲੇ ਅੱਤਵਾਦੀਆਂ ਨੇ ਸਨਿਚਰਵਾਰ ਅਲ ਕੈਮ ਸਰਹੱਦੀ ਲਾਂਘੇ ਪਿੱਛੋਂ ਕਲ੍ਹ ਰਵਾ ਤੇ ਅਨਾ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆ। ਅਧਿਕਾਰੀਆਂ ਤੇ ਡਾਕਟਰਾਂ ਮੁਤਾਬਕ ਅੱਤਵਾਦੀਆਂ ਨੇ ਰਵਾ ਤੇ ਅਨਾ ‘ਚ ਦੋ ਦਿਨ ਦੇ ਖੂਨ ਖਰਾਬੇ ‘ਚ 21 ਸਥਾਨਕ ਨੇਤਾਵਾਂ ਨੂੰ ਮਾਰ ਦਿੱਤਾ। ਸਰਕਾਰ ਨੇ ਕਿਹਾ ਕਿ ਉਸ ਦੇ ਸੁਰੱਖਿਆ ਬਲ ਸ਼ਹਿਰਾਂ ਤੋਂ ਰਣਨੀਤਕ

ਤੌਰ ‘ਤੇ ਪਿੱਛੇ ਹਟ ਰਹੇ ਹਨ। ਸ਼ਹਿਰਾਂ ‘ਤੇ ਕੰਟਰੋਲ ਨਾਲ ਅੱਤਵਾਦੀਆਂ ਲਈ ਗੁਆਂਢੀ ਦੇਸ਼ ਸੀਰੀਆ ਲਈ ਰਸਤਾ ਖੁਲ੍ਹ ਗਿਆ ਹੈ। ਸੁੰਨੀ ਅੱਤਵਾਦੀ ਇਰਾਕ ਤੇ ਸੀਰੀਆ ਨੂੰ ਮਿਲਾ ਕੇ ਇਕ ਇਸਲਾਮੀ ਮੁਲਕ ਬਣਾਉਣਾ ਚਾਹੁੰਦੇ ਹਨ। ਅਮਰੀਕਾ ਚਾਹੁੰਦਾ ਹੈ ਕਿ ਅਰਬ ਦੇਸ਼ ਸਰਕਾਰ ਦੇ ਗਠਨ ਲਈ ਇਰਾਕ ਨੇਤਾਵਾਂ ‘ਤੇ ਦਬਾਅ ਬਣਾਉਣ। ਉਥੇ ਅਪ੍ਰੈਲ ਮਹੀਨੇ ਹੋਈਆਂ ਚੋਣਾਂ ਪਿੱਛੋਂ ਮਾਮੂਲੀ ਪ੍ਰਗਤੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀ. ਬੀ. ਐਸ. ‘ਤੇ ਐਤਵਾਰ ਨੂੰ ਇਕ ਮੁਲਾਕਾਤ ‘ਚ ਕਿਹਾ ਕਿ ਚੌਕਸ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਸੁੰਨੀ ਅੱਤਵਾਦੀਆਂ ਦੇ ਹਮਲਾਵਰ ਕਦਮ ਨਾਲ ਇਸ ਖੇਤਰ ਦੇ ਦੂਸਰੇ ਦੇਸ਼ਾਂ ‘ਚ ਵੀ ਅਸਥਿਰਤਾ ਪੈਦਾ ਹੋ ਸਕਦੀ ਹੈ।

Send this to a friend