ਨਵੀਂ ਦਿੱਲੀ, 21 ਜੂਨ (ਪੀ. ਟੀ)- ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨਵਾਜ ਸ਼ਰੀਫ ਦਿੱਲੀ ਵਿੱਚ ਲੱਗੇ ਤਿਰੰਗੇ ਤੋਂ ਇੰਨੇ ਜਿਆਦਾ ਪ੍ਰਭਾਵਿਤ ਹੋਏ ਹਨ ਕਿ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਵੀ ਅਜਿਹਾ ਹੀ ਇੱਕ ਝੰਡਾ ਲਗਾਉਣ ਦੀ ਪਹਿਲ ਕਰ ਦਿੱਤੀ ਹੈ। ਇਹ ਖਬਰ ਪਾਕਿਸਤਾਨੀ ਅਖਬਾਰ ਡਾਨ ਨੇ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਇਸਲਾਮਾਬਾਦ ਵਿੱਚ 541 ਵਰਗਫੁੱਟ ਦਾ ਝੰਡਾ ਲਗਾਉਣ ਦਾ ਆਦੇਸ਼ ਦੇ ਦਿੱਤਾ ਹੈ। ਇਹ ਵਿਸ਼ਾਲ ਝੰਡਾ 200 ਫੁੱਟ ਦੇ ਇੱਕ ਪੋਲ ’ਤੇ ਲਗਾਇਆ ਜਾਵੇਗਾ। ਇਸ ਨੂੰ ਲਗਾਉਣ ਦਾ ਕੰਮ ਕੈਪਿਟਲ ਡਿਵੈਲਪਮੈਂਟ ਅਥਾਰਟੀ ਕਰੇਗੀ। ਅਥਾਰਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਚੇਅਰਮੈਨ ਨੂੰ ਖੁਦ ਨਵਾਜ ਸ਼ਰੀਫ ਨੇ ਇਹ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੀ ਐਮ ਦੇ ਮਨ ਵਿੱਚ ਇਹ ਵਿਚਾਰ ਨਵੀਂ ਦਿੱਲੀ ਵਿੱਚ ਭਾਰਤ
ਦੇ ਵਿਸ਼ਾਲ ਝੰਡੇ ਨੂੰ ਦੇਖ ਕੇ ਆਇਆ। ਇਹ ਝੰਡਾ 207 ਫੁੱਟ ਦਾ ਹੈ। ਇਸ ਨੂੰ ਨਵਾਜ ਸ਼ਰੀਫ ਨੇ ਆਪਣੇ ਭਾਰਤ ਦੌਰੇ ਦੌਰਾਨ ਦੇਖਿਆ ਸੀ। ਅਥਾਰਟੀ ਨੇ ਇਸ ਲਈ ਤਿੰਨ ਜਗ੍ਹਾਂ ਦੀ ਤਲਾਸ਼ ਕਰ ਲਈ ਹੈ ਪਰ ਸਮੱਸਿਆ ਹੈ ਕਿ ਇੰਨਾ ਵੱਡਾ ਝੰਡਾ ਬਨਾਉਣ ਅਤੇ ਲਗਾਉਣ ਲਈ ਇਥੇ ਕਿਸੇ ਨੂੰ ਕੋਈ ਤਜੁਰਬਾ ਨਹੀਂ ਹੈ। ਇਸ ਲਈ 200 ਫੁੱਟ ਦਾ ਪੋਲ ਕਿਸ ਤਰ੍ਹਾਂ ਬਣੇਗਾ, ਇਹ ਵੀ ਕਿਸੇ ਦੀ ਸਮਝ ਵਿੱਚ ਨਹੀਂ ਆ ਰਿਹਾ ਹੈ। ਪਲੈਨਿੰਗ ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪੋਲ ਮਜਬੂਤ ਹੋਣਾ ਚਾਹੀਦਾ ਹੈ ਤਾਂ ਕਿ ਇਹ ਝੰਡੇ ਦਾ ਭਾਰ ਅਸਾਨੀ ਨਾਲ ਸੰਭਾਲ ਸਕੇ ਅਤੇ ਤੇਜ ਹਵਾਵਾਂ ਦਾ ਵੀ ਸਾਹਮਣਾ ਕਰ ਸਕੇ। ਇਹ ਆਸਾਨ ਨਹੀਂ ਹੈ। ਨਵਾਜ ਸ਼ਰੀਫ ਨੂੰ ਉਮੀਦ ਹੈ ਕਿ ਇਸ ਵਿਸ਼ਾਲ ਝੰਡੇ ਨੂੰ ਦੇਖ ਕੇ ਲੋਕਾਂ ਦੇ ਮਨਾਂ ਵਿੱਚ ਦੇਸ਼ਭਗਤੀ ਦਾ ਭਾਵ ਜਾਗੇਗਾ। ਪਾਕਿਸਤਾਨ ਇਸ ਸਮੇਂ ਗ੍ਰਹਿ ਯੁਧ ਦੀ ਕਗਾਰ ’ਤੇ ਹੈ ਅਤੇ ਕਈਂ ਗੁੱਟਾਂ ’ਚ ਵੰਡਿਆ ਹੋਇਆ ਹੈ।