ਫ਼ਾਜ਼ਿਲਕਾ, 21 ਜੂਨ (ਪੀ. ਟੀ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ 2 ਵਿਅਕਤੀਆਂ ਨੂੰ 35 ਲੱਖ ਰੁਪਏ ਦੀ ਹਵਾਲਾ ਰਾਸ਼ੀ ਦੇ ਨਾਲ ਕਾਬੂ ਕੀਤਾ ਹੈ। ਇਹ ਰਾਸ਼ੀ ਰਾਜਸਥਾਨ ਤੋਂ ਪੰਜਾਬ ਦੇ ਸ਼ਹਿਰ ਲੁਧਿਆਣਾ ਲਿਜਾਈ ਜਾ ਰਹੀ ਸੀ। ਐੱਸ. ਪੀ. ਡੀ. ਗੁਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀ. ਆਈ. ਏ ਸਟਾਫ਼ ਫ਼ਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਬਲਕਾਰ ਸਿੰਘ ਦੀ ਅਗਵਾਈ ਹੇਠ ਐੱਸ. ਆਈ ਹਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੰਗਾਨਗਰ-ਅਬੋਹਰ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕੇਬੰਦੀ ਦੌਰਾਨ ਉਨ੍ਹਾਂ ਇਕ ਪ੍ਰਾਈਵੇਟ ਬੱਸ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ ਦੇਸਾਈ ਰਾਜੇਸ਼ ਭਾਈ ਪੁੱਤਰ ਮਾਲਜੀ ਭਾਈ, ਵਾਸੀ ਪਿੰਡ ਕੇਸਨੀ, ਜ਼ਿਲ੍ਹਾ ਪਾਟੀਨ (ਗੁਜਰਾਤ) ਪਾਸੋਂ 15 ਲੱਖ ਰੁਪਏ ਅਤੇ ਜਿਗਰ ਪੁੱਤਰ ਬਾਬੂ ਚੌਹਾਨ
ਰਾਜਪੁਰਾ, ਵਾਸੀ ਗੈਰੀਟਾ ਜ਼ਿਲ੍ਹਾ ਮਹੇਸਾਨਾ (ਗੁਜਰਾਤ) ਪਾਸੋਂ 20 ਲੱਖ ਰੁਪਏ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਦੱਸਿਆ ਕਿ ਉਹ ਇਹ ਰਾਸ਼ੀ ਵਿਸ਼ਨੂੰ ਭਾਈ ਪੁੱਤਰ ਅੰਬਾ ਲਾਲ, ਵਾਸੀ ਕੇਤਲੀ ਮੰਦਿਰ ਰੋਡ, ਅਮਰਦੀਪ ਸੁਸਾਇਟੀ ਪਾਟਨ ਹਾਲ ਸ੍ਰੀ ਗੰਗਾਨਗਰ ਤੋਂ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਆਪਣੀਆਂ ਕਮੀਜ਼ਾਂ ਥੱਲੇ ਜੈਕਟਾਂ ਪਾਈਆ ਹੋਈਆਂ ਸਨ ਤੇ ਜੈਕਟਾਂ ਦੀਆਂ ਜੇਬਾਂ ਵਿਚ 1000 ਤੇ 500 ਦੀਆਂ ਨੋਟਾਂ ਦੀਆਂ ਗੱਟੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਇਹ ਰਾਸ਼ੀ ਕੋਰੀਅਰ ਦੇ ਜਰੀਏ ਗੰਗਾਨਗਰ ਆਈ ਸੀ ਅਤੇ ਇੱਥੋਂ ਉਕਤ ਵਿਅਕਤੀ ਲੁਧਿਆਣਾ ਵਿਖੇ ਠਾਕਰ ਜੋਈਸ ਕੁਮਾਰ ਪੁੱਤਰ ਦਸ਼ਰਥ ਭਾਈ, ਵਾਸੀ ਕੇਸ਼ਨੀ ਹਾਲ ਸ਼ਾਮ ਨਗਰ ਲੁਧਿਆਣਾ ਦੇ ਕੋਲ ਪਹੁੰਚਾਉਣੀ ਸੀ। ਇਸ ਸੰਬੰਧੀ ਡਾਇਰੈਕਟਰ ਇਨਫੋਰਸਮੈਂਟ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।