ਲੁਧਿਆਣਾ, 19 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਸਪੱਸ਼ਟ ਕੀਤਾ ਹੈ ਕਿ ਆਉਂਦੀਆਂ ਦਿੱਲੀ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰੇਗਾ, ਜੋ ਕਿ ਭਾਜਪਾ ਨਾਲ ਮਿਲਕੇ ਚੋਣ ਲੜਨਗੇ। ਸਹੁੰ ਚੁੱਕ ਸਮਾਗਮ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ‘ਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਨ ਪਿੱਛੋਂ ਦਿੱਲੀ ਵਿਖੇ ਅਕਾਲੀ ਦਲ ਦਾ ਆਧਾਰ ਬਹੁਤ ਮਜ਼ਬੂਤ ਹੋਇਆ ਹੈ ਤੇ ਅਕਾਲੀ ਦਲ ਪੰਜਾਬ ਤੋਂ ਬਾਹਰ ਆਪਣਾ ਘੇਰਾ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਹਰਿਆਣਾ ਤੇ ਦਿੱਲੀ ਦੇ ਲੋਕ ਸਭਾ ਹਲਕਿਆਂ ਤੋਂ ਉਮਦਵਾਰ ਉਤਾਰ ਸਕਦਾ ਹੈ ਪਰ ਇਸ ਲਈ ਪਾਰਟੀ ਵਲੋਂ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਦੀ ਹਾਲਤ ਦੇਖਕੇ ਲਗਦਾ ਹੈ ਕਿ ਆਮ ਚੋਣਾਂ ਇਸੇ ਸਾਲ ਦਸੰਬਰ ਵਿਚ ਹੋ ਸਕਦੀਆਂ ਹਨ। ਮਨਪ੍ਰੀਤ ਦੇ ਕਾਂਗਰਸ ਨਾਲ ਹੱਥ ਮਿਲਾਉਣ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਜ਼ੀਰੋ ਦੇ ਜ਼ੀਰੋ ਨਾਲ ਮਿਲਣ ‘ਤੇ ਵੀ ਉਹ ਜ਼ੀਰੋ ਹੀ ਰਹਿੰਦੀ ਹੈ।



