Skip to content
Independent perspectives. Global stories.
BREAKING

ਸੁਖਬੀਰ ਬਾਦਲ ਵਲੋਂ 146 ਪੰਚਾਇਤ ਸੰਮਤੀਆਂ ਦੇ ਨਵੇਂ ਚੁਣੇ 2731 ਮੈਂਬਰਾਂ ਨੂੰ ਚੁਕਾਈ ਗਈ ਸਹੁੰ

Share this story

ਲੁਧਿਆਣਾ, 19 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ  ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਚਾਇਤ  ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਨਵੇਂ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ  ਹੈ ਕਿ ਉਹ ਵਿਕਾਸ ਦੇ ਲਾਭਾਂ ਨੂੰ ਪਿੰਡਾਂ  ਤੱਕ ਪਹੁੰਚਾਉਣ ਤਾਂ ਜੋ ਸੂਬੇ ਦਾ ਹਰ ਪਿੰਡ ਵਿਕਾਸ ਦਾ ਇੰਜਣ ਬਣ ਸਕੇ।
sukhbir singh next cm
ਅੱਜ ਇੱਥੇ  ਨਵੇਂ ਚੁਣੇ ਹੋਏ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੈਂਬਰਾਂ ਨੂੰ ਸਹੁੰ ਚੁਕਾਉਣ ਪਿੱਛੋਂ ਸੂਬੇ ਦੇ ਪਿੰਡਾਂ ਦੇ ਵਿਕਾਸ ਲਈ 10 ਹਜ਼ਾਰ ਕਰੋੜ ਰੁਪੈ ਦੀ ਵਿਕਾਸ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਰਾਜ ਦੇ ਵੋਟਰ ਬਹੁਤ ਸੂਝਵਾਨ ਹਨ ਤੇ ਉਹ ਐਂਟ ਇੰਕਨਬੈਂਸੀ (ਸਥਾਪਤੀ ਵਿਰੋਧੀ ਰੁਝਾਨ) ਨੂੰ ਕੋਈ ਮਹੱਤਤਾ ਨਹੀਂ ਦਿੰਦੇ।  ਉਨ੍ਹਾਂ ਕਿਹਾ ਕਿ ਇਹ  ਇਕ ਸਮਰੱਥ ਲੋਕਤੰਤਰ ਦੀ ਨਿਸ਼ਾਨੀ ਹੈ ਕਿ ਪੰਜਾਬ ਦੇ ਲੋਕਾਂ ਨੇ ਕੰਮ ਦੇ ਆਧਾਰ ‘ਤੇ ਪ੍ਰਤਿਨਧੀਆਂ ਨੂੰ ਚੁਣਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨਵੇਂ ਚੁਣੇ  ਪ੍ਰਤੀਨਿਧੀਆਂ ਨੂੰ ਕਿਹਾ ਕਿ ‘ਲੋਕਾਂ ਨੇ ਤੁਹਾਨੂੰ  ਵੱਡੀ ਜਿੰਮੇਵਾਰੀ ਸੌਂਪੀ ਹੈ ਤੇ ਹੁਣ  ਇਹ ਤੁਹਾਡੀ ਜਿੰਮੇਵਾਰੀ ਹੈ ਕਿ ਤੁਸੀਂ  ਚੋਣਾਂ ਦੌਰਾਨ ਉਨ੍ਹਾਂ ਨਾਲ ਕੀਤੇ ਵਾਅਦਿਆਂ ‘ਤੇ ਖਰੇ ਉਤਰੋ’। ਆਟਾ ਦਾਲ ਸਕੀਮ ਤਹਿਤ ਵਾਂਝੇ ਰਹਿ ਗਏ ਯੋਗ ਲਾਭਪਾਤਰੀਆਂ ਨੂੰ ਯੋਜਨਾ ਦੇ ਦਾਇਰੇ ਹੇਠ ਲਿਆਉਣ ਲਈ ਸ. ਬਾਦਲ ਨੇ ਇਸ ਸਕੀਮ ਲਈ ਨਵਾਂ ਸਰਵੇ ਕਰਵਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਲੋਕਾਂ ਨੂੰ ਲੱਕ ਤੋੜਵੀਂ ਮਹਿੰਗਾਈ ਦੀ ਮਾਰ ਤੋਂ ਬਚਾਉਣ ਲਈ ਅਜਿਹੀ ਯੋਜਨਾ ਦੀ 6 ਸਾਲ ਪਹਿਲਾਂ ਸ਼ੁਰੂਆਤ ਕੀਤੀ। ਕੇਂਦਰ ਸਰਕਾਰ ਦੇ ਭੋਜਨ ਸੁਰੱਖਿਆ ਬਿੱਲ ਨੂੰ ਉਨ੍ਹਾਂ ਪੰਜਾਬ ਦੀ ਆਟਾ ਦਾਲ ਸਕੀਮ ਦੀ ਧੁੰਦਲੀ ਕਾਪੀ ਕਰਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਚੋਣ ਮੈਨੀਫੌਸਟੋ ‘ਚ ਕੀਤੇ ਸਾਰੇ ਵਾਅਦੇ ਅਗਲੇ 2 ਸਾਲਾਂ ਦੌਰਾਨ ਪੂਰੇ ਕਰਨ ਦਾ ਵਾਅਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ  ਅਗਲੇ 2 ਮਹੀਨਿਆਂ ‘ਚ ਵਿਦਿਆਰਥੀਆਂ ਨੂੰ ਟੈਬਲੈਟ ਦੇਣ, ਵਿਦਿਆਰਥਣਾਂ ਨੂੰ ਸਾਈਕਲ ਦੇਣ , ਮੈਰਿਟ ਵਾਲੇ ਵਿਦਿਆਰਥੀਆਂ ਨੂੰ 30 ਹਜ਼ਾਰ ਰੁਪੈ ਵਜ਼ੀਫਾ ਦੇਣ ਦਾ ਕੰਮ ਪੂਰਾ ਹੋ ਜਾਵੇਗਾ। ਸ. ਬਾਦਲ ਨੇ ਕਿਹਾ ਕਿ  ਸੂਬੇ ਵਿਚ ਜਿੱਥੇ ਜਿਲ੍ਹਾ ਪ੍ਰੀਸ਼ਦ  ਤੇ ਬਲਾਕ ਸੰਮਤੀ ਦੀਆਂ ਚੋਣਾਂ ਆਜਾਦ, ਨਿਰਪੱਖ ਤੇ ਸ਼ਾਂਤਮਈ ਤਰੀਕੇ ਨਾਲ ਕਰਵਾ ਕੇ ਦੇਸ਼  ਭਰ ਲਈ ਇਕ ਮਿਸਾਲ ਕਾਇਮ ਕੀਤੀ ਗਈ ਹੈ ਉੱਥੇ ਵਿਰੋਧੀ ਪਾਰਟੀਆਂ ਦੇ ਝੂਠੇ ਪ੍ਰਾਪੇਗੰਡੇ ਦੀ ਵੀ ਫੂਕ ਨਿਕਲ ਗਈ ਹੈ। ਉਨ੍ਹਾਂ ਕਿਹਾ ਕਿ ਇਹ ਤਸੱਲੀ ਵਾਲੀ ਗੱਲ ਹੈ ਕਿ ਹਾਲ ਹੀ ਵਿਚ ਪੰਚਾਇਤ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪਿੱਛੋਂ ਪੰਚਾਇਤੀ ਚੋਣਾਂ ਦੌਰਾਨ ਵੀ ਸ਼ਾਂਤਮਈ ਤਰੀਕੇ ਨਾਲ 13047 ਪਿੰਡਾਂ ਵਿਚ ਸਰਪੰਚਾਂ ਤੇ 81190 ਪੰਚਾਂ ਦੀ ਚੋਣ ਹੋਈ ਹੈ, ਜਿਸ ਨਾਲ ਹੇਠਲੇ ਪੱਧਰ ‘ਤੇ ਲੋਕਤੰਤਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਵਿਧਾਨ ਦੀ 73 ਵੀਂ ਸੋਧ ਲਾਗੂ ਕਰਕੇ ਪੰਚਾਇਤੀ ਚੋਣਾਂ ਵਾਰਡਬੰਦੀ ਅਨੁਸਾਰ ਕਰਵਾਈ ਗਈ ਹੈ। ਸੂਬੇ ਭਰ ਵਿਚ 1920 ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੇ ਵਖਰੇਵਿਆਂ ਤੋਂ ਉਪਰ ਉਠਕੇ ਸਰਬਸੰਮਤੀ ਕੀਤੀ।ਸ. ਬਾਦਲ ਨੇ ਕਿਹਾ ਕਿ ਉਹ ਪਿੰਡਾਂ ਦੇ ਵਿਕਾਸ ਨੂੰ ਸੂਬੇ ਦੇ ਵਿਕਾਸ ਦਾ ਆਧਾਰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲ  ਨੂੰ ਧਿਆਨ ਵਿਚ ਰੱਖਦਿਆਂ ਸੂਬੇ ਦੇ ਸਾਰੇ ਪਿੰਡਾਂ ਦੇ ਵਿਕਾਸ ਲਈ 10 ਹਜ਼ਾਰ ਕਰੋੜ ਰੁਪੈ ਦੀ ਯੋਜਨਾ ਮਨਜ਼ੂਰ ਕੀਤੀ ਗਈ ਹੈ, ਜਿਸ ਤਹਿਤ ਪੜਾਅਵਾਰ ਵਿਕਾਸ ਹੋਵੇਗਾ। ਇਸ ਮੌਕੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ, ਵਿੱਤ ਮੰਤਰੀ  ਸ. ਪਰਮਿੰਦਰ ਸਿੰਘ ਢੀਂਡਸਾ, ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਸੰਸਦੀ  ਸਕੱਤਰ ਚੌਧਰੀ ਨੰਦ ਲਾਲ, ਮਹਿੰਦਰ ਕੌਰ  ਜੋਸ਼, ਸੋਹਣ ਸਿੰਘ ਠੰਡਲ, ਪਵਨ ਕੁਮਾਰ ਟੀਨੂੰ, ਵਿਧਾਇਕ ਦਲਜੀਤ ਸਿੰਘ ਚੀਮਾ, ਪ੍ਰੇਮ ਮਿੱਤਲ, ਬਲਜੀਤ ਸਿੰਘ ਜਲਾਲਉਸਮਾਂ, ਮਨਪ੍ਰੀਤ ਸਿੰਘ ਇਆਲੀ, ਐਸ.ਆਰ. ਕਲੇਰ, ਬਲਵਿੰਦਰ ਸਿੰਘ ਬੈਂਸ, ਬੀਬੀ ਜਗੀਰ ਕੌਰ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸੰਤਾ ਸਿੰਘ ਉਮੈਦਪੁਰੀ ਚੇਅਰਮੈਨ,ਸਾਬਕਾ ਐਮ.ਪੀ. ਗੁਰਚਰਨ ਸਿੰਘ ਗਾਲਿਬ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਬਿਕਰਮਜੀਤ ਸਿੰਘ ਖਾਲਸਾ, ਜਗਜੀਵਨ ਸਿੰਘ ਖੀਰਨੀਆਂ, ਮੇਅਰ ਹਰਚਰਨ ਸਿੰਘ ਗੋਹਲਵੜੀਆ, ਮੱਖਣ ਸਿੰਘ ਲਾਲਕਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਹੋਰ ਸੀਨੀਅਰ ਆਗੂ ਸ਼ਾਮਿਲ ਸਨ।

WRITTEN BY