ਫਰੀਦਕੋਟ, 19 ਜੁਲਾਈ (ਰਣਜੀਤ ਬਿੱਟਾ)-ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਨੇ ਆਪਣੇ ਵਿਦਿਆਰਥੀਆਂ ਲਈ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਖੇਡ ਵਿੰਗ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਅਤੇ ਐਡਵੋਕੇਟ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਬੇਸ਼ੱਕ ਨੌਜਵਾਨ ਪੀੜ੍ਹੀ ਪੜ੍ਹਾਈ ਵਿੱਚ ਕਾਫ਼ੀ ਨਿਪੁੰਨ ਹੈ

ਪਰੰਤੂ ਸਿਹਤ ਪੱਖੋਂ ਨੌਜਵਾਨ ਕਮਜ਼ੋਰ ਹਨ। ਉਹਨਾ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੋੜਣ ਲਈ ਖੇਡ ਵਿੰਗ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਸ਼੍ਰੀ ਸੇਖੋਂ ਨੇ ਕਿਹਾ ਕਿ ਖੇਡ ਵਿੰਗ ਵਿੱਚ ਜਿੰਮ, ਵੱਖ-ਵੱਖ ਖੇਡਾਂ ਦੇ ਗਰਾਉਂਡ ਅਤੇ ਮਾਹਿਰ ਕੋਚਾਂ ਨੂੰ ਭਰਤੀ ਕੀਤਾ ਜਾਵੇਗਾ ਤਾਂ ਕਿ ਬੱਚਿਆਂ ਨੂੰ ਖੇਡਾਂ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਸਵੈ-ਰੱਖਿਆ ਲਈ ਤਾਈਕਵਾਂਡੋ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਉਹਨਾ ਕਿਹਾ ਕਿ ਬਾਬਾ ਫ਼ਰੀਦ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਚੰਗੀ ਸਿਹਤ ਦੇਣ ਲਈ ਯਤਨਸ਼ੀਲ ਹੈ। ਮਹੀਪਇੰਦਰ ਸੇਖੋਂ ਨੇ ਕਿਹਾ ਕਿ ਫ਼ਰੀਦਕੋਟ ਸ਼ਹਿਰ ਨੇ ਦੇਸ਼ ਨੂੰ ਨਾਮਵਰ ਖਿਡਾਰੀ ਦਿੱਤੇ ਹਨ। ਉਹਨਾ ਕਿਹਾ ਕਿ ਖੇਡ ਵਿੰਗ ਸਥਾਪਿਤ ਹੋਣ ਨਾਲ ਦੇਸ਼ ਨੂੰ ਚੰਗੇ ਖਿਡਾਰੀ ਵੀ ਮਿਲਣ ਦੀ ਸੰਭਾਵਨਾ ਹੈ।
ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਖੇਡ ਵਿੰਗ ਸਥਾਪਿਤ ਕਰਨ ਦਾ ਫੈਸਲਾ



