April 15, 2026 7:27 pm

ਸਿਵਲ ਸਰਜਨ ਨੇ ਲੋਕਾਂ ਨੂੰ ਕਰੋਨਾ ਵਾਇਰਸ ਵਿਰੁੱਧ ਕੀਤਾ ਜਾਗਰੂਕ-ਡਰਨ ਦੀ ਨਹੀਂ ਬਲਕਿ ਸੁਚੇਤ ਅਤੇ ਜਾਗਰੂਕ ਹੋਣ ਦੀ ਲੋੜ

ਗੁਰਦਾਸਪੁਰ, 9 ਮਾਰਚ (ਅਰਵਿੰਦਰ ਮਠਾਰੂ)- ਡਾ. ਜੁਗਲ ਕਿਸ਼ੋਰ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਇਸ ਤੋਂ ਘਬਰਾਉਣ ਨਾ ਬਲਕਿ ਇਸ ਵਿਰੁੱਧ ਸੁਚੇਤ ਹੋਣ ਤੇ ਖੁਦ ਜਾਗਰੂਕ ਹੋਣ ਦੇ ਨਾਲ ਤੇ ਦੂਸਰਿਆਂ ਨੂੰ ਵੀ ਜਾਗਰੂਕ ਕਰਨ। ਉਨਾਂ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ-ਕੋਵਿਡ-19 ਦੇ ਮਾਹੋਲ ਨੂੰ ਦੇਖਦੇ ਹੋਏ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲੋਕਾਂ ਦੇ ਵੱਡੇ ਇਕੱਠ ਵਾਲੇ ਹੋਲੀ ਸਬੰਧੀ ਪ੍ਰੋਗਰਮ/ਸਮਾਗਮ ਨਾ ਕਰਵਾਏ ਜਾਣ। ਵਾਟਰ ਸਪੋਰਟਸ, ਰੇਨ-ਹੋਲੀ ਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੇ ਪ੍ਰਹੇਜ਼ ਕੀਤਾ ਜਾਵੇ। ਉਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਬਲਕਿ ਸੁਚੇਤ ਤੇ ਜਾਗਰੂਕ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਹੋਲੀ ਖੇਡਣ ਤੋਂ ਪ੍ਰਹੇਜ਼ ਕੀਤਾ ਜਾਵੇ। ਜੇਕਰ ਜਰੂਰੀ ਹੈ ਤਾਂ ਸਿਰਫ ਕੁਦਰਤੀ ਰੰਗਾਂ ਦਾ ਪ੍ਰਯੋਗ ਕਰੋ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪਿਛਲੇ 14 ਦਿਨਾਂ ਵਿਚ ਕੋਵਿਡ-19 (ਕੋਰੋਨਾ ਵਾਇਰਸ) ਨਾਲ ਪ੍ਰਭਾਵਿਤ ਖੇਤਰ ਜਾਂ ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ ਵਿਚ ਆਇਆ ਹੈ ਤਾਂ ਉਹ ਭੀੜ ਭੜੱਕੇ ਵਾਲੀ ਜਗ੍ਹਾ ਵਿਚ ਨਾ ਜਾਵੇ ਅਤੇ ਨਾ ਹੀ ਹੋਲੀ ਖੇਡੇ। ਅਜਿਹਾ ਕਰਨ ਨਾਲ ਫਲੂ ਦੂਜੇ ਲੋਕਾਂ ਵਿਚ ਵੀ ਫੈਲਣ ਦਾ ਖਤਰਾ ਹੈ। ਇਸੇ ਤਰ੍ਹਾਂ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲੰਗਰ ਲਗਾਉਣ ਸਬੰਧੀ ਵੀ ਸਲਾਹ ਦਿੱਤੀ ਗਈ ਹੈ ਕਿ ਲੰਗਰ ਖਾਣ ਤੋਂ ਪਹਿਲਾਂ ਹੱਥਾਂ ਦੀ ਚੰਗੀ ਤਰਾਂ ਸਾਫ਼ ਕਰੋ। ਲੰਗਰ ਪ੍ਰਬੰਧਕਾਂ ਵਲੋਂ ਲੰਗਰ ਵਿਚ ਬੈਠਣ ਤੋਂ ਪਹਿਲਾਂ ਤੋ ਬਾਅਦ ਸੰਗਤਾਂ ਲਈ ਸਾਬੁਣ ਨਾਲ ਹੱਥ ਧੋਣ ਦਾ ਪ੍ਰਬੰਧ ਕੀਤਾ ਜਾਵੇ। ਲੰਗਰ ਘਰ ਦੀ ਪੂਰੀ ਤਰਾਂ ਸਫਾਈ ਰੱਖੀ ਜਾਵੇ। ਕੋਸ਼ਿਸ ਕਰੋ ਕਿ ਇਕ ਪੰਗਤ ਉੱਠਣ ਤੋ ਬਾਅਦ ਸਫਾਈ ਕਰਨ ਤੋਂ ਬਾਅਦ ਦੂਜੀ ਸੰਗਤ ਨੂੰ ਬਿਠਾਇਆ ਜਾਵੇ। ਲੰਗਰ ਵਰਤਾਉਣ ਵਾਲੇ ਸੇਵਾਦਾਰਾਂ ਵਲੋਂ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਹੱਥਾਂ ਤੇ ਗਲਵਸ ਪਾਏ ਜਾਣ ਤੇ ਸਿਰ ਢੱਕ ਕੇ ਰੱਖਿਆ ਜਾਵੇ। ਸ਼ੱਕੀ ਮਰੀਜ਼ ਬਾਰੇ ਸੂਚਨਾ ਨੈਸ਼ਨਲ/ਸਟੇਟ ਕੋਟਰੋਲ ਰੂਮ ਨੰਬਰ ਜਾਂ ਹੈਲਪਲਾਈਨ ਨੰਬਰ 104 ਤੇ ਦਿਈ। ਇਸੇ ਤਰਾਂ ਸਟੇਟ ਕੰਟਰੋਲ 91 8872 090 029 ਅਤੇ ਰੂਮ ਨੰਬਰ 91 172 292 0074 ਤੇ ਵੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ 01874-240920 ਨੰਬਰ ਤੇ ਦਿੱਤੀ ਜਾਂ ਪ੍ਰਾਪਤ ਕੀਤੀ ਜਾ ਸਕਦੀ ਹੈ।

Send this to a friend