ਸਰਦਾਰ ਸੁਰਜੀਤ ਸਿੰਘ ਸਰਾਂ ਜੀ 89 ਸਾਲਾ ਸ਼ਾਨਦਾਰ ਜੀਵਨ ਸਫਰ ਨਿਭਾਕੇ ਸਾਨੂੰ ਅਲਵਿਦਾ ਆਖ ਗਏ

ਸੰਸਾਰ ਤੇ ਕੁਝ ਇਨਸਾਨ ਆਪਣੀ ਸਮਝ ਦੇ ਸੱਚੇ ਧਾਰਨੀ ਬਣਕੇ ਆਪਣੀ ਸੋਚ ਦੇ ਮੁਹਾਂਦਰੇ ਨੂੰ ਇਸ ਕਦਰ ਰੂਪ ਮਾਨ ਕਰਦੇ ਹਨ ਕਿ ਸਮਾਜ ਵਿੱਚ ਉਹਨਾਂ ਦਾ ਰੁਤਬਾ ਸਰਵਸ਼੍ਰੇਸਟਾ ਦਾ ਪੱਖੀ ਬਣ ਉਹਨਾਂ ਦੀ ਸ਼ਖਸ਼ੀਅਤ ਨੂੰ ਅਜਿਹੇ ਚਾਰ ਚੰਨ ਲਗਾ ਦਿੰਦਾ ਹੈ ਕਿ ਸਮਾਜ ਵਿੱਚ ਧਰੂ ਤਾਰੇ ਵਾਂਗ ਚਮਕਦੇ ਹਨ ਅਤੇ ਜੇਕਰ ਕੋਈ ਇਨਸਾਨ ਇੱਕ ਅਦਾਰੇ ਨਾਲ ਜੁੜਕੇ ਅਸਰਦਾਰ ਤੇ ਚਿਰ ਸਥਾਈ ਅਲੌਕਿਕ ਗਿਆਨ ਦੀ ਜਾਣਕਾਰੀ ਦੂਸਰਿਆਂ ਨੂੰ ਦੇਣ ਲਈ ਆਪਣੇ ਫਰਜਾਂ ਦੀ ਉੱਚੀ ਸਮਝ ਸਦਕਾ ਮਿਹਨਤੀ ਇਨਸਾਨ ਦੀ ਭੂਮਿਕਾ ਅਦਾ ਕਰਦਾ ਹੋਇਆ ਆਪਣੇ ਕਿੱਤੇ ਵਿੱਚੋਂ ਬੇਦਾਗ ਸ਼ਾਨਦਾਰ ਸੇਵਾਵਾਂ ਨਿਭਾਕੇ ਨੌਕਰੀ ਕਾਰਜ ਦੇ ਸਾਥੀਆਂ ਤੋਂ ਖੁਸ਼ੀ ਖੁਸ਼ੀ ਵਿਦਾਇਗੀ ਲੈ ਰਿਹਾ ਹੋਵੇ, ਇਹ ਜੰਨਤ ਕਿਸੇ ਵਿਰਲੇ ਜਨ ਦੇ ਹਿੱਸੇ ਹੀ ਆਉਂਦੀ ਹੈ। ਸਰਦਾਰ ਸੁਰਜੀਤ ਸਿੰਘ ਸਰਾਂ ਜੀ ਵੀ ਅਜਿਹੀ ਸਰਵਸ਼੍ਰੇਸਟ ਸ਼ਖਸ਼ੀਅਤ ਦੇ ਮਾਲਕ ਸਨ ਕਿ ਇੱਕ ਵਾਰ ਜਿਹੜਾ ਵਿਅਕਤੀ ਇਹਨਾਂ ਨੂੰ ਮਿਲਕੇ ਵਿਚਾਰ ਚਰਚਾ ਕਰਦਾ ਤਾਂ ਉਹ ਸਰਾਂ ਸਾਹਿਬ ਦੀ ਤਾਰੀਫ ਕਰਨੋਂ ਨਹੀ ਰਹਿ ਸਕਦਾ ਸੀ। ਸਰਦਾਰ ਸੁਰਜੀਤ ਸਿੰਘ ਸਰਾਂ ਦਾ ਜਨਮ ਇ ਕ ਰੱਜਦੇ ਪੁੱਜਦੇ ਘਰ ਰੱਖ ਬਰਾਂਚ ਤੇ ਵਸੇ ਹੋਏ ਚੱਕ ਨੰਬਰ 219, ਤਹਿਸੀਲ ਟੋਬਾ ਟੇਕ ਸਿੰਘ, ਜਿਲ੍ਹਾ ਲਾਇਲਪੁਰ (ਅੱਜਕਲ ਫੈਸਲਾਬਾਦ ਪਾਕਿਸਤਾਨ) ਵਿਖੇ 20 ਮਈ 1931 ਨੂੰ ਪਿਤਾ ਸਰਦਾਰ ਬਿਸ਼ਨ ਸਿੰਘ ਅਤੇ ਮਾਤਾ ਧਨ ਕੌਰ ਦੀ ਕੁੱਖੋਂ ਹੋਇਆ।ਆਪ ਜੀ ਦੇ ਪਿਤਾ ਕਿੱਤੇ ਵਜੋਂ ਜਿਲ਼੍ਹੇ ਦੇ ਉੱਚ ਅਫਸਰ ਜਿਲ੍ਹੇਦਾਰ ਸਨ। ਬਿਸ਼ਨ ਸਿੰਘ ਜੀ ਨੇ ਆਪ ਜੀ ਅਤੇ ਆਪ ਜੀ ਦੇ ਦੋ ਭਰਾਵਾਂ ਕਰਮ ਸਿੰਘ ਅਤੇ ਪ੍ਰੀਤਮ ਸਿੰਘ ਦੀ ਚੰਗੇ ਸੰਸਕਾਰਾਂ ਨਾਲ ਨਰੋਈ ਪਰਵਰਿਸ਼ ਕੀਤੀ। ਸਰਦਾਰ ਸੁਰਜੀਤ ਸਿੰਘ ਸਰਾਂ ਜੀ ਨੇ ਆਪਣੀ ਪੜਾਈ ਸਮੇਂ ਇੱਕ ਚੰਗੇ ਤੇ ਸਾਉ ਸਿੱਖਿਆਰਥੀ ਦੀ ਭੂਮਿਕਾ ਅਦਾ ਕਰਦੇ ਹੋਏ ਦਸਵੀਂ ਜਮਾਤ ਪਾਕ ਪਟਨ (ਪਾਕਿਸਤਾਨ) ਤੋਂ ਪਾਸ ਕੀਤੀ । 1947 ਦੇ ਵਿਛੋੜੇ ਦੇ ਦਰਦ, ਦੁਖਾਂਤ ਤੋਂ ਆਪ ਜੀ ਦਾ ਪਰਿਵਾਰ ਵੀ ਬਚ ਨਾ ਸਕਿਆ ਅਤੇ ਬਟਵਾਰੇ ਤੋਂ ਬਾਅਦ ਆਪ ਜੀ ਦਾ ਪਰਿਵਾਰ ਵੱਖ ਵੱਖ ਥਾਵਾਂ ਤੇ ਵਿਖਰ ਗਿਆ। ਕੁਝ ਪਰਿਵਾਰ ਪਿੰਡ ਕੱਬਰਵੱਛਾ ਜਿਲ੍ਹਾ ਫਿਰੋਜ਼ਪੁਰ ਵਿਖੇ ਰਹਿ ਗਿਆ ਅਤੇ ਆਪ ਜੀ ਆਪਣੇ ਪਿਤਾ ਜੀ ਨਾਲ ਵਲਟੋਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵਿਖੇ ਆਕੇ ਵਸ ਗਏ।
ਇੱਕ ਵਾਰੀ ਤੂੰ ਸੁਪਨੇ ਸਜ਼ਾਕੇ ਤਾਂ ਵੇਖ, ਹੌਸਲੇ ਮਿਲ ਜਾਣਗੇ, ਮੰਜ਼ਿਲ ਤੇ ਨਿਗਾ ਟਿਕਾ ਕੇ ਤਾਂ ਵੇਖ, ਰਸਤੇ ਮਿਲ ਜਾਣੇਗੇ, ਇਹਨਾਂ ਸਤਰਾਂ ਵਾਂਗ ਆਪ ਜੀ ਹਿੱਮਤ ਹੌਸਲਾ ਨਾ ਹਾਰਿਆ, ਤੇ ਉਚੇਰੀ ਸਿੱਖਿਆ ਲਾਇਲਪੁਰ ਖਾਲਸਾ ਕਾਲਜ਼ ਜਲੰਧਰ ਆਕੇ ਪੂਰੀ ਕੀਤੀ ਅਤੇ ਬੇਸਿਕ ਟਰੇਨਿੰਗ (ਬੀ.ਟੀ.) ਅੱਜ ਕੱਲ ਦੀ ਬੀ.ਐੱਡ ਗੁਰੁ ਸੁਧਾਰ ਕਾਲਜ਼ ਜਲੰਧਰ ਤੋਂ ਪਾਸ ਕਰਕੇ ਫਾਜਿਲਕਾ ਵਿਖੇ ਤਿੰਨ ਸਾਲ ਅਡਹਾਕ ਕਲਰਕ ਦੇ ਪਦ ਤੇ ਕੰਮ ਕੀਤਾ। ਸੰਨ 1959 ਵਿੱਚ ਆਪ ਜੀ ਦਾ ਵਿਆਹ ਕਾਸਾਬਾਦ ਜਿਲ੍ਹਾ ਲੁਧਿਆਣਾ ਦੇ ਜੱਦੀ ਨੰਬਰਦਾਰ ਧਾਲੀਵਾਲ ਪਰਿਵਾਰ ਦੇ ਸਰਦਾਰ ਸੁੱਚਾ ਸਿੰਘ ਦੀ ਸਪੁੱਤਰੀ ਸ਼੍ਰੀਮਤੀ ਹਰਚਰਨ ਕੌਰ ਨਾਲ ਹੋਇਆ ਜੋ 2001 ਵਿੱਚ ਨਾਮੁਰਾਦ ਬਿਮਾਰੀ ਦੀ ਭੇਂਟ ਚੜਕੇ ਪਰਿਵਾਰ ਨੂੰ ਅਸਹਿ ਵਿਛੋੜਾ ਦੇ ਗਏ ਸਨ। 1966 ਦੀ ਮਰੱਬਾ ਬੰਦੀ ਤੋਂ ਬਾਅਦ ਆਪ ਜੀ ਨੇ ਕੁਝ ਚਿਰ ਗਾਂਧੀ ਸਕੂਲ ਮਾਨਸਾ ਵਿਖੇ ਤਿੰਨ ਸਾਲ ਕਾਰਜ ਕੀਤਾ। ਉਸ ਤੋਂ ਬਾਅਦ ਮਾਨਸਾ ਜਿਲ੍ਹੇ ਦੇ ਪਿੰਡ ਉੱਡਤ ਸੈਦੇਵਾਲਾ ਵਿਖੇ ਮਿਡਲ ਸਕੂਲ ਦੇ ਹੈੱਡ ਮਾਸਟਰ ਬਣਨ ਤੋਂ ਬਾਅਦ ਆਪ ਜੀ ਨੇ ਸਰਕਾਰੀ ਹਾਈ ਸਕੂਲ ਬੋਹਾ ਵਿਖੇ ਬਤੌਰ ਹੈੱਡ ਮਾਸਟਰ ਪਦ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ ਸੰਨ 1990 ਵਿੱਚ ਅਨੇਕਾ ਨੌਜਵਾਨਾਂ ਦਾ ਭਵਿੱਖ ਚਮਕਾਕੇ ਅਤੇ ਆਪਣੀ ਸਫਲ ਤੇ ਬੇਦਾਗ ਮਾਣਮੱਤੀ ਸ਼ਖਸ਼ੀਅਤ ਲੈਕੇ ਸਿੱਖਿਆ ਅਦਾਰੇ ਵਿੱਚੋਂ ਮਾਣ ਨਾਲ ਸਿਰ ਉੱਚਾ ਕਰਕੇ ਰਿਟਾਇਡਮੈਂਟ ਪ੍ਰਾਪਤ ਕੀਤੀ।ਸਰਦਾਰ ਸੁਰਜੀਤ ਸਿੰਘ ਜੀ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਨਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੇ ਕਿਸੇ ਵੀ ਜੀਅ ਦੀ ਬਿਮਾਰੀ ਦਾ ਬਿਲ ਸਰਕਾਰੀ ਖਾਤੇ ਵਿੱਚ ਨਹੀ ਲਿਆ ਅਤੇ ਉਹ ਇਹ ਮੰਨਦੇ ਸੀ ਕਿ ਸਰਕਾਰ ਆਪਾਂ ਨੂੰ ਤਨਖਾਹ ਦੇ ਰਹੀ ਅਤੇ ਆਪਾਂ ਉਸ ਵਿੱਚੋਂ ਹੀ ਆਪਣਾ ਇਲਾਜ ਕਰਾਈਏ, ਸਰਕਾਰ ਤੇ ਹੋ ਭਾਰ ਕਿਉਂ ਪਾਈਏ , ਆਪਣੀ ਬਿਮਾਰੀ ਦੇ ਰੁਪੈ ਸਰਕਾਰ ਤੋਂ ਲੈਣਾ ਇਹ ਪਾਪ ਵਾਲੀ ਗੱਲ ਹੈ। ‘ ਵਗਦੀ ਨਦੀ ਤੋਂ ਪਾਣੀ ਨਹੀਂ, ਮੈਂ ਤੁਰਨ ਦੀ ਧੂਹ ਮੰਗਦਾ ਹਾਂ,’ ਮਾਸਟਰ ਜੀ ਨੇ ਜਿੰਦਗੀ ਦੇ ਦੁੱਖ ਸੁੱਖ ਹੰਡਾਉਂਦਿਆਂ ਅਜਿਹੀ ਚੜਦੀ ਕਲਾ ਵਾਲੀ ਧੁਹ ਤੇ ਸਵਾਰ ਹੋਕੇ ਉੱਚੀ ਸੁੱਚੀ ਸੂਝਬੂਝ ਸਦਕਾ ਜਿੱਥੇ ਸਮਾਜ ਵਿੱਚ ਅਨੇਕਾ ਨੌਜਵਾਨਾਂ ਨੂੰ ਸਹੀ ਸੇਧ ਦੇਕੇ ਤਰੱਕੀ ਦੀਆਂ ਲੀਹਾਂ ਤੇ ਲਿਆ ਖੜਾ ਕੀਤਾ ਉੱਥੇ ਆਪਣੇ ਪਰਿਵਾਰ ਵਿੱਚ ਭਤੀਜੇ ਸਵ: ਮਾਸਟਰ ਅਮਰਜੀਤ ਸਿੰਘ ਬੋਹਾ ਨੇ ਔਖਿਆਂ ਸਮਝ ਆਉਣ ਵਾਲਾ ਗਣਿਤ ਵਿਸ਼ੇ, ਅਲਜਬਰੇ ਨੂੰ ਬੋਹਾ ਖੇਤਰ ਦੇ ਵਿੱਦਿਆਰਥੀਆਂ ਨੂੰ ਮੂੰਹ ਜਬਾਨੀ ਯਾਦ ਕਰਵਾਇਆ, ਦੂਸਰੇ ਭਤੀਜੇ ਕਵਰਜੀਤ ਸਿੰਘ ਨੇ ਮਹਾਰਾਸ਼ਟਰ ਸਟੇਟ ਵਿੱਚ ‘ਚੀਫ ਕੰਜ਼ਰਵੇਟਿਵ ਆਫ ਫਾਰਸ਼ਟ’ ਆਹੁਦੇ ਤੇ ਉੱਚ ਕਾਰਜ ਅਤੇ ਮਾਸਟਰ ਜੀ ਦੇ ਹੋਣਹਾਰ ਸਪੁੱਤਰ ਸਰਦਾਰ ਇੰਦਰਜੀਤ ਸਿੰਘ ਸਰਾਂ ਜੋ ਅੱਜਕਲ ਪੰਜਾਬ ਦੇ ਡੇਅਰੀਵਿਕਾਸ ਵਿਭਾਗ ਦੇ ਡਾਇਰੈਕਟਰ ਪਦ ਦਾ ਕਾਰਜਭਾਗ ਨਿਭਾਅ ਰਿਹਾ ਹੈ, ਨੂੰ ਵੀ ਸਹੀ ਸੇਧ ਦੇ ਕਾਮਯਾਬੀ ਦੇ ਰਸਤੇ ਤੋਰਿਆ ਅਤੇ ਉਹਨਾਂ ਦੀ ਛਤਰ ਛਾਇਆ ਹੇਠ ਪਰਿਵਾਰ ਚੜਦੀ ਕਲਾ ਵਾਲਾ ਜੀਵਨ ਬਤੀਤ ਕਰ ਰਿਹਾ ਹੈ। ਸਰਦਾਰ ਸੁਰਜੀਤ ਸਿੰਘ ਸਰਾਂ ਜੀ ਨੇ ਲੋਕ ਭਲਾਈ ਦੇ ਫਤਵੇ ਤੇ ਪਹਿਰਾ ਦਿੰਦਿਆਂ ਲੰਬਾਂ ਸਮਾਂ ‘ਸ਼ਹੀਦ ਭਗਤ ਸਿੰਘ ਕਲਾ ਮੰਚ, ਪੰਜਾਬ ਬੋਹਾ ਮਾਨਸਾ’ ਇਲਾਕੇ ਦੀ ਸਿਰਕੱਡ ਸੰਸਥਾ ਰਾਹੀਂ ਇਸ ਖੇਤਰ ਦੇ ਲੜਕੇ ਲੜਕੀਆਂ ਦੇ ਹੁਨਰ ਨੂੰ ਤਰਾਸ਼ਣ ਦੀ ਵੱਡੀ ਜਿੰਮੇਵਾਰੀ ਨਿਭਾਈ। ਸਰਦਾਰ ਸੁਰਜੀਤ ਸਿੰਘ ਸਰਾਂ ਜੀ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਾਸਲ ਇਹ ਵੀ ਰਿਹਾ ਕਿ ਇਹਨਾਂ ਨੇ ਆਪਣੇ ਸਮੱਚੇ ਪਰਿਵਾਰ ਨੂੰ ਨਾਲ ਲੈਕੇ ‘ਸ਼ਹੀਦ ਭਗਤ ਸਿੰਘ ਕਲਾਂ ਮੰਚ,ਪੰਜਾਬ ਬੋਹਾ ਮਾਨਸਾ’ ਦੀ ਸਮੁੱਚੀ ਟੀਮ ਅਤੇ ਹੋਰ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਬੋਹਾ ਵਿਖੇ ਇਸ ਖੇਤਰ ਦੀਆਂ ਲੜਕੀਆਂ ਨੂੰ ਨਾਮਾਤਰ ਪੜਾਈ ਫੀਸ ਨਾਲ ਵਿੱਦਿਆ ਦਾ ਮਹਾਦਾਨ ਦੇਣ ਲਈ ‘ਸ਼ਹੀਦ ਭਗਤ ਸਿੰਘ ਗਰਲਜ਼ ਕਾਲਜ਼’ ਦੀ ਸਥਾਪਨਾ ਕੀਤੀ ਜਿਸਦਾ ਕਾਰਜ ਪੰਜ ਸਾਲ ਚਲਦਾ ਰਿਹਾ।ਮਾਸਟਰ ਜੀਆਂ ਤੋਂ ਭਾਵੇਂ ਮੈਂ 1988-89 ਵਿੱਚ ਵਿੱਦਿਆ ਦੇ ਅਨਮੋਲ ਗੁਰ ਵੀ ਸਿੱਖੇ ਸਨ ਪਰ ਮਾਸਟਰ ਜੀ ਦੀ ਰਿਟਾਇਡਮੈਂਟ ਤੋਂ ਬਾਅਦ ਇਹਨਾਂ ਨਾਲ ਸਮਾਜ ਭਲਾਈ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਣ ਕਰਕੇ ਸਾਡੀ ਗੁੜ੍ਹੀ ਲਿਹਾਜ ਬਣ ਗਈ ਸੀ। ਜਿਸ ਸਮੇਂ ਮਾਸਟਰ ਜੀ ਨੇ ਫਾਜਿਲਕਾ ਵਿਖੇ ਕਲਰਕੀ ਦੇ ਪਦ ਤੇ ਸੇਵਾ ਨਿਭਾਈ ਉਸ ਸਮੇਂ ਦੀਆਂ ਅਮਿੱਟ ਯਾਦਾਂ ਮਾਸਟਰ ਜੀ ਨੂੰ ਅੱਜ ਵੀ ਯਾਦ ਸਨ ਅਤੇ ਅਕਸਰ ਮੈਂ ਤੇ ਮਾਸਟਰ ਜੀ ਇੱਕ ਵੱਡੀ ਗੱਲ ਦਾ ਜਿਕਰ ਕਈ ਵਾਰ ਕਰਦੇ ਹੁੰਦੇ ਸੀ ਕਿ ਉਹਨਾਂ ਦਿਨਾਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਵਿਦੇਸ਼ ਜਾਣ ਵਾਸਤੇ ਆਪਣੀ ਫਾਇਲ ਤਿਆਰ ਕਰਵਾਈ ਅਤੇ ਉਹਨਾਂ ਦੀ ਫਾਇਲ ਪੂਰੀ ਤਰਾਂ ਤਿਆਰ ਨਾ ਹੋ ਸਕੀ ਤਾਂ ਉਹਨਾਂ ਦੀ ਮੁਲਕਾਤ ਮਾਸਟਰ ਜੀਆਂ ਨਾਲ ਹੋ ਗਈ। ਮਾਸਟਰ ਜੀਆਂ ਨੇ ਉਹ ਫਾਇਲ ਆਪਣੇ ਹੱਥ ਵਿੱਚ ਫੜਕੇ ਇੱਕ ਪਾਸੇ ਰੱਖਦਿਆਂ ਕਿਹਾ ਕਿ ‘ ਪ੍ਰਕਾਸ਼ ਸਿੰਘ ਜੀ ਤੁਹਾਡੀ ਲੋੜ ਬਾਹਰਲੇ ਮੁਲਖ ਨੂੰ ਨਹੀ, ਸਗੋਂ ਆਪਣੇ ਪੰਜਾਬ ਨੂੰ ਹੈ, ਤੁਸੀ ਰਾਜਨੀਤੀ ਵਾਲੇ ਪਾਸੇ ਜੋਰ ਅਜਮਾਈ ਕਰੋ,’ ਅਤੇ ਮਾਸਟਰ ਜੀ ਮੈਨੂੰ ਇਹ ਦਸਦੇ ਹੋਏ ਮਾਨ ਮਹਿਸੂਸ ਕਰਦੇ ਹੁੰਦੇ ਸਨ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਸ ਦਿਨ ਤੋਂ ਬਾਅਦ ਰਾਜਨੀਤੀ ਵਿੱਚ ਅਜਿਹੀ ਛਾਲ ਲਗਾਈ ਕਿ ਉਹ ਦੁਨੀਆਂ ਦਾ ਪਹਿਲਾ ਵਿਅਕਤੀ ਬਣਿਆਂ ਜਿਸ ਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਲੰਬਾ ਸਮਾਂ ਰਾਜ ਕੀਤਾ ਅਤੇ ਅੱਜ ਵੀ ਕਰ ਰਿਹਾ। ਲੱਗਭਗ ਦੋ ਮਹੀਨੇ ਪਹਿਲਾਂ ਅਸੀਂ ਘੰਟਿਆਂ ਵੱਦੀ ਪੁਰਾਣੀਆਂ ਯਾਦਾਂ ਤਾਜੀਆਂ ਕਰਦੇ ਰਹੇ ਅਤੇ ਮੈਨੂੰ ਇਹ ਲੱਗਦਾ ਸੀ ਕਿ ਮਾਸਟਰ ਜੀ ਹੱਥ ਵਿੱਚ ਫੜੀ ਖੁੰਡੀ ਪਰ੍ਹੇ ਸੁੱਟਕੇ ਮੁੜ ਰੌਸ਼ਨੀਆਂ ਦੇ ਕਾਫਲਿਆਂ ਵਿੱਚ ਸ਼ਾਮਲ ਹੋਕੇ ਰੰਗ ਮੰਚਸਮਾਜ ਭਲਾਈ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਕੇ ਸਾਡੀ ਨਵੀਂ ਪੀੜ੍ਹੀ ਨੂੰ ਦਿਸ਼ਾ ਨਿਰਦੇਸ਼ ਦਾ ਅਸ਼ੀਰਵਾਦ ਦੇਣਗੇ।
ਸਰਦਾਰ ਸੁਰਜੀਤ ਸਿੰਘ ਸਰਾਂ ਜੀ ਦੇ ਵਿਛੋੜੇ ਦੀ ਗੱਲ ਜਦ ਇਹਨਾਂ ਤੋਂ ਪੜ੍ਹੇ ਵਿਦਿਆਰਥੀਆਂ ਤੱਕ ਪਹੁੰਚੀ ਜੋ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਉੱਚ ਸਥਾਨਾਂ ਤੇ ਬਿਰਾਜਮਾਨ ਹਨ ਤਾਂ ਉਹਨਾਂ ਕਿਹਾ ਕਿ ‘ ਮਾਸਟਰ ਸੁਰਜੀਤ ਸਿੰਘ ਜੀ ਨੇ ਬੋਹਾ ਦੇ ਵੱਡੇ ਸਕੂਲ ਵਿੱਚ ਆਪਣੀ ਆਧਿਆਪਨ ਸੇਵਾ ਬਹੁਤ ਹੀ ਇਮਾਨਦਾਰੀ ਨਾਲ ਨਿਭਾਈ, ਮਾਸਟਰ ਜੀ ਦੇ ਪੜ੍ਹਾਏ ਵਿਦਿਆਰਥੀ ਅੱਜੇ ਉੱਚੇ ਮੁਕਾਮ ਤੇ ਪਹੁੰਚਕੇ ਲੋਕ ਸੇਵਾ ਦਾ ਵੱਡਾ ਕਾਰਜ ਕਰ ਰਹੇ ਹਨ, ਸਾਨੂੰ ਇਸ ਗੱਲ ਦਾ ਵੱਡਾ ਮਾਣ ਹੈ ਕਿ ਅਸੀਂ ਸਰਦਾਰ ਸੁਰਜੀਤ ਸਿੰਘ ਜੀ ਦੇ ਵਿੱਦਿਆਰਥੀ ਰਹੇ ਹਾਂ, ਸਕੂਲ ਸਿੱਖਿਆ ਦੇ ਨਾਲ ਨਾਲ ਉਹਨਾਂ ਵੱਲੋਂ ਦੱਸੇ ਜੀਵਨ ਜਾਂਝ ਜੀਉਣ ਦੇ ਫਲਸਫੇ ਸਾਡਾ ਅੱਜ ਵੀ ਮਾਰਗ ਦਰਸ਼ਨ ਕਰ ਰਹੇ ਹਨ, ਸੱਚਮੁੱਚ ਹੀ ਸਰਦਾਰ ਸਰਜੀਤ ਸਿੰਘ ਸਰਾਂ ਵਰਗੇ ਅਧਿਆਪਕ ਬਣਨਾ ਅੱਜ ਦੇ ਜੁੱਗ ਵਿੱਚ ਬਹੁਤ ਔਖਾ ਕਾਰਜ ਹੈ”। ਸਰਦਾਰ ਸੁਰਜੀਤ ਸਿੰਘ ਸਰਾਂ ਜੀ ਆਪਣੇ ਪਿੱਛੇ ਪਰਿਵਾਰ ਦੀ ਫੁੱਲਵਾੜੀ ਵਿੱਚ ਆਪਣੀ ਵੱਡੀ ਨੂੰਹ ਵੀਰਇੰਦਰ ਕੌਰ,ਵੱਡੇ ਸਪੁੱਤਰ ਇੰਦਰਜੀਤ ਸਿੰਘ ਸਰਾਂ, ਡਾਇਰੈਕਟਰ ਡੇਅਰੀਵਿਕਾਸ ਵਿਭਾਗ, ਪੰਜਾਬ, ਛੋਟੇ ਸਪੁੱਤਰ ਗੁਰਕਿਰਪਾਲ ਸਿੰਘ ਹੈਪੀ ਅਤੇ ਨੂੰਹ ਰਵਿੰਦਰ ਕੌਰ, ਡਾ. ਸੰਦੀਪ ਕੌਰ ਅਤੇ ਨੂਰਇੰਦਰ ਸਿੰਘ ਸਰਾਂ (ਪੋਤ ਨੂੰਹ ਅਤੇ ਪੋਤਰਾ) ਮਾਰਕਫੈੱਡ,ਚੰਡੀਗੜ੍ਹ, ਗੁਰਪ੍ਰੀਤ ਕੌਰ ਅਤੇ ਜਸਦੀਪ ਸਿੰਘ ਸਰਾਂ(ਪੋਤ ਨੂੰਹ ਅਤੇ ਪੋਤਰਾ), ਜੈਸਮੀਨ ਕੌਰ ਆਸਟਰੇਲੀਆ ਅਤੇ ਅਭੀਜੋਤ ਸਰਾਂ (ਪੋਤੀ ਅਤੇ ਪੋਤਾ), ਮਹਿਰੀਨ ਅਤੇ ਰਿਆਨ (ਪੜਪੋਤੀ ਅਤੇ ਪੜਦੋਹਤਾ), ਹਰਦੀਪ ਕੌਰ ਧੀ, ਖੁਸ਼ਦੀਪ ਕੌਰ ਅਤੇ ਹਰਜਿੰਦਰ ਸਿੰਘ ਮਾਨ (ਧੀ-ਜਵਾਈ), ਪ੍ਰੀਤਇੰਦਰ ਕੌਰ ਅਤੇ ਰਾਣਾ ਵਿਜੇ ਸਿੰਘ ਧਨੋਆ, ਕੈਲਗਰੀ ਕਨੈਡਾ (ਪੋਤੀ ਅਤੇ ਪੋਤ ਜਵਾਈ), ਅਮਰਿੰਦਰ ਸਿੰਘ ਚਹਿਲ, ਅਰਸ਼ ਮਾਨ, ਸਿਮਰਨਜੀਤ ਕੌਰ (ਦੋਹਤੇ ਅਤੇ ਦੋਹਤੀ) ਆਦਿ ਭਰੇ ਪਰਿਵਾਰ ਨੂੰ ਛੱਡਕੇ ਕੁਦਰਤ ਦੀ ਕਾਇਨਾਤ ਨੂੰ ਨਿਖਾਰਨ ਵਿੱਚ ਆਪਣੇ ਬਣਦੇ ਵੱਡਮੁੱਲੇ ਫਰਜ ਅਦਾ ਕਰਦਿਆਂ ਲੰਘੀ ਮਿਤੀ 16 ਫਰਵਰੀ 2020 ਨੂੰ 89 ਸਾਲਾਂ ਸ਼ਾਨਦਾਰ ਜੀਵਨ ਸਫਰ ਨਿਭਾਕੇ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਏ। ਸਰਦਾਰ ਸੁਰਜੀਤ ਸਿੰਘ ਵਰਗੇ ਉਦਮੀ ਵਿਅਕਤੀ ਦੇ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਨੂੰ ਅਤੇ ਬੋਹਾ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਮਾਸਟਰ ਜੀ ਵੱਲੋਂ ਸਮਾਜ ਵਿੱਚ ਨਿਭਾਏ ਨੇਕ ਫਰਜਾਂ ਦੇ ਸਫਰ ਨੂੰ ਹਰ ਕੋਈ ਜਾਣਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਦਾ ਹੋਇਆ ਆਪ ਮੁਹਾਰੇ ਇਹੋ ਹੀ ਕਹੇਗਾ ਕਿ ਮਾਸਟਰ ਜੀ ਅਜੇ ਤਾਂ ਸਾਨੂੰ ਤੁਹਾਡੇ ਮਾਰਗ ਦਰਸ਼ਨ ਦੀ ਬਹੁਤ ਲੋੜ ਸੀ। ਆਓ ਪਰਮ ਪਿਤਾ ਪਰਮਾਤਮਾਂ ਦੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਕਰੀਏ ਕਿ ਸਰਦਾਰ ਸੁਰਜੀਤ ਸਿੰਘ ਜੀ ਦੀ ਧਰਮੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਉੱਦਮ ਬਖਸ਼ੇ ਜੀ।

Send this to a friend