ਭਾਰਤ ਸਰਕਾਰ ਨੇ ਇੱਕ ਵਾਰ ਫੇਰ ਮਂਸ਼ਾ ਜਾਹਿਰ ਕੀਤੀ ਹੈ ਕਿ ਉਹ ਸਰਕਾਰੀ ਖੇਤਰ ਦੇ ਬਚੇ ਬਾਰਹ ਬੈੰਕਾਂ ਨੂੰ ਕੁਲ ਚਾਰ ਵੱਡੇ ਬੈੰਕਾਂ ਵਿੱਚ ਤਬਦੀਲ ਕਰਣ ਦੀ ਇੱਛਾ ਰੱਖਦੀ ਹੈ। ਸਰਕਾਰੀ ਪੂੰਜੀ ਵਾਲੇ ਬੈੰਕਾਂ ਨੂੰ ਆਪਸ ‘ਚ ਰਲਾ ਮਿਲਾ ਕੇ ਇਨ੍ਹਾਂ ਦੀ ਗਿਣਤੀ ਘੱਟ ਕਰਨ ਬਾਰੇ ਸਿਧਾਂਤਕ ਸਹਿਮਤੀ ਤਾਂ ਬਹੁਤ ਪਹਿਲਾਂ ਕਾਂਗਰਸ ਦੇ ਰਾਜ ਵਿੱਚ ਹੀ ਬਣ ਗਈ ਸੀ। ਬਸ ਇਸ ਨੂੰ ਅੰਜਾਮ ਦੇਣ ਦੀ ਕਾਰਵਾਈ ਬਾਮਪੰਥੀ ਪਾਰਟੀਆਂ ਦੇ ਦਬਾਅ ਕਾਰਣ ਟਲਦੀ ਰਹੀ ਕਿਉਂਕੀ ਬਾਮਪੰਥੀਆਂ ਦਾ ਬੈਂਕਾ ਦੀਆਂ ਯੂਨੀਅਨਾਂ ਤੇ ਖਾਸਾ ਅਸਰ ਰਿਹਾ ਹੈ। ਬਾਮਪੰਥੀਆਂ ਨੇ ਆਪਣੇ ਸਿਆਸੀ ਹਿੱਤਾਂ ਲਈ ਬੈੰਕਾਂ ਦੀਆਂ ਯੂਨੀਅਨਾਂ ਦਾ ਪੂਰਾ ਇਸਤੇਮਾਲ ਕੀਤਾ। ਇਸ ਦਾ ਨਾਂਹ ਪੱਖੀ ਅਸਰ ਬੈੰਕਾਂ ਦੀ ਕਾਰਜ ਪ੍ਰਣਾਲੀ ਤੇ ਪਿਆ। ਬੈੰਕਾਂ ਦੇ ਢਾਂਚੇ ‘ਚ ਬਦਲਾਵ ਦੀ ਲੋੜ ਤੇਜੀ ਨਾਲ ਮਹਿਸੂਸ ਕੀਤੀ ਜਾਨ ਲੱਗ ਪਈ। ਕੇਂਦਰ ‘ਚ ਨਵੀਂ ਸਰਕਾਰ ਦੇ ਆਉਣ ਨਾਲ ਹਾਲਾਤ ਬਦਲ ਗਏ। ਕਈ ਬੈੰਕ ਦੂਜੇ ਬੈੰਕਾਂ ‘ਚ ਮਿਲਾਏ ਗਏ। ਪਿਛਲੇ ਸਾਲਾਂ ਵਿੱਚ ਪੰਜਾਬ ਐੰਡ ਸਿੰਧ ਬੈੰਕ ਦੀ ਹੋਂਦ ਤੇ ਵੀ ਖਤਰਾ ਮੰਡਰਾਉਣ ਲੱਗ ਪਿਆ ਸੀ। ਉਸ ਵੇਲੇ ਕੁਝ ਸਿੱਖ ਸੰਸਥਾਵਾਂ ਤੇ ਆਗੂਆਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਸੀ। ਅੱਜ ਉਹ ਖਤਰਾ ਮੁੜ ਸਾਹਮਣੇ ਆ ਖੜਾ ਹੋਇਆ ਹੈ।
ਪੰਜਾਬ ਐੰਡ ਸਿੰਧ ਬੈੰਕ ਨਿਰਾ ਬੈੰਕਿੰਗ ਅਦਾਰਾ ਨਹੀਂ ਹੈ। ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਸੰਨ ੧੯੦੮ ਵਿੱਚ ਅੰਮ੍ਰਿਤਸਰ ਵਿੱਚ ਹੋਂਦ ਵਿੱਚ ਆਏ ਇਸ ਬੈੰਕ ਦੀ ਸਥਾਪਨਾ ‘ਚ ਭਾਈ ਵੀਰ ਸਿੰਘ , ਸਰਦਾਰ ਤਿਰਲੋਚਨ ਸਿੰਘ , ਸੁੰਦਰ ਸਿੰਘ ਮਜੀਠੀਆ ਜਿਹੀਆਂ ਸਤਿਕਾਰਿਤ ਸਿੱਖ ਹਸਤੀਆਂ ਮੁੱਖ ਯੋਗਦਾਨ ਸੀ। ਸੰਨ ੧੯੮੦ ਵਿੱਚ ਇਸ ਦਾ ਰਾਸ਼ਟ੍ਰੀਯਕਰਣ ਹੋ ਗਿਆ। ਪਰ ਇਸ ਦਾ ਮੂਲ ਸਵਰੂਪ ਕਾਇਮ ਰਿਹਾ। ਇਸ ਬੈੰਕ ਦਾ ਮੁਖੀ ਕੋਈ ਸਿੱਖ ਹੀ ਹੁੰਦਾ ਆਇਆ ਤੇ ਬੈੰਕ ਦੇ ਖਾਸ ਮੌਕਿਆਂ ਤੇ ਗੁਰਬਾਣੀ ਕੀਰਤਨ , ਸਿੱਖੀ ਪਛਾਣ ਵਾਲਾ ਸਾਲਾਨਾ ਕਲੰਡਰ , ਬ੍ਰਾਂਚਾਂ ਵਿੱਚ ਗੁਰੂ ਸਾਹਿਬਾਨ ਦੀ ਫੋਟੋ , ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਆਦਿਕ ਪਰੰਪਰਾਵਾਂ ਕਮੋਬੇਸ਼ ਜਾਰੀ ਰਹੀਆਂ। ਸਿੱਖ ਕਰਮਚਾਰੀਆਂ ਦੀ ਬਹੁਲਤਾ ਵਾਲਾ ਇਹ ਬੈੰਕ ਸਿੱਖਾਂ ਦੇ ਬੈੰਕ ਦੇ ਰੂਪ ‘ਚ ਜਾਣਿਆ ਜਾਂਦਾ ਸੀ। ਸੰਨ ੨੦੧੪ ਆਉਂਦੀਆਂ ਤੱਕ ਵੱਡੀ ਤਦਾਦ ਵਿੱਚ ਸਿੱਖ ਕਰਮਚਾਰੀ , ਅਧਿਕਾਰੀ ਰੀਟਾਇਰ ਹੋ ਚੁਕੇ ਸਨ। ਅੱਜ ਬੈੰਕ ਅੰਦਰ ਸਿੱਖ ਮੁਲਾਜਮ ਲੱਭਣੇ ਕਠਿਨ ਹੋ ਗਏ ਹਨ। ਸਿੱਖੀ ਪਰੰਪਰਾਵਾਂ ਵੀ ਦਰਕਿਨਾਰ ਕੀਤੀਆਂ ਜਾਣ ਲੱਗ ਪਈਆਂ ਹਨ। ਪਰ ਸਿੱਖ ਕੌਮ ਦਾ ਇਸ ਬੈੰਕ ਨਾਲ ਭਾਵਨਾਤਮਕ ਲਗਾਵ ਅਜੇ ਵੀ ਕਾਇਮ ਹੈ। ਬੈੰਕ ਦੀਆਂ ਕੁਲ ੧੫੫੯ ਬ੍ਰਾਂਚਾਂ ਵਿਚੋਂ ੬੨੩ ਬ੍ਰਾਂਚਾਂ ਸਿਰਫ ਪੰਜਾਬ ਵਿੱਚ ਹਨ। ਕਈ ਗੁਰਦੁਆਰਿਆਂ , ਸਿੱਖ ਅਦਾਰਿਆਂ ਵਿੱਚ ਬੈੰਕ ਦੀਆਂ ਬ੍ਰਾਂਚਾਂ ਚੱਲ ਰਹੀਆਂ ਹਨ। ਅਮ੍ਰਿਤਸਰ ਦੇ ਬੈੰਕ ਆਫਿਸ ਵਿੱਚ ਹਰ ਸੰਗਰਾਂਦ ਦੀਵਾਨ ਸਜਾਉਣ ਦੀ ਪਰੰਪਰਾ ਉੱਥੇ ਦੇ ਰਿਟਾਇਰ ਹੋ ਚੁਕੇ ਸਟਾਫ਼ ਵੱਲੋਂ ਬਰਾਬਰ ਨਿਭਾਈ ਜਾ ਰਹੀ ਹੈ। ਕਲੰਡਰ ਵੀ ਅਜੇ ਤੱਕ ਸਿੱਖੀ ਵਿਰਾਸਤ ਦੀ ਨੁਮਾਇੰਦਗੀ ਹੀ ਕਰਦਾ ਆ ਰਿਹਾ ਹੈ। ਪੰਜਾਬ ਐੰਡ ਸਿੰਧ ਬੈੰਕ ਜੇ ਕਿਸੇ ਹੋਰ ਵੱਡੇ ਬੈੰਕ ਵਿੱਚ ਮਿਲ ਜਾਂਦਾ ਹੈ ਤਾਂ ਇੱਕ ਸਦੀ ਤੋਂ ਜਿਆਦਾ ਤੋਂ ਜੁੜੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਤਾ ਭਾਰੀ ਠੇਸ ਲੱਗੇ ਗਈ ਹੀ ਇਨ੍ਹਾਂ ਪਰੰਪਰਾਵਾਂ ਦਾ ਵੀ ਅੰਤ ਹੀ ਹੁੰਦਾ ਵਿਖਾਈ ਦੇਣਾ ਹੈ।
ਪੰਜਾਬ ਐੰਡ ਸਿੰਧ ਬੈੰਕ ‘ਚ ਭਾਰਤ ਸਰਕਾਰ ਦੀ ਪੂੰਜੀ ਅੱਸੀ ਫੀਸਦੀ ਤੋਂ ਜਿਆਦਾ ਹੈ। ਸਿੱਖ ਕੌਮ ਦਾ ਇਸ ਦੇ ਪ੍ਰਬੰਧ ‘ਚ ਕੋਈ ਦਖਲ ਨਹੀਂ ਹੈ ਪਰ ਫਿਰ ਵੀ ਸਿੱਖ ਇਸ ਨੂੰ ਆਪਣੇ ਬੈੰਕ ਦੀ ਭਾਵਨਾ ਨਾਲ ਵੇਖਦੇ ਹਨ ਤੇ ਹੱਕ ਦੀ ਪ੍ਰਤੀਤਿ ਕਰਦੇ ਹਨ। ਕੋਹਿਨੂਰ ਹੀਰਾ ਜਿਵੇਂ ਅੱਜ ਭਾਰਤ ਵਿੱਚ ਨਹੀਂ ਪਰ ਹਰ ਭਾਰਤਵਾਸੀ ਉਸ ਨੂੰ ਆਪਣਾ ਮੰਨਦਾ ਹੈ। ਕੋਹਿਨੂਰ ਹੀਰੇ ਦਾ ਨਾਮ ਲੈਂਦੀਆਂ ਹੀ ਉਸ ਦੇ ਮਨ ਵਿੱਚ ਗਰਵ ਦੀ ਭਾਵਨਾ ਪੈਦਾ ਹੁੰਦੀ ਹੈ। ਪੰਜਾਬ ਐੰਡ ਸਿੰਧ ਬੈੰਕ ਸਿੱਖ ਕੌਮ ਲਈ ਕੋਹਿਨੂਰ ਹੀਰੇ ਜਿਹਾ ਹੀ ਹੈ। ਬੈੰਕ ਅੰਦਰ ਕਿੰਨੇ ਸਿੱਖ ਮੁਲਾਜਮ ਬਚੇ ਹਨ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਬੈੰਕ ਦਾ ਨਾਮ ਹੀ ਭਾਵਨਾਤਮਕ ਰੂਪ ‘ਚ ਜੋੜਨ ਲਈ ਬਹੁਤ ਹੈ। ਅੱਜ ਜੋ ਵੱਡੇ ਬੈੰਕ ਬਚੇ ਹਨ ਕਿਸੇ ਸਮੇਂ ਪੰਜਾਬ ਐੰਡ ਸਿੰਧ ਬੈੰਕ ਉਨ੍ਹਾਂ ਤੋਂ ਤਰੱਕੀ ਦੀ ਦਰ ‘ਚ ਬਹੁਤ ਅੱਗੇ ਸੀ। ਪਰ ਤਰੱਕੀ ਦੀ ਗਤਿ ਕਾਇਮ ਨਹੀਂ ਰੱਖੀ ਜਾ ਸਕੀ। ਡਾ. ਇੰਦਰਜੀਤ ਸਿੰਘ ਦੀ ਬੈੰਕ ਤੋਂ ਵਿਦਾਇਗੀ ਤੋਂ ਬਾਅਦ ਇਕ ਸਮਾਂ ਆਇਆ ਕਿ ਬੈੰਕ ਵੱਡੇ ਔਹਦਿਆਂ ਦੇ ਬੈਠੇ ਸਿੱਖ ਅਧਿਕਾਰੀਆਂ ਦੀ ਆਪਸੀ ਗੁਟਬਾਜੀ ਤੇ ਗਲਾਕਾਟ ਸਿਆਸਤ ਦਾ ਅਖਾੜਾ ਬਣ ਗਿਆ। ਪੂਰੇ ਸਟਾਫ਼ ਨੂੰ ਇਸ ਦਾ ਖਾਮਿਆਜਾ ਭੁਗਤਨਾ ਪਿਆ ਸੀ। ਇਨ੍ਹਾਂ ਅਧਿਕਾਰੀਆਂ ਕੋਲ ਭਵਿੱਖ ਦਾ ਕੋਈ ਬਲੂ ਪ੍ਰਿੰਟ ਨਹੀਂ ਸੀ ,ਕੋਈ ਦੂਰ ਅੰਦੇਸ਼ੀ ਨਹੀਂ ਸੀ। ਇਨ੍ਹਾਂ ਨੂੰ ਇੱਕ ਦੂਜੇ ਤੇ ਹੋਛੇ ਵਾਰ ਤੇ ਘਾਤ ਕਰਣ ਤੋਂ ਹੀ ਫੁਰਸਤ ਨਹੀਂ ਸੀ। ਸਾਲਾਂ ਸਾਲ ਨਾ ਪ੍ਰਮੋਸ਼ਨਾਂ ਹੋਈਆਂ ਨਾ ਹੀ ਨਵੀਆਂ ਭਰਤੀਆਂ ਹੋਈਆਂ। ਜੇ ਡਾ. ਇੰਦਰਜੀਤ ਸਿੰਘ ਜਿਹੇ ਕੁਝ ਹੋਰ ਸੂਝਵਾਨ ਅਫਸਰ ਇਸ ਬੈੰਕ ਨੂੰ ਮਿਲ ਗਏ ਹੁੰਦੇ ਤਾਂ ਤਸਵੀਰ ਦੂਜੀ ਹੋਣੀ ਸੀ। ਦੂਜੇ ਬੈੰਕ ਭਾਵੇਂ ਇਸ ‘ਚ ਮਿਲ ਜਾਂਦੇ ਇਸ ਬੈੰਕ ਦੀ ਹੋਂਦ ਤੇ ਕੋਈ ਸੰਕਟ ਨਹੀਂ ਹੋਣਾ ਸੀ।
ਪੰਜਾਬ ਐੰਡ ਸਿੰਧ ਬੈੰਕ ਦੇ ਆਰੰਭਕ ਦੂਰਅੰਦੇਸ਼ ਸਰਪ੍ਰਸਤਾਂ ਨੇ ਇਸ ਨੂੰ ਪੰਜਾਬ ਕੇਂਦ੍ਰਿਤ ਬਣਾ ਕੇ ਇੱਕ ਵੱਡਾ ਕੰਮ ਕੀਤਾ। ਅੱਜ ਇਸ ਨੀਤੀ ਦਾ ਲਾਭ ਲਿਆ ਜਾ ਸੱਕਦਾ ਹੈ। ਪਹਿਲਾਂ ਤਾਂ ਜਤਨ ਹੋਵੇ ਕਿ ਬੈੰਕ ਦਾ ਮੂਲ ਸਵਰੂਪ ਬਣਿਆ ਰਹੇ ਤੇ ਦੂਜੇ ਬੈੰਕ ਲੋੜ ਪੈਣ ਤੇ ਇਸ ਵਿੱਚ ਰਲਾ ਦਿੱਤੇ ਜਾਣ। ਪਰ ਜੇ ਕੋਈ ਭਾਰੀ ਅੜਿੱਕਾ ਹੀ ਪੈ ਜਾਵੇ ਤਾਂ ਦੂਜਾ ਵਿਕਲਪ ਇਹ ਵੀ ਹੋ ਸੱਕਦਾ ਹੈ ਕਿ ਭਾਰਤ ਸਰਕਾਰ ਇਸ ਨੂੰ ਪੰਜਾਬ ਦਾ ਮੁੱਖ ਬੈੰਕ ਬਣਾ ਕੇ ਬਾਕੀ ਬਚੇ ਬੈੰਕਾਂ ਦੀਆਂ ਬ੍ਰਾਂਚਾਂ ਇਸ ਵਿੱਚ ਮਿਲਾ ਸੱਕਦੀ ਹੈ। ਪੰਜਾਬ ਪ੍ਰਾਂਤ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਣ ‘ਚ ਇਹ ਬੈੰਕ ਪੂਰੀ ਤਰਹ ਸਮਰਥ ਹੈ। ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਵੀ ਆਹਤ ਹੋਣ ਤੋਂ ਬੱਚ ਜਾਣਗੀਆਂ ਤੇ ਬੈੰਕਿੰਗ ਸੇਕਟਰ ਨੂੰ ਇਕ ਮਜਬੂਤ ਖੇਤਰੀ ਆਧਾਰ ਵੀ ਮਿਲ ਜਾਏਗਾ। ਇਸ ਬਾਰੇ ਸਮੂਹ ਸਿੱਖ ਜੱਥੇਬੰਦਿਆਂ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਵਕਤ ਰਹਿੰਦੀਆਂ ਹੀ ਪੇਸ਼ਗੋਈ ਕਰਨੀ ਚਾਹੀਦੀ ਹੈ। ਪੰਜਾਬ ਐੰਡ ਸਿੰਧ ਬੈੰਕ ਦੀ ਹੋਂਦ ਨੂੰ ਬਚਾਉਣ ਤੇ ਇਸ ਦਾ ਭਵਿੱਖ ਸੁਰਖਿਅਤ ਕਰਣ ਦਾ ਇਸ ਤੋਂ ਬੇਹਤਰ ਵਿਕਲਪ ਹੋਰ ਕੋਈ ਨਹੀਂ ਹੋ ਸੱਕਦਾ। ਇਹ ਕੰਮ ਸੌਖਾ ਨਹੀਂ। ਇਸ ਖਾਤਰ ਲੰਬੀ ਮੁਹਿਮ ਲਈ ਤਿਆਰ ਰਹਿਣਾ ਚਾਹੀਦੇ। ਸਰਕਾਰ ਨੇ ਭਾਵੇਂ ਅਜੇ ਆਪਣੇ ਪੱਤੇ ਨਹੀਂ ਖੋਲੇ ਪਰ ਸਿਆਣਪ ਸੁਚੇਤ ਤੇ ਤਿਆਰ ਬਰ ਤਿਆਰ ਰਹਿਣ ਵਿੱਚ ਹੀ ਹੈ। ਇਕ ਸਮਾਂ ਸੀ ਜਦੋਂ ਹਰ ਪੜ੍ਹੇ ਲਿਖੇ ਸਿੱਖ ਨੌਜਵਾਨ ਨੂੰ ਪੰਜਾਬ ਐੰਡ ਸਿੰਧ ਬੈੰਕ ਵਿੱਚ ਨੈਕਰੀ ਮਿਲ ਜਾਇਆ ਕਰਦੀ ਸੀ। ਬੈੰਕ ‘ਚ ਮਿਲੀ ਨੌਕਰੀ ਨੇ ਨਾ ਕੇਵਲ ਇਨ੍ਹਾਂ ਨੌਜਵਾਨਾਂ ਦੀ ਜਿੰਦਗੀ ਬਦਲ ਦਿੱਤੀ , ਇਨ੍ਹਾਂ ਦੇ ਪਰਿਵਾਰਾਂ ਦਾ ਵੀ ਆਰਥਿਕ – ਸਮਾਜਿਕ ਪੱਧਰ ਊਚਾ ਕੀਤਾ। ਇਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਸ੍ਰੇਸ਼ਟ ਵਿਦਿਆ ਗ੍ਰਹਿਣ ਕਰ ਕੇ ਭਿੰਨ ਭਿੰਨ ਖੇਤਰਾਂ ਵਿੱਚ ਕਾਮਿਆਬੀ ਪ੍ਰਾਪਤ ਕਰ ਰਹੀਆਂ ਹਨ। ਪੰਜਾਬ ਐੰਡ ਸਿੰਧ ਬੈੰਕ ਵਿੱਚ ਨੌਕਰੀ ਕਰਣ ਵਾਲੀ ਸਿੱਖ ਨੌਜਵਾਨਾਂ ਦੀ ਪੀੜ੍ਹੀ ਅੱਜ ਰੀਟਾਇਰ ਹੋ ਚੁਕੀ ਹੈ। ਇਨ੍ਹਾਂ ਕੋਲ ਆਰਥਿਕ – ਸਮਾਜਿਕ ਅਨੁਭਵਾਂ ਦਾ ਵੱਡਾ ਸਰਮਾਇਆ ਹੈ ਜਿਸ ਦਾ ਲਾਭ ਕੌਮ ਦੀ ਚੜ੍ਹਦੀਕਲਾ ਲਿਆ ਜਾਣਾ ਚਾਹੀਦੇ। ਸਿੱਖ ਕੌਮ ਦੇ ਸਾਹਮਣੇ ਅੱਜ ਵੱਡਾ ਸਵਾਲ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧ ਦਾ ਹੈ। ਪ੍ਰਬੰਧਕਾਂ ਦੇ ਆਪਸੀ ਵਿਵਾਦ ਕੌਮ ਲਈ ਸ਼ਰਮ ਦਾ ਵਿਸ਼ਾ ਬਣਦੇ ਹਨ। ਪ੍ਰਵਾਨਿਤ ਰਹਿਤ ਮਰਿਆਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਲਾਗੂ ਨਹੀਂ ਕੀਤੇ ਜਾਂਦੇ। ਸਿੱਖ ਕੌਮ ਨੂੰ ਚਾਹੀਦੇ ਕਿ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਬੈੰਕ ਦੇ ਰਿਟਾਇਰ ਹੋ ਚੁਕੇ ਸਿੱਖ ਮੁਲਾਜਮਾਂ ਦੀਆਂ ਸੇਵਾਵਾਂ ਲਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਸੂਝਵਾਨ ਜੱਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਇਕ ਕਮੇਟੀ ਬਣਾ ਕੇ ਇਹ ਪੜਤਾਲ ਕਰਾਉਣੀ ਚਾਹੀਦੀ ਹੈ ਕਿ ਕਿਵੇਂ ਬੈੰਕ ਦੇ ਰਿਟਾਇਰ ਸਿੱਖ ਸਟਾਫ਼ ਦੀਆਂ ਸੇਵਾਵਾਂ ਗੁਰਦੁਆਰਾ ਪ੍ਰਬੰਧ ਸੁਧਾਰ ਲਈ ਲਾਹੇਵੰਦ ਤੌਰ ਤੇ ਲਈਆਂਜਾ ਸਕਦੀਆਂ ਹਨ। ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵਿੱਚ ਪੰਜਾਬ ਐੰਡ ਸਿੰਧ ਬੈੰਕ ਦੇ ਕਈ ਰਿਟਾਇਰ ਹੋ ਚੁਕੇ ਗੁਰਸਿੱਖ ਪ੍ਰਬੰਧਕੀ ਪੱਧਰ ਤੇ ਸਰਗਰਮ ਹਨ ਤੇ ਸ਼ਲਾਘਾ ਜੋਗ ਪਰਿਣਾਮ ਦੇ ਰਹੇ ਹਨ . ਗੁਰਦੁਆਰਾ ਪ੍ਰਬੰਧ ਤੋਂ ਅਲਾਵਾ ਇਨ੍ਹਾਂ ਨੂੰ ਧਰਮ ਪ੍ਰਚਾਰ ਲਈ ਵੀ ਲਾਇਆ ਜਾ ਸੱਕਦਾ ਹੈ। ਜਦੋਂ ਕੋਈ ਵਿਆਕਤੀ , ਸੰਸਥਾ ਜਾਂ ਸਥਾਨ ਕਿਸੇ ਕੌਮ ਦੀ ਪਛਾਣ ਨਾਲ ਜੁੜ ਜਾਂਦਾ ਹੈ ਤਾਂ ਉਸ ਦੀ ਖਾਸ ਜਗਹ ਬਣ ਜਾਂਦੀ ਹੈ। ਪੰਜਾਬ ਐੰਡ ਸਿੰਧ ਬੈੰਕ ਨੂੰ ਸਿਰਫ ਇੱਕ ਸਰਕਾਰੀ ਬੈੰਕ ਦੇ ਰੂਪ ਵਿੱਚ ਵੇਖਣ ਦੀ ਗਲਤੀ ਨਹੀਂ ਕੀਤੀ ਜਾਨੀ ਚਾਹੀਦੀ। ਸਰਕਾਰ ਵੀ ਇਸ ਗੱਲ ਨੂੰ ਸਮਝਦੀ ਹੈ ਸ਼ਾਇਦ ਤਾਂ ਹੀ ਇਸ ਬੈੰਕ ਦੇ ਚੇਅਰਮੈਨ ਦੇ ਔਹਦੇ ਤੇ ਕਿਸੇ ਸਿੱਖ ਨੂੰ ਹੀ ਬਿਠਾਇਆ ਜਾਂਦਾ ਰਿਹਾ ਹੈ। ਆਸ ਕੀਤੀ ਜਾਨੀ ਚਾਹੀਦੀ ਹੈ ਕਿ ਪੰਜਾਬ ਐੰਡ ਸਿੰਧ ਬੈੰਕ ਬਾਰੇ ਕੋਈ ਫੈਸਲਾ ਲੈਂਦੀਆਂ ਸਰਕਾਰੀ ਪੱਧਰ ਤੇ ਹਰ ਪੱਖ ਨੂੰ ਧਿਆਨ ਵਿੱਚ ਰੱਖਿਆ ਜਾਏਗਾ। ਸਰਕਾਰ ਜਿਸ ਦ੍ਰਿਸ਼ਟੀ ਨੂੰ ਮੁੱਖ ਰੱਖਦਿਆਂ ਇਸ ਬੈੰਕ ਦਾ ਚੇਅਰਮੈਨ ਸਦਾ ਕਿਸੇ ਸਿੱਖ ਨੂੰ ਹੀ ਬਣਾਉਂਦੀ ਆਈ ਹੈ ,ਉਹ ਦ੍ਰਿਸ਼ਟੀ ਹੁਣ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੁਰਜੀਤ ਰਹੇਗੀ। ਪਰ ਨਾਲ ਹੀ ਲੋੜ ਹੈ ਸਿੱਖ ਕੌਮ ਦੀਆਂ ਸਬੰਧਤ ਸੰਸਥਾਵਾਂ ਤੇ ਆਗੂਆਂ ਨੂੰ ਵੀ ਪੂਰੇ ਮਸਲੇ ਤੇ ਨਿਗਾਹ ਰੱਖਣ ਦੀ।
ਪੰਜਾਬ ਐੰਡ ਸਿੰਧ ਬੈੰਕ ਅਜਿਹਾ ਇਕੱਲਾ ਬੈੰਕ ਹੈ ਜਿੱਥੇ ਅੱਜ ਵੀ ਲੋਗ ਸਾਲ ਦੀ ਸ਼ੁਰੁਆਤ ਵਿੱਚ ਕਲੰਡਰ ਮੰਗਣ ਜਾਂਦੇ ਹਨ ਤੇ ਸਿਫ਼ਾਰਿਸ਼ ਲਾਉਂਦੇ ਹਨ। ਗੱਲ ਕਲੰਡਰ ਦੀ ਨਹੀਂ ਬੈੰਕ ਨਾਲ ਸਿੱਖ ਕੌਮ ਦੀਆਂ ਜੁੜੀਆਂ ਭਾਵਨਾਵਾਂ ਦੀ ਹੈ। ਬੈੰਕ ਦਾ ਕਲੰਡਰ ਸਿੱਖ ਵਿਰਸੇ ਤੋਂ ਜਾਣੂੰ ਕਰਾਉਣ ਦਾ ਅਹਿਮ ਸ੍ਰੋਤ ਬਣ ਗਿਆ ਹੈ।