ਕੂੰਮ ਕਲਾਂ, 15 ਫਰਵਰੀ (ਹਰਪ੍ਰੀਤ ਸਿੰਘ ਕੈਲੇ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਵਲੋਂ ‘ਸਾਡੀ ਪੰਚਾਇਤ ਸਾਡੀ ਜਮੀਨ’ ਜਨ ਅੰਦੋਲਨ ਤਹਿਤ ਅੱਜ ਮਾਛੀਵਾੜਾ ਬੇਟ ਇਲਾਕੇ ਦੇ ਪਿੰਡ ਹੇਡੋਂ ਬੇਟ ਵਿਖੇ ਵਰਕਰਾਂ ਨਾਲ ਇੱਕ ਭਰਵੀਂ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਵਰ੍ਹਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਉੂਨਾਂ ਨੂੰ ਪੰਚਾਇਤਾਂ ਦੀਆਂ ਜ਼ਮੀਨਾਂ ਨਹੀਂ ਹੜੱਪਣ ਦੇਣਗੇ। ਲੋਕ ਇਨਸਾਫ ਪਾਰਟੀ ਦੇ ਹਲਕਾ ਸਮਰਾਲਾ ਦੇ ਇੰਚਾਰਜ ਜਗਦੀਪ ਸਿੰਘ ਗਿੱਲ (ਘਵੱਦੀ) ਦੀ ਅਗਵਾਈ ਹੇਠ ਇਸ ਮੀਟਿੰਗ ਵਿਚ ਸ਼ਾਮਿਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਇਸ ਅੰਦੋਲਨ ਤਹਿਤ ਉਨ੍ਹਾਂ ਦਾ ਪਹਿਲਾ ਮਕਸਦ ਨਵੇਂ ਲੈਂਡ ਬੈਂਕ ਐਕਟ ਤਹਿਤ ਜੋ ਪੰਚਾਇਤੀ ਜਮੀਨਾਂ ਪ੍ਰਾਈਵੇਟ ਅਦਾਰਿਆਂ ਨੂੰ ਸੌਂਪਣ ਦਾ ਕਹਿ ਕੇ ਉਹ ਕਬਜਾ ਕਰਨਾ ਚਾਹੁੰਦੇ ਹਨ, ਉਸ ਬਚਾਉਣਾ ਹੈ ਤਾਂ ਜੋ ਇਨਾਂ ਜਮੀਨਾਂ ਤੇ ਖੇਤੀ ਕਰਦੇ ਪਿੰਡਾਂ ਦੇ ਲੋਕਾਂ ਰੋਜ਼ਗਾਰ ਬਚਾਇਆ ਜਾ ਸਕੇ। ਉਨ੍ਹਾਂ ਕੈਪਟਨ ਤੇ ਬਾਦਲ ਤੇ ਵਰ੍ਹਦਿਆਂ ਕਿਹਾ ਕਿ ਇਹ ਦੋਵੇਂ ਆਪਸ ਵਿਚ ਮਿਲੇ ਹੋਏ ਹਨ ਜਿਨ੍ਹਾਂ ਦੇ ਚੰਡੀਗੜ੍ਹ ਨੇੜ੍ਹੇ ਪੰਚਾਇਤੀ ਜਮੀਨਾਂ ਉਪਰ ਮਹਿਲ ਤੇ ਹੋਟਲ ਉਸਾਰ ਕੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜੋ ਕਾਂਗਰਸ ਸਰਕਾਰ ਨੇ ਨਵਾਂ ਲੈਂਡ ਬੈਂਕ ਐਕਟ ਲਿਆਂਦਾ ਹੈ ਉਸ ਦਾ ਮੁੱਖ ਉਦੇਸ਼ ਇਹ ਹੈ ਕਿ ਇਨ੍ਹਾਂ ਜਮੀਨਾਂ ਉਪਰ ਆਪਣੇ ਕਬਜ਼ੇ ਕੀਤੇ ਹਨ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਹੜੱਪ ਲਿਆ ਜਾਵੇ। ਸਿਮਰਨਜੀਤ ਸਿੰਘ ਬੈਂਸ ਨੇ ਖੁਲਾਸਾ ਕਰਦਿਆਂ 1 ਲੱਖ 35 ਹਜ਼ਾਰ ਏਕੜ ਪੰਚਾਇਤੀ ਜਮੀਨ ਹੈ ਅਤੇ 1961 ਦੇ ਐਕਟ ਤਹਿਤ ਇਹ ਜਮੀਨ ਕਦੇ ਵੀ ਵੇਚੀ ਨਹੀਂ ਜਾ ਸਕਦੀ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਪੰਚਾਇਤੀ ਜਮੀਨ ਦਾ 33 ਫੀਸਦੀ ਹਿੱਸਾ ਦਲਿੱਤਾਂ ਨੂੰ ਖੇਤੀਬਾੜੀ ਲਈ ਦੇਣਾ ਹੈ ਜਦਕਿ ਬਾਕੀ ਆਮ ਕਿਸਾਨ ਖੇਤੀ ਕਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੇ ਹਨ ਪਰ ਸੂਬੇ ਦੀ ਕਾਂਗਰਸ ਸਰਕਾਰ ਨਵਾਂ ਬਿੱਲ ਪਾਸ ਕਰ ਇਨ੍ਹਾਂ ਜਮੀਨਾਂ ਨੂੰ ਕਾਂਗਰਸੀ ਆਗੂ ਆਪ ਹੜੱਪਣਾ ਚਾਹੁੰਦੇ ਹਨ ਉਥੇ ਵੱਡਾ ਭੂ ਮਾਫ਼ੀਆ ਵੀ ਇਨ੍ਹਾਂ ਉਪਰ ਕਬਜ਼ੇ ਕਰ ਪੰਜਾਬ ਦੀ ਕਿਸਾਨੀ ਨੂੰ ਬੇਰੁਜ਼ਗਾਰ ਵੱਲ ਧੱਕ ਦੇਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਮਾਂਗਟ ਪ੍ਰਧਾਨ ਸਮਰਾਲਾ, ਬਲਵਿੰਦਰ ਸਿੰਘ ਮਹਿਦੂਦਾਂ, ਕੁਲਵਿੰਦਰ ਸਿੰਘ ਨੇਕਵਾਲ ਪ੍ਰਧਾਨ ਬੀਸੀ ਵਿੰਗ ਸਮਰਾਲਾ, ਦਵਿੰਦਰ ਸਿੰਘ ਚੀਮਾ, ਲਖਵੀਰ ਸਿੰਘ ਸਾਬਕਾ ਸਰਪੰਚ ਨਾਨੋਵਾਲ, ਕੁਰਨੈਲ ਸਿੰਘ ਕੁੱਲੇਵਾਲ, ਕੁਲਵਿੰਦਰ ਢੰਡਾ, ਸੁਖਵਿੰਦਰ ਸਿੰਘ ਹੇਡੋਂ, ਸੰਜੀਵ ਸਿੰਘ, ਯਾਦਵਿੰਦਰ ਸਿੰਘ, ਜੁਝਾਰ ਸਿੰਘ ਦਿਹਾਤੀ ਪ੍ਰਧਾਨ ਐਸ.ਸੀ ਵਿੰਗ, ਰਾਮ ਸਿੰਘ, ਜੋਗਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ, ਜਸਵੀਰ ਸਿੰਘ, ਅੰਗਰੇਜ ਸਿੰਘ, ਕਰਨ ਸਿੰਘ, ਬਲਵੰਤ ਸਿੰਘ ਬੈਂਸ, ਭਗਤ ਸਿੰਘ, ਬਹਾਦਰ ਸਿੰਘ ਆਦਿ ਵੀ ਮੌਜੂਦ ਸਨ।
ਨਵੇਂ ਲੈਂਡ ਬੈਂਕ ਐਕਟ ਤਹਿਤ ਕੈਪਟਨ ਤੇ ਬਾਦਲ ਨੂੰ ਪੰਚਾਇਤੀ ਜ਼ਮੀਨਾਂ ਨਹੀਂ ਹੜੱਪਣ ਦੇਵਾਂਗੇ : ਸਿਮਰਨਜੀਤ ਬੈਂਸ



