ਮਾਨਸਾ 15 ਫਰਵਰੀ (ਜਗਦੀਸ਼ ਬਾਂਸਲ)- ਸੀ.ਪੀ.ਆਈ. (ਐਮ.ਐਲੀ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਭੀਖੀ ਤੇ ਬੇਰੁਜ਼ਗਾਰ ਬੀ.ਐÎੱਡ ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਂਓ ਸਮੇਤ 11 ਜਣਿਆਂ ਨੂੰ 18 ਜਨਵਰੀ 2010 ਨੂੰ ਦਰਜ ਕੀਤੇ ਕੇਸ ਵਿੱਚੋਂ ਜਿਲ੍ਹਾ ਅਡੀਸ਼ਨਲ ਸ਼ੈਸਨ ਜੱਜ ਦਿਨੇਸ ਕੁਮਾਰ ਦੀ ਅਦਾਲਤ ਨੇ ਅੱਜ ਬਾਇੱਜਤ ਬਰੀ ਕਰ ਦਿੱਤਾ ਹੈ। ਵਰਨਣਯੋਗ ਹੈ ਕਿ 2010 ਵਿੱਚ ਪਿੰਡ ਸਮਾਂਓ ਦੀ ਅਕਾਲੀ ਪੰਚਾਇਤ ਖਿਲਾਫ ਚੱਲੇ ਸੰਘਰਸ਼ ਦੌਰਾਨ ਸਾਬਕਾ ਐਮ.ਪੀ. ਚਤਿੰਨ ਸਿੰਘ ਸਮਾਂਓ ਦੇ ਲੜਕੇ ਮਲਕੀਤ ਸਿੰਘ ਸਮਾਂਓ ਦੇ ਘਰ ਉਪਰ ਹਮਲਾ ਕਰਨ ਦੇ ਦੋਸ਼ ਵਿੱਚ ਭੀਖੀ ਥਾਣੇ ਵੱਲੋਂ ਦਰਜ ਕੀਤੇ ਗਏ ਕੇਸ 30/07/2015 ਨੂੰ ਜੁਡੀਸ਼ਅਲ ਜੱਜ ਵੀਨੀਤ ਕੁਮਾਰ ਨਰੇਸ਼ ਦੀ ਹੇਠਲੀ ਕੋਰਟ ਨੇ ਪੰਜ ਹਜ਼ਾਰ ਰੁਪਏ ਜ਼ੁਰਮਾਨਾ ਤੇ ਇੱਕ-ਇੱਕ ਸਾਲ ਦੀ ਦਸ ਜਣਿਆਂ ਨੂੰ ਸਜ਼ਾ ਸੁਣਾਈ ਸੀ ਤੇ ਜਦ ਕਿ ਕਾਮਰੇਡ ਹਰਭਗਵਾਨ ਭੀਖੀ ਨੂੰ ਬਾਇੱਜਤ ਬਰੀ ਕਰ ਦਿੱਤਾ ਗਿਆ ਸੀ। ਜਿਲ੍ਹਾ ਸ਼ੈਸਨ ਕੋਰਟ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਲਿਬਰੇਸ਼ਨ ਆਗੂ ਹਰਭਗਵਾਨ ਭੀਖੀ ਤੇ ਐਡਵੋਕੇਟ ਬਲਵੀਰ ਕੌਰ ਨੇ ਦੱਸਿਆ ਕਿ 18 ਜਨਵਰੀ 2010 ਨੂੰ ਉਸ ਸਮੇਂ ਦੇ ਅਕਾਲੀ ਆਗੂ ਮਲਕੀਤ ਸਿੰਘ ਸਮਾਂਓ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਪੁਲਿਸ ਭੀਖੀ ਵੱਲੋਂ ਐਫ.ਆਈ.ਆਰ. 8 ਦੇ ਤਹਿਤ ਧਾਰਾ 452/341/323/505/427/148/149 ਆਈ.ਪੀ.ਸੀ. ਤਹਿਤ 12 ਵਿਅਕਤੀਆਂ ਹਰਭਗਵਾਨ ਭੀਖੀ, ਨਿੱਕਾ ਸਿੰਘ ਸਮਾਂਓ, ਮੱਖਣ ਸਿੰਘ, ਜਗਤਾਰ ਸਿੰਘ, ਰਘਵੀਰ ਸਿੰਘ, ਕਾਲਾ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ, ਕੇਵਲ ਸਿੰਘ, ਪਪਲੂ ਸਿੰਘ ਤੇ ਸਰਦਾਰ ਸਿੰਘ ਖਿਲਾਫ ਖਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੰਮਾਂ ਸਮਾਂ ਚੱਲੇ ਕੇਸ ਦੌਰਾਨ ਆਖਰ ਸੱਚ ਦੀ ਜਿੱਤ ਹੋਈ ਹੈ।