ਚੰਡੀਗੜ੍ਹ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਲਮ ‘ਸ਼ੂਟਰ’ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ਿਲਮ ਖ਼ਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਅਤੇ ਉਸ ਵੱਲੋਂ ਕੀਤੇ ਅਪਰਾਧਾਂ ‘ਤੇ ਆਧਾਰਤ ਹੈ। ਸਰਕਾਰ ਵੱਲੋਂ ਪ੍ਰੈੱਸ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਫ਼ਿਲਮ ਕਥਿਤ ਤੌਰ ‘ਤੇ ਹਿੰਸਾ, ਘਿਨਾਉਣੇ ਅਪਰਾਧਾਂ, ਫਿਰੌਤੀਆਂ ਵਸੂਲਣ, ਧਮਕੀਆਂ ਦੇਣ ਅਤੇ ਲੋਕਾਂ ਨੂੰ ਡਰਾਉਣ–ਧਮਕਾਉਣ ਨੂੰ ਹੱਲਾਸ਼ੇਰੀ ਦਿੰਦੀ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਫ਼ਿਲਮ ਦੇ ਨਿਰਮਾਤਾਵਾਂ ‘ਚੋਂ ਇੱਕ ਕੇ.ਵੀ. ਢਿਲੋਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਸੰਭਾਵਨਾ ਬਾਰੇ ਵਿਚਾਰ ਕਰਨ ਕਿਉਂਕਿ ਇਸ ਨਿਰਮਾਤਾ ਨੇ ਪਿਛਲੇ ਸਾਲ ਲਿਖਤੀ ਰੂਪ ਵਿੱਚ ਇਹ ਵਾਅਦਾ ਕੀਤਾ ਸੀ ਕਿ ਹੁਣ ਉਹ ਇਹ ਫ਼ਿਲਮ ਨਹੀਂ ਬਣਾਉਣਗੇ।