ਅੰਮ੍ਰਿਤਸਰ, 30 ਜਨਵਰੀ (ਰਾਜੇਸ਼ ਡੈਨੀ)- ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਬਸੰਤ ਪੰਚਮੀ ਜੋੜ ਮੇਲਾ ਵਿਚ ਆਸਥਾ ਦਾ ਸੈਲਾਬ ਉਮੜ ਪਿਆ, ਬੁੱਧਵਾਰ ਨੂੰ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਮੱਥਾ ਟੇਕ ਕੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਛੇਹਰਟਾ ਚੋਂਕ ਵਿਚ ਗੁਰਦੁਆਰਾ ਸਾਹਿਬ ਜੀ ਦਾ ਇਕ ਕਿਲੋਮੀਟਰ ਦਾ ਰਸਤਾ ਸ਼ਰਧਾਲੂਆਂ ਦੀ ਆਮਦ ਨਾਲ ਭਰਿਆ ਪਿਆ ਸੀ, ਪੁਲਸ ਮੁਲਾਜਮ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਨਾਉਣ ਲਈ ਤਾਇਨਾਤ ਸਨ। ਗੁਰਦੁਆਰਾ ਛੇਹਰਟਾ ਸਾਹਿਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਤਮਸਤਕ ਹੋਣ ਲਈ ਸਰਧਾਲੂਆਂ ਦਾ ਸੈਲਾਬ ਉਮੜ ਰਿਹਾ ਸੀ। ਜੋੜ ਮੇਲੇ ਵਿਚ ਸੈਂਕੜੇ ਬੱਚੇ ਮਨਪਸੰਦ ਦੀਆ ਵਸਤੂਆਂ ਦੀ ਖਰੀਦਾਰੀ ਕਰਨ ਵਿਚ ਜੁਟੇ ਹੋਏ ਸਨ, ਇਸ ਤੋਂ ਇਲਾਵਾ ਖਾਣ ਪੀਣ ਦੇ ਸਟਾਲਾਂ ਵਿਚ ਵੀ ਕਾਫੀ ਭੀੜ ਵੇਖਣ ਨੂੰ ਮਿਲ ਰਹੀ ਸੀ। ਗੁਰਦੁਆਰਾ
ਸਾਹਿਬ ਦੇ ਪਵਿੱਤਰ ਸਰੋਵਰ ਵਿਚ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਖੇਤਾਂ ਵਿਚ ਲਗਾਏ ਗਏ ਕਿਸ਼ਤੀ, ਚਰਖਾ ਝੁਲੇ, ਸਿੰਦਬਾਦ ਦੇ ਨਾਲ ਨਾਲ ਛੋਟੇ ਝੁਲੇ ਮੇਲੇ ਦੀ ਖਿੱਚ ਦਾ ਕੇਂਦਰ ਸਨ। ਛੇਹਰਟਾ ਸਾਹਿਬ ਚੋਂਕ ਤੋਂ ਗੁਦੁਆਰਾ ਸਾਹਿਬ ਨੂੰ ਆਉਣ ਵਾਲੇ ਰਸਤੇ ਨੂੰ ਇਕਤਰਫਾ ਕਰ ਦਿੱਤਾ ਗਿਆ, ਬਾਰਿਸ਼ ਦੇ ਬਾਵਜੂਦ ਦੇਰ ਦੁਪਹਿਰ ਤੋਂ ਬਾਅਦ ਭੀੜ ਵੱਧੀ ਰਹੀ। ਬਸੰਤ ਪੰਚਮੀ ਦੇ ਦਿਨ ਪਤੰਗਬਾਜੀ ਦਾ ਵੱਖਰਾ ਹੀ ਨਸ਼ਾ ਸੀ, ਪਤੰਗਬਾਜੀ ਦੇ ਸ਼ੌਕੀਨਾ ਨੇ ਸਾਰਾ ਦਿਨ ਛੇਹਰਟਾ ਸਾਹਿਬ ਗੁਰਦੁਆਰਾ ਦੇ ਨਜਦੀਕ ਖੇਤਾਂ ਵਿਚ ਪਤੰਗ ਉਡਾ ਕੇ ਪੇਚੇ ਲੜਾਉਂਦੇ ਸਨ। ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਲਾਲੀ ਨੇ ਦੱਸਿਆ ਕਿ ਬਸੰਤ ਪੰਚਮੀ ਜੋੜ ਮੇਲੇ ਵਿਚ ਬਾਰਿਸ਼ ਹੋਣ ਕਾਰਨ ਪਹਿਲਾਂ ਸੰਗਤ ਘੱਟ ਸੀ, ਪਰ ਦੇਰ ਦੁਪਹਿਰ ਬਾਅਦ ਜਿਆਦਾ ਰੌਣਕ ਵੇਖਣ ਨੂੰ ਮਿਲੀ ਹੈ, ਹਰ ਪਾਸੇ ਭੀੜ ਹੋਣ ਕਾਰਨ ਪੈਰ ਰੱਖਣ ਦੀ ਥਾਂ ਵੀ ਮੁਸ਼ਕਿਲ ਨਾਲ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸੰਗਤ ਲਈ ਕੀਤੀ ਗਈ ਲੰਗਰ ਦੀ ਵਿਵਸਥਾ ਵਿਚ ੬੦ ਦੇ ਕਰੀਬ ਕਵਿੰਟਲ ਅਨਾਜ ਦੀ ਖਪਤ ਹੋਈ ਸੀ, ਇਸ ਨਾਲ ਸੰਗਤ ਨੂੰ ਲੰਗਰ ਦੀ ਘਾਟ ਨਹੀ ਆਵੇਗੀ। ਉਧਰ ਬਾਹਰ ਸੰਗਤ ਨੇ ਵੀ ਆਪਣੇ ਪੱਧਰ ਤੇ ਪਕੋੜਿਆ ਤੇ ਚਾਹ ਦਾ ਲੰਗਰ ਲਗਾਇਆ ਹੋਇਆ ਹੈ। ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ੩੦ ਜਨਵਰੀ ਨੂੰ ਵੀ ਇਸੇ ਤਰ੍ਹਾਂ ਬਸੰਤ ਪੰਚਮੀ ਦਾ ਜੋੜ ਮੇਲਾ ਭਰਿਆ ਰਹੇਗਾ।।
ਬੇਟੇ ਦੀ ਮੰਨਤ ਪੂਰੀ ਹੋਣ ਤੇ ਕਈ ਮਾਪੇ ਆਪਣੇ ਰਿਸ਼ਤੇਦਾਰਾਂ ਨਾਲ ਗੁਰੂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਦੇ ਲਈ ਪਹੁੰਚੇ ਸਨ। ਉਨ੍ਹਾਂ ਨਾਲ ਕਈ ਬੈਂਡ ਬਾਜਾ ਪਾਰਟੀਆਂ ਸਨ ਜੋ ਮੇਲੇ ਦੀ ਰੋਣਕ ਵਧਾ ਰਹੀਆਂ ਸਨ। ਬੇਟੇ ਦੀ ਦਾਤ ਗੁਰੂ ਘਰ ਤੋਂ ਪੂਰੀ ਹੋਣ ਤੇ ਸੁਖਬੀਰ ਸਿੰਘ ਤੇ ਸੰਦੀਪ ਕੌਰ ਵਾਸੀ ਵੇਰਕਾ ਨੇ ਦੱਸਿਆ ਕਿ ਉਨ੍ਹਾਂ ਨੇ ਗੁਰੂ ਘਰ ਦੇ ਅਸੀਮ ਖੁਸ਼ੀਆ ਮਿਲੀਆ ਹਨ, ਇਸ ਲਈ ਉਹ ਬੈਂਡ ਵਾਜੇ ਨਾਲ ਮੱਥਾ ਟੇਕਣ ਆਏ ਹਨ। ਅਮਰਪਾਲ ਸਿੰਘ ਤੇ ਇੰਦਰਜੀਤ ਕੌਰ ਵਾਸੀ ਚਾਟਿਵਿੰਡ ਭਾਈ ਮੰਜ ਸਿੰਘ ਰੋਡ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਹਿਲੇ ਇਕ ਬੇਟੀ ਸੀ, ਉਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਚ ਬੇਟੇ ਦੀ ਦਾਤ ਲੈਣ ਲਈ ਬੂਟਾ ਲਗਾ ਕੇ ਅਰਦਾਸ ਕੀਤੀ ਸੀ, ਤੇ ਹੁਣ ਉਨ੍ਹਾਂ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕ੍ਰਿਪਾ ਨਾਲ ਬੇਟੇ ਦੀ ਦਾਤ ਮਿਲੀ ਹੈ, ਜਿਸਦੇ ਸਵਾ ਮਹੀਨਾ ਹੋਣ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਵਿਚ ਆਪਣੀ ਸੁਖਣਾ ਉਤਾਰਨ ਲਈ ਬੈਂਡ ਵਾਜਿਆਂ ਨਾਲ ਆਏ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨੇ ਆਪਣੀ ਮਨੋਕਾਮਨਾ ਪੂਰੀ ਕਰਨ ਲਈ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਚ ਬੂਟੇ ਲਗਾਏ।
ਤਿੰਨ ਪਾਰਕਿੰਗ ਸਥਾਨ ਕੀਤੇ ਗਏ ਸਨ ਨਿਰਧਾਰਿਤ- ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਨੇ ਦੱਸਿਆ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਪ੍ਰਬੰਧ ਕਰ ਲਏ ਗਏ ਸਨ। ਉਨ੍ਹਾਂ ਗੁਰਦੁਆਰਾ ਸਾਹਿਬ ਤੋਂ ਕਰੀਬ ੫੦੦ ਮੀਟਰ ਦੀ ਦੂਰੀ ਤੇ ਹੀ ਪਾਰਕਿੰਗ ਸਥਾਨ ਨਿਰਧਾਰਿਤ ਕਰ ਦਿੱਤੇ ਸਨ, ਜਿੱਥੇ ਸ਼ਰਧਾਲੂ ਆਪਣੇ ਵਾਹਨ ਖੜੇ ਕਰਕੇ ਪੈਦਲ ਹੀ ਗੁਰਦੁਆਰਾ ਸਾਹਿਬ ਵਿਚ ਦਾਖਿਲ ਹੋ ਸਕਦੇ ਹਨ, ਇਹ ਪਾਰਕਿੰਗ ਸਥਾਨ ਗਾਂਧੀ ਆਸ਼ਰਮ, ਸੰਨ ਸਾਹਿਬ ਰੋਡ ਤੇ ਗੁਰਦੁਆਰਾ ਕੈਂਪਸ ਦੇ ਅੰਦਰ ਬਣਾਏ ਗਏ ਸਨ। ਇਸ ਤੋਂ ਇਲਾਵਾ ਬਜੁਰਗਾਂ, ਅਪਾਹਿਜਾਂ ਤੇ ਬੱਚਿਆਂ ਲਈ ਪ੍ਰਬੰਧਕੀ ਕਮੇਟੀ ਵਲੋਂ ਈ-ਰਿਕਸ਼ਾ ਆਟੋ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਥਾਨਕ ਪੁਲਸ ਦਾ ਉਨ੍ਹਾਂ ਨੂੰ ਪੁਰਾ ਸਹਿਯੋਗ ਮਿਲਿਆ ਹੈ।
ਬਸੰਤ ਪੰਚਮੀ ਮੌਕੇ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ‘ਚ ਸ਼ਰਧਾਲੂਆਂ ਦਾ ਉਮੜਿਆ ਸੈਲਾਬ



