April 23, 2026 6:49 am

ਸਬ-ਡਵੀਜ਼ਨ ਬਟਾਲਾ ਵਿਖੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸੰਵਿਧਾਨ ਦਿਵਸ ਮਨਾਇਆ

ਬਟਾਲਾ, 26 ਨਵੰਬਰ (ਲੱਕੀ ਰਾਜਪੂਤ)- ਭਾਰਤੀ ਸੰਵਿਧਾਨ ਅੰਦਰ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਅਤੇ ਸਭ ਧਰਮਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਧਿਆਨ ‘ਚ ਰੱਖ ਕੇ ਹਰੇਕ ਪਹਿਲੂ ਨੂੰ ਬਾਖੂਬੀ ਢੰਗ ਨਾਲ ਲਿਖਿਆ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਸੰਵਿਧਾਨ ਦਿਵਸ ਨੂੰ ਸਮਰਪਿਤ ਵੱਖ-ਵੱਖ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਾਰਤੀ ਸੰਵਿਧਾਨ ਤੋਂ ਜਾਣੂ ਹੋਣ ਅਤੇ ਸੰਵਿਧਾਨ ਰਚੇਤਾ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੀ ਦੂਰਅੰਦੇਸ਼ੀ ਸੋਚ ‘ਤੇ ਪਹਿਰਾ ਦੇਣ ਦੀ ਸਹੁੰ ਚੁਕਾਉਣ ਮੌਕੇ ਕੀਤਾ। ਐੱਸ.ਡੀ.ਐੱਮ. ਬਟਾਲਾ ਨੇ ਸਮੂਹ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਭਾਰਤੀ ਸੰਵਿਧਾਨ ਦੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਸਮਾਜ ਦੇ ਹਰੇਕ ਨਾਗਰਿਕ ਨੂੰ ਸਰਕਾਰੀ ਦਫ਼ਤਰਾਂ ਅੰਦਰ ਆਉਣ ‘ਤੇ ਪੂਰਾ ਸਨਮਾਨ ਦੇਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਸੰਵਿਧਾਨ ਸਭਾ ਵੱਲੋਂ ਦੇਸ਼ ਦੇ ਸੰਵਿਧਾਨ ਦਾ ਖਰੜਾ 1949 ਵਿਚ ਸਵੀਕਾਰ ਕੀਤਾ ਗਿਆ ਸੀ ਜਿਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ।

Send this to a friend