ਅੰਮ੍ਰਿਤਸਰ, 26 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ 27 ਨਵੰਬਰ ਨੂੰ ਇੱਥੇ ਸ੍ਰੀ ਦਰਬਾਰ ਸਾਹਿਬ ਕੰਪੈਲਕਸ ਵਿਖੇ ਸਥਿੱਤ ਸ. ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋ ਰਿਹਾ ਹੈ। ਜਨਰਲ ਇਜਲਾਸ ਵਿੱਚ ਕਮੇਟੀ ਦੇ ਨਵੇਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਐਗਜ਼ੈਕਟਿਵ ਦੀ ਚੋਣ ਕੀਤੀ ਜਾਵੇਗੀ। ਜਨਰਲ ਇਜਲਾਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਨਵੇਂ ਢਾਂਚੇ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਪ੍ਰਮੁੱਖ ਨੇਤਾਵਾਂ ਵੱਲੋਂ ਸ. ਬਾਦਲ ਦਾ ਸਨਮਾਨ ਵੀ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ 170 ਮੈਂਬਰਾਂ ‘ਚੋਂ 14 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ, ਜਦਕਿ 2 ਮੈਂਬਰਾਂ ਸੁੱਚਾ ਸਿੰਘ ਲੰਗਾਹ ਤੇ ਸ਼ਰਨਜੀਤ ਸਿੰਘ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਫਿਰ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਦੇ ਕਾਫੀ ਆਸਾਰ ਹਨ। ਬੇਸ਼ੱਕ ਜਥੇਦਾਰ ਤੋਤਾ ਸਿੰਘ ਤੇ ਬੀਬੀ ਜਗੀਰ ਕੌਰ ਵੀ ਪ੍ਰਧਾਨਗੀ ਦੌੜ ਵਿੱਚ ਸ਼ਾਮਿਲ ਹਨ। ਨਵੇਂ ਪ੍ਰਧਾਨ ਅਤੇ ਦੂਸਰੇ ਅਹੁਦੇਦਾਰਾਂ ਦੇ ਨਾਵਾਂ ਬਾਰੇ ਹਾਲੇ ਤੱਕ ਅਧਿਕਾਰਿਕ ਤੌਰ ‘ਤੇ ਕੋਈ ਜਾਣਕਾਰੀ ਨਹੀਂ ਮਿਲੀ। ਸ. ਸੁਖਬੀਰ ਸਿੰਘ ਬਾਦਲ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਇਹ ਫੈਸਲਾ ਸਰਬਸੰਮਤੀ ਨਾਲ ਲਏ ਜਾਣ ਦੀ ਸੰਭਾਵਨਾ ਹੈ।