May 28, 2026 3:39 am

ਮੋਦੀ ਦੀ ਜਿੱਤ ਨਾਲ ਬਹੁ-ਗਿਣਤੀ ਦੇ ਕਟੱੜਪੁਣੇ ਦੀ ਰਾਜਨੀਤੀ ਸਿੱਖਰਾਂ ’ਤੇ ਪਹੁੰਚੀਂ : ਦਲ ਖਾਲਸਾ

ਅੰਮ੍ਰਿਤਸਰ, 17 ਮਈ (ਪੀ.ਟੀ.)-ਦਲ ਖਾਲਸਾ ਨੇ ਚੋਣ ਨਤੀਜਿਆਂ ਉਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਜਿੱਤ ਨਾਲ ਦੇਸ਼ ਅੰਦਰ ਬਹੁ-ਗਿਣਤੀ ਦੀ ਕਟੱੜਪੁਣੇ ਦੀ ਰਾਜਨੀਤੀ ਸਿੱਖਰਾਂ ਉਤੇ ਪਹੁੰਚ ਗਈ ਹੈ। ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੀ ਬਹੁ-ਗਿਣਤੀ ਨੇ ਇੱਕ ਅਜਿਹੇ ਸ਼ਖਸ ਨੂੰ ਸੱਤਾ ਸੌਂਪੀ ਹੈ, ਜਿਸ ਦਾ ਅਕਸ ਅਤੇ ਪਹੁੰਚ ਘੱਟ-ਗਿਣਤੀਆਂ ਪ੍ਰਤੀ ਸ਼ੱਕੀ ਹੈ। ਉਹਨਾਂ ਕਿਹਾ ਕਿ ਜੇਕਰ ਘੱਟ-ਗਿਣਤੀ ਕੌਮਾਂ ਆਪਣੇ ਹਿੱਤਾਂ, ਹੱਕਾਂ ਅਤੇ ਸਵੈਮਾਨ ਨੂੰ ਬਚਾਉਣਾ ਚਾਹੁੰਦੀਆਂ ਹਨ ਤਾਂ ਉਹਨਾਂ ਨੂੰ ਇੱਕਜੁੱਠ ਹੋਣਾ ਪਵੇਗਾ। ਉਹਨਾਂ ਕਿਹਾ ਦਿੱਲੀ ਦੀ ਸੱਤਾ ਕਾਂਗਰਸ ਦੇ ਹੱਥੋਂ ਨਿਕਲਕੇ ਭਾਜਪਾ ਹੱਥ ਜਾਣ ਨਾਲ ਸਿੱਖ ਕੌਮ ਨੂੰ ਕੋਈ ਫਰਕ ਨਹੀ ਪੈਂਦਾ ਕਿਉਕਿ ਦੋਵੇਂ ਹੀ ਇੱਕੋ ਸਿੱਕੇ ਦੇ ਦੋ ਪਾਸੇ ਹਨ। ਉਹਨਾਂ ਕਿਹਾ ਕਿ ਦਿੱਲੀ ਵਿੱਚ ਚੇਹਰੇ ਬਦਲਣ ਨਾਲ ਨਾਂ ਤਾਂ

ਸਿੱਖ ਸਮਸਿਆ ਦਾ ਹੱਲ ਹੋਣ ਵਾਲਾ ਹੈ ਅਤੇ ਨਾ ਹੀ ਸਿੱਖ ਪੋਜ਼ੀਸ਼ਨ ਵਿੱਚ ਕੋਈ ਫਰਕ ਪੈਣ ਵਾਲਾ ਹੈ। ਉਹਨਾਂ ਕਿਹਾ ਕਾਂਗਰਸ ਅਤੇ ਭਾਜਪਾ ਦਾ ਨੁਕਤਾ-ਨਿਗਾਹ ਇੱਕ ਹੈ, ਦੋਵੇਂ ਘੱਟ-ਗਿਣਤੀਆਂ ਦੇ ਕਤਲੇਆਮ ਲਈ ਜ਼ਿਮੇਵਾਰ ਹਨ ਅਤੇ ਦੋਨਾਂ ਨੇ ਘੱਟ-ਗਿਣਤੀਆਂ ਦੇ ਹੱਕ ਕੁਚਲੇ ਹੋਏ ਹਨ।
ਉਹਨਾਂ ਵਿਅੰਗ ਕਰਦਿਆਂ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਨਾਲ ਕੇਵਲ ਤੇ ਕੇਵਲ ਬਾਦਲ ਪਰਿਵਾਰ ਨੂੰ ਇੱਕੋ ਫਾਇਦਾ ਹੋਵੇਗਾ ਕਿ ਉਹਨਾਂ ਦੀ ਨੂੰਹ ਹਰਸਿਮਰਤ ਕੌਰ ਨੂੰ ਕੇਂਦਰ ਵਿੱਚ ਵਜ਼ੀਰੀ ਮਿਲ ਸਕਦੀ ਹੈ।  ਜ਼ਿਕਰਯੋਗ ਹੈ ਕਿ ਦਲ ਖਾਲਸਾ ਨੇ ਚੋਣਾਂ ਤੋਂ ਇਹ ਆਖਕੇ ਦੂਰ ਰਹਿਣ ਦਾ ਫੈਸਲਾ ਕੀਤਾ ਸੀ ਕਿ ਇਹਨਾਂ ਚੋਣਾਂ ਰਾਂਹੀ ਸਿੱਖ ਮਸਲਿਆਂ ਦਾ ਹੱਲ ਨਹੀ ਹੋਣ ਵਾਲਾ। ਇੱਕ ਸਵਾਲ ਦੇ ਜੁਆਬ ਵਿੱਚ ਕਿ ਲੋਕਾਂ ਨੇ ਦਲ ਖਾਲਸਾ ਦੇ ਚੋਣ ਬਾਈਕਾਟ ਨੂੰ ਹੁੰਗਾਰਾ ਨਹੀ ਦਿਤਾ ਸਗੋਂ ਆਮ ਆਦਮੀ ਪਾਰਟੀ ਨੂੰ ਵੱਧ-ਚੜ੍ਹਕੇ ਵੋਟਾਂ ਪਾਈਆਂ ਹਨ, ਸ ਧਾਮੀ ਨੇ ਕਿਹਾ ਕਿ ਲੋਕ ਬਾਦਲ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਗੈਰ-ਸਿਧਾਂਤਕ ਅਤੇ ਭ੍ਰਿਸ਼ਟ ਨੀਤੀਆਂ ਤੋਂ ਦੁਖੀ ਸਨ। ਉਹਨਾਂ ਕਿਹਾ ਕਿ ਲੋਕ ਕਿਸੇ ਚੰਗੇ ਬਦਲ ਦੀ ਉਡੀਕ ਵਿੱਚ ਸਨ ਅਤੇ ਇਸ ਖਲਾਅ ਦਾ ਫਾਇਦਾ ਲੈਂਦਿਆਂ ਆਪ ਪਾਰਟੀ ਨੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਨਵੰਬਰ 1984 ਦੇ ਕਤਲੇਆਮ ਦੇ ਪੀੜਤਾਂ ਲਈ ਹਾਅ ਦਾ ਨਾਅਰਾ ਮਾਰਕੇ ਅਤੇ ਸੂਬੇ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦਾ ਵਾਅਦਾ ਕਰਕੇ ਸਿੱਖਾਂ ਅਤੇ ਪੰਜਾਬੀਆਂ ਵਿੱਚ ਪੈਰ ਜਮਾ ਲਏ, ਜਿਸ ਕਾਰਨ ਪੰਜਾਬੀਆਂ ਨੇ ਉਹਨਾਂ ਦੀ ਝੋਲੀ ਵਿੱਚ 4 ਸੀਟਾਂ ਪਾ ਦਿੱਤੀਆਂ। ਉਹਨਾਂ ਕਿਹਾ ਸਿੱਖ ਅਤੇ ਪੰਜਾਬੀ ਬਹੁਤ ਜਲਦੀ ਹੁਲਾਰ ਵਿੱਚ ਆ ਜਾਂਦੇ ਹਨ ਅਤੇ ਇਸ ਵਾਰ ਵੀ ਉਹ ਇਸ ਭਰਮ ਨਾਲ ਆਪ ਪਾਰਟੀ ਦੇ ਹੱਕ ਵਿੱਚ ਭੁਗਤੇ ਹਨ ਕਿ ਕੇਜਰੀਵਾਲ ਅਤੇ ਉਸ ਦੀ ਟੀਮ ਉਹਨਾਂ ਦੇ ਮਸਲੇ ਹੱਲ ਕਰੇਗੀ ਅਤੇ ਉਹਨਾਂ ਨੂੰ ਇਨਸਾਫ ਦਿਵਾਏਗੀ।

Send this to a friend