ਸਮਰਾਲਾ, 5 ਸਤੰਬਰ (ਕਮਲਜੀਤ)- ਜੰਮੂ ਕਸ਼ਮੀਰ ਦੀ ਇੱਕ ਇਨੋਵਾ ਗੱਡੀ ਦੇਰ ਰਾਤ ਨੈਸ਼ਨਲ ਹਾਈਵੇ ਦੀ ਵੱਡੀ ਲਾਪਰਵਾਹੀ ਦੇ ਚੱਲਦਿਆਂ ਅਧੂਰੀ ਸੜਕ ’ਤੇ ਜਾ ਚੜ੍ਹੀ ਅਤੇ ਅੱਗੇ ਸੜਕ ਖ਼ਤਮ ਹੋਣ ਤੋਂ ਬਾਅਦ ਕਈ ਫੁੱਟ ਡੂੰਘੇ ਖਤਾਨਾਂ ਵਿੱਚ ਜਾ ਡਿੱਗੀ। ਇਸ ਹਾਦਸੇ ’ਚ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਪ੍ਰੰਤੂ ਗੱਡੀ ਕਾਫ਼ੀ ਨੁਕਸਾਨੀ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਕੱਟੜਾ ਤੋਂ ਚੰਡੀਗੜ੍ਹ ਜਾ ਰਹੀ ਇਨੋਵਾ ਗੱਡੀ ਨੰਬਰ ਜੇ. ਕੇ. 02 ਏ.ਸੀ. 9842 ਜਿਸ ਨੂੰ ਕਿ ਸੰਧਰ ਸਿੰਘ ਨਾਮਕ ਵਿਅਕਤੀ ਚਾ ਰਿਹਾ ਸੀ, ਦੇਰ ਰਾਤ ਕਰੀਬ 1 ਵਜੇ ਪਿੰਡ ਚਹਿਲਾਂ ਨੇੜੇ ਨੈਸ਼ਨਲ ਹਾਈਵੇ ਵੱਲੋਂ ਗਲਤ ਥਾਂ ਲਗਾਏ ਗਏ ਦਿਸ਼ਾ ਬੋਰਡ ਨੂੰ ਵੇਖ਼ ਕੇ ਨਵੇਂ ਉਸਾਰੇ ਜਾ ਰਹੇ ਲੁਧਿਆਣਾ-ਚੰਡੀਗੜ੍ਹ ਸਿਕਸ ਲੇਨ ’ਤੇ ਚੜ੍ਹਨ ਦੀ ਬਜਾਏ ਭੁਲੇਖੇ ਨਾਲ ਅਧੂਰੀ ਪਈ ਸਰਵਿਸ ਲੇਨ ’ਤੇ ਚੜ੍ਹ ਗਿਆ। ਕਰੀਬ 6 ਕਿੱਲੋਮੀਟਰ ਦੂਰ ਪਿੰਡ ਬੌਂਦਲੀ ਨੇੜੇ ਪਹੁੰਚਣ ’ਤੇ ਇਹ ਸਰਵਿਸ ਲੇਨ ਸੜਕ ਖ਼ਤਮ ਹੋ ਗਈ ਅਤੇ ਅੱਗੇ ਡੂੰਘੇ ਖਤਾਨ ਵਿੱਚ ਇਹ ਗੱਡੀ ਜਾ ਡਿੱਗੀ। ਇੱਕਦਮ ਵਾਪਰੇ ਇਸ ਹਾਦਸੇ ਕਾਰਨ ਡਰਾਇਵਰ ਕਾਫ਼ੀ ਘਬਰਾ ਗਿਆ ਅਤੇ ਉਹ ਬੜੀ ਮੁਸ਼ਕਿਲ ਆਪਣੀ ਜਾਨ ਬਚਾ ਕੇ ਗੱਡੀ ਵਿੱਚੋਂ ਬਾਹਰ ਨਿੱਕਲ ਸਕਿਆ। ਇਸ ਹਾਦਸੇ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਤਾਂ ਹੋ ਗਿਆ, ਪਰ ਨੈਸ਼ਨਲ ਹਾਈਵੇ ਅਥਾਰਿਟੀ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਹਾਦਸੇ ਲਈ ਕਸੂਰਵਾਰ ਹਾਈਵੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।