ਕੁਦਰਤ ਦਾ ਅਸੂਲ ਐ ਜਿੱਥੇ ਪਹਿਲਾ ਇੱਕ ਕਹਿਰ ਵਰਤ ਰਿਹਾ ਹੋਵੇ ਉਥੇ ਹੋਰ ਵੀ ਭਾਣੇ ਵਰਤਦੇ ਨੇ। ਪੰਜਾਬ ਕਿਸਾਨ ਖੁਦਕੁਸ਼ੀਆਂ, ਨਸ਼ਾਖੋਰੀ, ਵਾਤਾਵਰਨ ਪ੍ਰਦੂਸ਼ਣ, ਧਾਰਮਿਕ ਬਾਬਿਆਂ ਦੇ ਕਹਿਰ, ਰਿਸ਼ਵਤਖੋਰੀ, ਨੌਜਵਾਨੀ ਦਾ ਪਰਵਾਸ, ਸੜਕੀ ਹਾਦਸਿਆਂ ਦਾ ਸੰਤਾਪ, ਰਾਜਨੀਤਕ ਲੋਕਾਂ ਦਾ ਕਹਿਰ ਝਲਦਾ ਹੋਇਆ ਹੁਣ ਤਾਂ ਸੜਕਾ ਸ਼ਹਿਰਾ ਵਿਚ ਗੋਕਾ ਜਾਨਵਰਾਂ ਜਿਵੇਂ ਗਉਆਂ, ਢੱਠਿਆਂ ਅਤੇ ਅਵਾਰਾ ਕੁੱਤਿਆਂ ਦੇ ਕਹਿਰ ਦਾ ਸੰਤਾਪ ਭੁਗਤ ਰਿਹਾ ਹੈ। ਪੰਜਾਬ ਨੂੰ ਨਜ਼ਰ ਲੱਗਦੀ ਜਾਪਦੀ ਐ।ਇੱਕ ਤੋਂ ਬਾਅਦ ਦੂਜੀ ਅਲਾਮਤ ਡਿੱਗ ਰਹੀ ਐ।
ਜਿਥੋ ਤੱਕ ਅਵਾਰਾ ਗਊਆਂ ਅਤੇ ਢੱਠਿਆਂ ਦਾ ਸਵਾਲ ਐ ਇਸ ਦੇ ਪਿਛੋਕੜ ‘ਚ ਜਾਈਏ ਤਾਂ ਕਹਿੰਦੇ ਸੀ; ‘ਭਾਗ ਹੋਣ ਅੱਛੇ, ਬਹੂਆਂ ਦੇਣ ਮੁੰਡੇ, ਗਊਆ ਦੇਣ ਵੱਛੇ।’
ਜਦੋ ਜੱਟ ਕੋਲ ਬਲਦਾ ਦੀ ਜੋੜੀ ਤੇ ਪੁੱਤਾ ਦੀ ਚੌਕੜੀ ਹੁੰਦੀ ਉਸ ਦੀ ਰੀਸ ਨਹੀ ਹੁੰਦੀ ਸੀ।ਜਿਹੜੇ ਜੱਟ ਦੇ ਚਾਰ ਪੁੱਤ ਹੁੰਦੇ ਲੋਕ ਕਹਿੰਦੇ ਫਲਾਣੇ ਦੀ ਰੀਸ ਨਹੀਂ ਜੇ ਚਾਹੇ ਭਾਵੇਂ ਹਰ ਰੋਜ਼ ਨਵਾਂ ਖੁਹ ਪੁੱਟ ਕੇ ਪਾਣੀ ਪੀ ਲਵੇਂ। ਮਸ਼ਿਨਰੀ ਦੇ ਯੁੱਗ ਨੇ ਗਊਆਂ ਦੀ ਬੁੱਕਤ ਤੇ ਬਲਦਾ ਦੀ ਲੋੜ ਖਤਮ ਕਰ ਦਿੱਤੀ।ਗਊ ਕਿਸਾਨ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਅਧਾਰ ਸੀ ਇਸ ਲਈ ਲਾਹੇਵੰਦ ਜਾਨਵਰ ਨੂੰ ਸਤਿਕਾਰ ਸਦਕਾ ਗਾਊ ਮਾਤਾ ਦਾ ਦਰਜਾ ਦਿਤਾ ਗਿਆ।
ਜਦੋ ਹਰੀ ਕ੍ਰਾਂਤੀ ਦਾ ਯੁੱਗ ਆਇਆਂ ਇਸ ਨਾਲ਼ ਹੀ ਚਿੱਟੇ ਇਨਕਲਾਬ ਦਾ ਯੁੱਗ ਸ਼ੁਰੂ ਹੋਇਆ ਪਹਿਲਾ ਦੇਸੀ ਗਊ ਦੀਆਂ ਸਾਹੀਵਾਲ, ਮੁਹਰਾ, ਕਪਿਲਾ ਹਰਿਆਣਾ ਲਾਲ ਸਿੰਧੀ, ਦਿਓਨੀ, ਗਿਰ, ਨਗੌਰੀ ਆਦਿ ਨਸਲਾਂ ਸਨ, ਦੁੱਧ ਦੀ ਉਪਜ ਵਧਾਉਣ ਲਈ ਸਾਡੀ ਸਰਕਾਰ ਨੇ ਗੈਰ ਤਰਕ ਸੰਗਤ ਢੰਗ ਨਾਲ ਪੰਜਾਬ ਲਈ ਹਸਟਿੰਨ ਫ੍ਰੀਜਰ ਅਤੇ ਰੈੱਡ ਡੈਣ ਵਰਗੀਆਂ ਨਸਲਾਂ ਦੀ ਬਜਾਇ ਸਵਿੱਸ ਲੈਂਡ ਦੀਆਂ ਸਵਿੱਸ ਬਰੋਏੰਨ ਕਿਸਮ ਦੇ ਢੱਠੇ ਮਨਸੂਈ ਗਰਭ ਕਰਨ ਲਈ ਲੇ ਆਂਦੇ ਜੋਂ ਸਿਰਫ ਬੀਫ ਭਾਵ ਮਾਸ ਖਾਤਰ ਹੀ ਸਨ। ਉਨ੍ਹਾਂ ਦੇ ਵੱਛੇ ਸਰਦ ਮੌਸਮ ਚੋ ਆਉਣ ਕਰਕੇ ਹਲ ਨਹੀਂ ਚਲਾ ਸਕਦੇ ਸਨ ਮਾਸ ਖਾਣ ਲਈ ਧਰਮ ਦਾ ਮਸਲਾ ਖੜਾ ਹੁੰਦਾ ਸੀ।ਇਸ ਕਰਕੇ ਕਿਸਾਨ ਉੱਨਾ ਨੂੰ ਮੁਫ਼ਤ ਖੁਰਾਕ ਪਾਉਣ ਦੀ ਬਜਾਏ ਸੁੰਨੇ ਛੱਡਣ ਲੱਗ ਪਏ ਜਿਸ ਕਾਰਨ ਸੜਕਾ ਘਰਾ ਬਜਾਰਾਂ ਵਿੱਚ ਆਵਾਜਾਈ ਚ ਬਿਘਨ ਤੇ ਹਾਦਸੇ ਹੋਣ ਲੱਗ ਪਏ। ਜੇਹੜੀਆਂ ਗਊਆ ਦੁਧੋ ਭੱਜ ਜਾਂਦੀਆਂ ਨੇ ਜਾ ਸੂੰਨ ਯੋਗ ਨਹੀਂ ਰਹਿੰਦੀਆਂ ਉੱਨਾ ਨੂੰ ਵੀ ਮਾਲਕ ਸਾਂਭਦੇ ਨਹੀਂ। ਉਹ ਵੀ ਗਲੀਆ ਚ ਗੰਦ ਮੰਦ ਖਾਂਦੀਆ ਹਾਦਸਿਆਂ ਦਾ ਕਾਰਨ ਬਣਦੀਆਂ ਨੇ।ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਗਊ ਰਖਿਆ ਬੋਰਡ ਸਥਾਪਤ ਕੀਤਾ ਗਊ ਸੈੱਸ ਵੀ ਲਾਇਆ ।ਇਸ ਸਰਕਾਰ ਨੇ ਬਿਜਲੀ ਬੋਰਡ ਰਾਹੀਂ ਵਸੂਲੀ ਸ਼ੁਰੂ ਕੀਤੀ ਪਰ ਮਸਲਾ ਉਥੇ ਹੀ ਖੜਾ ਐ ਕੋਈ ਸਰਕਾਰ ਰਾਜਨੀਤਕ ਅਤੇ ਫਿਰਕੂ ਪੱਤੇ ਕਰਕੇ ਸਖਤੀ ਅਤੇ ਪੁਖਤਾ ਨੀਤੀ ਨਹੀਂ ਬਣਾਉਂਦੀ।
ਧਾਰਮਿਕ ਰਾਜਨੀਤਕ ਸਮਾਜਿਕ ਕਾਰਨਾਂ ਕਰਕੇ ਇੰਨ੍ਹਾਂ ਆਵਾਰਾ ਪਸ਼ੂਆਂ ਨੂੰ ਉੱਤਰੀ ਭਾਰਤ ‘ਚ ਬੁੱਚੜਖਾਨਿਆਂ ‘ਚ ਨਹੀਂ ਭੇਜਿਆ ਜਾਂਦਾ, ਸਗੋ ਗਾਉਆਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ‘ਚ ਮੰਡੀ ਕਰਨ ਵਾਸਤੇ ਲਿਜਾਂਦੇ ਲੋਕ ਗਉ ਭਗਤਾ ਨੇ ਬੇਰਹਿਮੀ ਨਾਲ ਮਾਰ ਦਿੱਤੇ।ਹੁਣ ਤਾਂ ਸਾਡੇ ਸੂਬੇ ਚ ਨਿੱਤ ਰੋਜ ਢੱਠਿਆਂ ਤੇ ਹਿੰਸਕ ਗਾਊਆ ਦੇ ਕਹਿਰ ਸਦਕਾ ਨਿੱਤ ਮੌਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸੰਗਰੂਰ ਜ਼ਿਲ੍ਹੇ ਇੱਕਲੇ ‘ਚ ਹੀ ਪਿਛਲੇ ਦਸ ਦਿਨਾਂ ਚ ਅਠਾਰਾਂ ਮੌਤਾਂ ਹੋਣ ਦੀ ਖਬਰ ਐ। ਇਹ ਬਹੁਤ ਮੰਦਭਾਗੀ ਗੱਲ ਐ। ਸਰਕਾਰ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣੀ ਹੋਈ ਐ। 21 ਅਗਸਤ ਨੂੰ ਗੈਰ ਸਿਆਸੀ ਲੋਕ ਇਕੱਠੇ ਹੋਕੇ ਇਸ ਮੁੱਦੇ ‘ਤੇ ਬਰਨਾਲੇ ਚੌਕ ‘ਚ ਭੁੱਖ ਹੜਤਾਲ ਸ਼ੁਰੂ ਕਰ ਰਹੇ ਨੇ।
ਹਾਦਸਿਆਂ ਦੇ ਕਾਰਨ- ਗੋਕਾ ਪਸ਼ੂਆਂ, ਖਾਸਕਰ, ਢੱਠਿਆਂ ਦੀ ਸਵਿੱਸ ਬਰਾਊਨ ਨਸਲ ਦੇ ਢੱਠੇ ਜੋਂ ਰੰਗ ਦੇ ਕਾਲੇ ਹੁੰਦੇ ਨੇ ਉਹ ਮੁੱਢਲੇ ਤੌਰ ਤੇ ਹਲ ਚੱਲਣ ਵਾਲੀ ਅਤੇ ਗਉਆ ਦੁੱਧ ਦੇਣ ਵਾਲੀਆਂ ਨਹੀਂ। ਉਹ ਜਿੰਨੀ ਖੁਰਾਕ ਖਾਂਦੈ ਨੇ ਸਾਰੀ ਚਰਬੀ ਚ ਤਬਦੀਲ ਕਰਦੇ ਨੇ ਇਹ ਬੀਫ ਨਸਲ ਐ ਪਰ ਕਿਸੇ ਵੇਲੇ ਸਰਕਾਰ ਦੇ ਗਲਤ ਫੈਸਲੇ ਕਾਰਨ ਹੁਣ ਸੰਤਾਪ ਭੁਗਤ ਰਹੇ ਹਾਂ।
ਢੱਠੇ ਰਾਤ ਨੂੰ ਕਾਲੇ ਹੋਣ ਕਰਕੇ ਸੜਕਾ ‘ਤੇ ਇੱਕਦਮ ਨਜਰ ਨਾ ਆਉਣ ਕਰਕੇ ਬਹੁਤ ਹਾਦਸੇ ਹੁੰਦੇ ਨੇ ਇਹ ਆਮ ਤੌਰ ਤੇ ਸੜਕ ਦੇ ਕਿਨਾਰੇ ਚ ਸੈਂਟਰਲ ਵਰਜ ‘ਤੇ ਖੜ੍ਹਦੇ ਨੇ।
ਦੇਸ਼ ਵਿਚ 1917 ‘ਚ 90400 ਬੰਦੇ ਹਾਦਸਿਆਂ ਨਾਲ ਮਰੇ।18 ਤੋਂ 45 ਸਾਲ 4 ਲੱਖ 64 ਹਾਦਸੇ ਜਿੰਨਾ ਚੋ ਤੀਜਾ ਹਿੱਸਾ ਅਵਾਰਾ ਪਸ਼ੂਆਂ ਕਾਰਨ ਹੋਏ।ਹਿੰਦੂ ਗਉ ਭਗਤਾ ਦੇ ਹਿੰਸਾ ਨਾਲ 2017 ‘ਚ 28 ਜਾਨਾ ਗਈਆਂ ਜਿੰਨਾ ਚੋ 24 ਮਸਲਮਾਨ ਬਾਕੀ ਸਿੱਖ ਸਨ। ਕੁਲ ਮਿਲਾ ਕੇ 124 ਜਖਮੀ ਹੋਏ।ਦਾਸ ਦੀ ਕਵਿਤਾ ਦੀ ਲਾਇੰਨ ਐ;
ਇੱਕ ਢੱਠੇ ਝੋਟਿਆਂ ਨੇ ਮਾਰੇ,
ਦੂਜੇ ਵੈਰੀ ਸਾਹਨ ਸਰਕਾਰ ਦੇ।
ਦਸੋ ਬੱਚ ਕਿੱਥੇ ਭਜ ਜਾਈਏ?
ਲੋਕੀ ਦੋਵੇਂ ਹਥੀਂ ਧਾਹਾ ਮਾਰਦੇ
ਇਹਨਾ ਫਿਰ ਸਾਂਭ ਸੰਭਾਲ ਲਈ ਸਰਕਾਰ ਨੇ ਗਾਊ ਸੈੱਸ ਲਗਾਇਆ ਹੋਇਆ ਹੈ। ਗਾਊ ਚਰਾਂਦਾ ਛੱਡੀਆਂ ਸਨ ਡੇਰੇ ਵਿੱਚ ਗਾਉਆ ਰਖਣ ਦੀ ਸੁਵਿਧਾ ਗਾਊ ਸ਼ਾਲਾਵਾ ਦੀ ਵਿਵਸਥਾ ਰਖੀ। ਬਹੁਤ ਸਾਰੀਆਂ ਐਨ.ਜੀ.ਓ. ਵਲੋ ਤੇ ਧਾਰਮਿਕ ਅਦਾਰਿਆਂ ਵਲੋਂ ਵੀ ਸਾਂਭ ਸੰਭਾਲ ਦਾ ਉਪਰਾਲਾ ਕੀਤਾ ਜਾ ਰਿਹਾ ਐ ਪਰ ਹੁਣ ਖੇਤੀ ਅਤੇ ਜਮੀਨ ਤੇ ਦਬਾਅ ਵਧਣ ਕਾਰਨ ਗੈਰ ਉਪਜਾਊ ਡੰਗਰ ਰਖਣ ਦਾ ਰਿਵਾਜ ਹੀ ਖਤਮ ਹੋ ਗਿਆ।ਮਸ਼ਿਨਰੀ ਦੇ ਯੁੱਗ ਚ ਹੁਣ ਹਲਾਂ ਦੀ ਖੇਤੀ ਖਤਮ ਵਰਗੀ ਹੀ ਹੋਗੀ ਇਸ ਲਈ ਗਾਊ ਢੱਠੇ ਵੱਛੇ ਸਾਰੇ ਅਵਾਰਾ ਗਲੀਆਂ ਖੇਤਾਂ ਸੜਕਾ ਅਤੇ ਸਰਕਾਰੀ ਦਫ਼ਤਰਾਂ ਤੇ ਹੋਰ ਇਮਾਰਤਾਂ ‘ਚ ਆਮ ਹੀ ਫਿਰਦੇ ਨੇ ਪਿੰਡਾਂ ਵਾਲੇ ਟਰੈਲੀਆਂ ਭਰਕੇ ਸ਼ਹਿਰ, ਸ਼ਹਿਰਾਂ ਵਾਲੇ ਸਰਕਾਰੀ ਬੀੜ ‘ਚ, ਬੀੜ ਵਾਲੇ ਖੇਤਾਂ ਵੱਲ, ਬੱਸ ਏਦਾ ਹੀ ਇੱਕ ਦੂਜੇ ਵੱਲ ਭਜਾਈ ਫਿਰਦੇ ਨੇ। ਅਵਾਰਾ ਗਊਆਂ ਤੇ ਢੱਠੇ ਗਰਭ ਧਾਰਨ ਕਰਕੇ ਹੋਰ ਆਬਾਦੀ ਵਧਾਈ ਜਾਂਦੇ ਨੇ ਮਸਲਾ ਗੰਭੀਰ ਹੁੰਦਾ ਜਾ ਰਿਹਾ ।
ਸਰਕਾਰ ਵੱਲੋਂ ਲਗਾਏ ਗਊ ਸੈੱਸ ਨੂੰ ਖਰਚਣ ਦੀ ਵਿਧੀ ਵਿਧਾਨ ਨਹੀਂ ਬਣਿਆ ਹੋਇਆ। ਪੈਸਾ ਹਜਮ ਹੋਣ ਦੀਆ ਸ਼ਕਾਇਤਾ ਵੀ ਫਿਰਦੀਆਂ ਨੇ।ਪਰ ਸਮੱਸਿਆਂ ਘੱਟ ਹੋਣ ਦੀ ਬਜਾਇ ਵਧ ਹੋ ਰਹੀ ਐ।
ਇਹ ਸਮੱਸਿਆਂ ਜ਼ਿਆਦਾ ਉਤਰੀ ਭਾਰਤ ‘ਚ ਐ ਕਿਉਕਿ ਇਥੇ ਧਾਰਮਿਕ ਰੰਗਤ ਚੜ੍ਹੀ ਹੋਈ ਐ ਬਾਕੀ ਖੇਤਰ ਚ ਬੁੱਚੜ ਖਾਨੇ ਨੇ। ਅਵਾਰਾ ਪਸ਼ੂ ਨਹੀਂ ਮਿਲਦੇ ਲੋਕ ਬੀਫ ਖਾਂਦੇ ਨੇ। ਵਿਦੇਸ਼ਾ ਚ ਗਾਊ ਦਾ ਮਾਸ ਨਿਰਯਾਤ ਹੁੰਦਾ ਐ ਬਲਕਿ ਭਾਜਪਾ ਦੀ ਸਰਕਾਰ ਚ ਪਿਛਲੇ ਸਮੇਂ ਨਾਲੋ ਐਕਸਪੋਰਟ ਵਧ ਹੋਈ ਹੈ। ਫੇਰ ਵੀ ਰਾਜਨੀਤੀ ਚਲਦੀ ਐ ਰਾਜਸਥਾਨ ਹਰਿਆਣਾ ਯੂਪੀ ਪੰਜਾਬ ਜਿਆਦਾ ਪ੍ਰਭਾਵਿਤ ਨੇ । ਗਉਆ ਨੂੰ ਲੱਦ ਕੇ ਲਿਜਾਣਾ ਜਾਨ ਦਾ ਖੌਅ ਬਣ ਗਿਆ ਹੈ। ਪਹਿਲੂ ਖਾਨ ਵਰਗੇ ਹਿੰਦੂ ਅੱਤਵਾਦ ਦੇ ਬੇਦਰਦੀ ਨਾਲ ਸ਼ਿਕਾਰ ਹੋਇ। ਬੰਦਾ ਮਾਰ ਕੇ ਭਾਵੇਂ ਮੁਕਦਮਾ ਦਰਜ ਨਾ ਹੋਵੇ ਪਰ ਗਊ ਦੇ ਡੰਡਾ ਮਾਰ ਕੇ ਵੀ ਸ਼ਾਇਦ ਜ਼ਮਾਨਤ ਨਾ ਹੋਵੇ ਜਾ ਇੱਕ ਫਿਰਕੇ ਦੇ ਲੋਕ ਪਤਾ ਨਹੀਂ ਕੀ ਵਾਅ ਵਰੋਲਾ ਖੜਾ ਕਰ ਦੇਣ। ਇਹ ਸਾਡੇ ਦੇਸ਼ ਦੇ ਲੋਕ ਰਾਜ ਦਾ ਦੁਖਾਂਤ ਹੈ। ਨੌਰਥ ਈਸਟ ਇੰਡੀਆ ਚ ਨਾ ਕਿਤੇ ਕੁੱਤਾ ਮਿਲੇ ਨਾ ਅਵਾਰਾ ਡੰਗਰ। ਕਾਰਨ ਸਭ ਜਾਣਦੇ ਨੇ।
ਇਹ ਸਮੱਸਿਆਂ ਦਾ ਜੇ ਸਰਕਾਰ, ਸਮਾਜ ਅਤੇ ਧਰਮ ਦੇ ਠੇਕੇਦਾਰਾਂ ਨੇ ਢੁਕਵੇਂ ਸਮੇਂ ਚ ਕੋਈ ਪੁਖਤਾ ਹੱਲ ਨਾ ਕੀਤਾ ਤਾਂ ਕਿਤੇ ਇਹ ਨੌਬਤ ਨਾ ਆ ਜਾਵੇ ਕਿ ਢੱਠੇ ਦੇ ਕਹਿਰ ਤੋ ਪੀੜਤ ਪਰਵਾਰ ਢੱਠਿਆਂ ਨੂੰ ਮੌਕੇ ਤੇ ਗੋਲੀਆਂ ਨਾਲ ਹੀ ਮਾਰਨ ਨਾ ਲੱਗ ਜਾਣ। ਇੱਥੇ ਤੱਕ ਦੀ ਨੌਬਤ ਕਿਸੇ ਵੇਲੇ ਆ ਸਕਦੀ ਐ। ਇਸ ਨਾਲ਼ ਮਜ੍ਹਬੀ ਨਸਲੀ ਦੰਗੇ ਫਸਾਦ ਵੀ ਸ਼ੁਰੂ ਹੋ ਸਕਦੇ ਨੇ।
ਸੁਝਾਅ- ਕੁਝ ਕੰਮ ਸਰਕਾਰ ਪੱਧਰ ਤੇ ਕੁਝ ਜਿਲਾ ਪੱਧਰ ਤੇ ਕੁਝ ਸ਼ਹਿਰ, ਪਿੰਡ ਜਾ ਗਲੀ ਮੁਹੱਲੇ ਪੱਧਰ ਅਤੇ ਕੁਝ ਐਨਜੀਓ ਪੱਧਰ ਤੇ ਕਰਨ ਵਾਲੇ ਨੇ । ਇਸ ਸਮੱਸਿਆਂ ਨੂੰ ਨਜਿੱਠਣ ਲਈ ਇਕ ਲੋਕ ਲਹਿਰ ਵਿੱਢਣ ਦੀ ਲੋੜ ਐ।ਸਰਕਾਰ ਨੂੰ ਅਵਾਰਾ ਗੋਕਾ ਜਾਨਵਰਾਂ ਵਾਰੇ ਕਨੂੰਨ ਬਣਾਉਣ ਦੀ ਲੋੜ ਐ। ਗੋਕਾ ਜਾਨਵਰਾਂ ਦਾ ਡੇਟਾਬੇਸ ਬਣੇ । ਹਰ ਗੋਕੇ ਦੇ ਜੰਮਣ ਸਾਰ ਸਿੰਘ ਘਸਾਏ ਜਾਣ। ਸਿੰਘਾ ਰਹਿਤ ਢੱਠੇ ਦੀ ਟੱਕਰ ਨਾਲ ਛੇਤੀ ਕਿਤੇ ਬੰਦੇ ਦੀ ਜਾਨ ਨਹੀਂ ਜਾਂਦੀ।।
ਉਸ ਦੇ ਚਿਪ ਲੱਗੇ, ਮਾਲਕ ਦਾ ਨਾਮ ਰਹਾਇਸ਼ ਅਤੇ ਬਿਮਾਰੀ ਆਦਿ ਦਾ ਵਰਨਣ ਹੋਵੇ ਤਾਂ ਜੋਂ ਅਵਾਰਾ ਛੱਡਣ ਦੀ ਸੂਰਤ ਚ ਉਸ ਦੇ ਖਿਲਾਫ ਜੁਰਮਾਨਾ ਸਜਾ ਦੀ ਵਿਵਸਥਾ ਹੋਵੇ। ਸਰਕਾਰ ਜਾਂ ਡੇਰਿਆਂ ਦੀਆਂ ਜਮੀਨਾਂ ਚ ਹਰ ਬਲਾਕ ਅਤੇ ਤਹਿਸੀਲ ਓਧਰ ਤੇ ਗਾਉਸ਼ਾਲਾ ਬਣੇ ਜਿਸ ਨੂੰ ਨੂੰ ਕੁਝ ਸਮਾਜ ਸੇਵੀ, ਧਾਰਮਿਕ ਕਮੇਟੀਆਂ, ਕਿਸਾਨ, ਆੜਤੀਏ, ਸਬਜੀ ਮੰਡੀ ਤੇ ਟਰੱਕ ਯੂਨੀਅਨ ਵਾਲੇ, ਡੰਗਰਾਂ ਦੇ ਡਾਕਟਰ ਉਸ ਦੇ ਮੈਂਬਰ ਹੋਣ।ਗਊ ਸੈੱਸ ਦੀ ਰਾਸ਼ੀ ਜਿਲਾ ਓਧਰ ਤੇ ਡਿਪਟੀ ਕਮਿਸ਼ਨਰ ਦੇ ਹਵਾਲੇ ਕੀਤੀ ਜਾਵੇ ਤਾਂ ਜੋਂ ਜਿਲਾ ਪੱਧਰ ਤੇ ਗਾਉ ਸ਼ਾਲਾ ਦੀ ਸੰਭਾਲ ਵਾਰੇ ਟੀਮਾਂ ਬਣਾ ਕੇ ਲੋਕਾਂ ਦੀ ਸ਼ਮੂਲੀਅਤ ਕੀਤੀ ਜਾਵੇ ਬਿਮਾਰ ਅਤੇ ਨਕਾਰਾ ਗੋਕਿਆਂ ਵਾਰੇ ਕੋਈ ਸਰਲ ਨੀਤੀ ਬਣੇ।
ਕਾਲੇ ਰੰਗ ਦੇ ਢੱਠਿਆਂ ਦੇ ਲੀਏਟ ਚ ਰੀਫਲੇਕਟ ਹੋਣ ਵਾਲੀ ਪੱਟੀ ਲਾਈ ਜਾਵੇ। ਟੋਲ ਸੜਕਾ ਤੇ ਢੱਠੇ ਰੋਕਣ ਦਾ ਕੰਮ ਟੋਲ ਕੰਪਨੀਆਂ ਕਰਨ ਕਿਓਕਿ ਉਹ ਸੁਰਖਿਅਤ ਆਵਾਜਾਈ ਦੇ ਪੈਸੇ ਲੈਂਦੇ ਨੇ,ਸਾਹਿਰ ਵਿਚ ਨਗਰ ਪਾਲਿਕਾ ਅਤੇ ਪਿੰਡਾਂ ਚ ਪੰਚਾਇਤ ਆਪਣੀ ਜੁਮੇਵਾਰੀ ਸਾਂਭੇ ਕਨੂੰਨ ਦੀ ਪਾਲਣਾ ਸਖਤੀ ਨਾਲ ਹੋਵੇ।
ਅਵਾਰਾ ਕੁੱਤਿਆਂ ਦੀ ਸਮੱਸਿਆ ਵਧਾਉਣ ਲਈ ਮਨੇਕਾ ਗਾਂਧੀ ਅਤੇ ਗੋਕਿਆ ਦੀ ਸਮੱਸਿਆਂ ਭਾਜਪਾ ਦੀ ਪੁਸਤ ਪਨਾਹੀ ਕਰਕੇ ਹੋਈ ।
ਫੰਡਰ ਗਾਵਾਂ ਨੂੰ ਸਾਂਭਣਾ ਬੜਾ ਮਹਿੰਗਾ ਪੈਂਦਾ ਐ ਪਹਿਲਾ ਬੁੱਚੜਖਾਨੇ ਵਾਲੇ ਲਿਜਾਂਦੇ ਸੀ ਹੁਣ ਬੰਦ ਹੋਗੇ ਜਿਸ ਕਾਰਨ ਸੁੱਕੇ ਡੰਗਰਾਂ ਦਾ ਖਰਚਾ ਸਹਿਣ ਨਹੀ ਹੁੰਦਾ। ਨਰ ਜਾਨਵਰ ਹਲ ਨਹੀਂ ਚਲ ਸਕਦੇ ।ਦੁੱਖ ਦੀ ਗੱਲ ਐ ਕਿ ਕਈ ਵਾਰੀ ਖਬਰਾਂ ਨਸ਼ਰ ਹੁੰਦੀਆਂ ਨੇ ਕੇ ਸਾਡੇ ਦੇਸ਼ ਵਿੱਚ ਜਿੰਨਾ ਦੁੱਧ ਪੈਦਾ ਹੁੰਦੈ ਉਸ ਤੋ ਤਿੰਨ ਗੁਣਾ ਦੁੱਧ ਨਕਲੀ ਕੈਮੀਕਲ ਦੁੱਧ ਹੁੰਦੈ ਜੋਂ ਸਾਡੀ ਜਾਨ ਦਾ ਦੁਸ਼ਮਣ ਬਣਦਾ ਐ। ਗਲ਼ ਫੇਰ ਸਿਆਸਤ ਅਤੇ ਅਫ਼ਸਰਸਾਹੀ ‘ਤੇ ਆ ਪੈਂਦੀ ਐ । ਰਿਸ਼ਵਤਖੋਰੀ ਕਾਰਨ ਸੱਭ ਕੁਝ ਹਜਮ ਹੋ ਜਾਂਦੈ। ਹੁਣ ਤਾਂ ਮਸਲਾ ਐਨਾ ਗੰਭੀਰ ਹੋਗਿਆ ਕਿ ਗੋਕਿਆ ਦੇ ਵੱਗਾ ਦੇ ਵਗ ਫਿਰਦੇ ਨੇ ਇੱਕ ਇੱਕ ਦਿਨ ਚ ਕਈ ਕਈ ਬੇਦੋਸ਼ ਮੌਤਾਂ ਹੋ ਰਹੀਆਂ ਨੇ। ਸਰਕਾਰਾਂ ਅਤੇ ਵਿਰੋਧੀ ਧਿਰ ਇੱਕ ਫ਼ਿਰਕੇ ਨੂੰ ਨਰਾਜ ਕਰਨ ਦੇ ਡਰ ਕਾਰਨ ਆਪਣੀ ਜਮੀਰ ਮਾਰ ਕੇ ਮੁੱਕ ਦਰਸ਼ਕ ਹੋਏ ਬੈਠੇ ਨੇ ਕਿ ਕਿਧਰੇ ਉੱਨਾ ਦੀ ਵੋਟ ਦਾ ਅਨੁਪਾਤ ਨਾ ਖਰਾਬ ਹੋਵੇ।
ਜੇਹੜੇ ਪਾਲਤੂ ਗੋਕਿਆ ਨੂੰ ਕੁਝ ਲੋਕ ਸਵੇਰੇ ਦੁੱਧ ਚੋ ਕੇ ਅਵਾਰਾ ਛਡ ਦਿੰਦੇ ਨੇ ਉੱਨਾ ਨੁੰ ਫੜਕੇ ਜੁਰਮਾਨਾ ਲਾਉਣ ਲਈ ਪਸ਼ੂ ਫਾਟਕ ਬਣਾਉਣ(ਕੇਟਲ ਕੈਚਿੰਗ ਸੈਂਟਰ) ਜੋਂ ਭਾਰੀ ਜੁਰਮਾਨਾ ਲੈਕੇ ਛੱਡਣ। ਅਵਾਰਾ ਗੋਕੇ ਨਰ ਮਾਦਾ ਦੋਵੇ ਖ਼ਸੀ ਕਿਤੇ ਜਾਣ ਤਾਂ ਕਿ ਬੇਲੋੜੀ ਅਬਾਦੀ ਰੋਕੀ ਜਾ ਸਕੇ।
ਸਰਕਾਰ ਢੁਕਵੀਂ ਗਰਾਂਟ ਦੇਵੇ। ਗਾਊ ਸ਼ਾਲਾ ਬਣਾਉਣ ਲਈ ਐਮ ਪੀ ਫੰਡ ਦੀ ਵਰਤੋਂ ਇਸ ਕਾਰਜ ਲਈ ਫਿੱਟ ਚਾਰਜ ਐਲਾਨ ਕੀਤੀ ਜਾਵੇ।