ਸਮੇਂ ਦੀ ਤਬਦੀਲੀ ਨਾਲ ਮਨੁੱਖੀ ਕਦਰਾਂ ਕੀਮਤਾਂ ਅਤੇ ਸਮਾਜਿਕ ਵਿਵਹਾਰ ਵਿਚ ਬਦਲਾਓ ਨਜ਼ਰ ਆ ਰਿਹਾ ਹੈ। ਕਿਸੇ ਸਮੇਂ ਇਨਸਾਨ ਇਕ ਦੂਜੇ ਦੇ ਭਾਈਚਾਰਕ ਤੌਰ ‘ਤੇ ਸਹਾਈ ਹੁੰਦੇ ਸਨ। ਉਸ ਸਮੇਂ ਸਰਕਾਰੀ ਨੌਕਰੀਆਂ ਕਰਨ ਵਾਲੇ ਅਧਿਕਾਰੀ ਅਤੇ ਕਰਮਚਾਰੀ ਆਪਾ ਵਾਰੂ ਰੁਚੀ ਨਾਲ ਕੰਮ ਕਰਕੇ ਖ਼ੁਸ਼ ਹੁੰਦੇ ਹੋਏ ਸੰਤੁਸ਼ਟਤਾ ਪ੍ਰਾਪਤ ਕਰਦੇ ਸਨ। ਆਧੁਨਿਕਤਾ ਦੇ ਮਾਹੌਲ ਨੇ ਜਿਥੇ ਇਨਸਾਨ ਬਹੁਤ ਸਾਰੀਆਂ ਸੁਖ ਸਹੂਲਤਾਂ ਦਿੱਤੀਆਂ ਹਨ, ਉਥੇ ਇਨਸਾਨ ਨੂੰ ਪਦਾਰਥਵਾਦੀ ਬਣਾ ਦਿੱਤਾ ਹੈ। ਇਸ ਕਰਕੇ ਹੁਣ ਹਰ ਵਿਅਕਤੀ ਨਿੱਜੀ ਲਾਭ ਨੂੰ ਮੁੱਖ ਰੱਖਦਾ ਹੈ। ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵਰਤਾਰੇ ਵਿਚ ਵੀ ਇਸਦਾ ਅਸਰ ਸਾਫ਼ ਦਿਸਦਾ ਹੈ। ਡਾਕਟਰੀ ਦਾ ਕਿੱਤਾ ਬਹੁਤ ਵੀ ਪਵਿਤਰ ਗਿਣਿਆਂ ਜਾਂਦਾ ਹੈ। ਇਸ ਲਈ ਡਾਕਟਰ ਨੂੰ ਰੱਬ ਦਾ ਰੂਪ ਵੀ ਕਿਹਾ ਜਾਂਦਾ ਹੈ। ਅਜਿਹਾ ਹੀ ਇਕ ਅੱਖਾਂ ਦਾ ਮਾਹਿਰ ਡਾਕਟਰ ਧਨਵੰਤ ਸਿੰਘ ਹੋਇਆ ਹੈ, ਜਿਸਨੇ ਆਪਣੇ ਕਿੱਤੇ ਦੀ ਪਵਿਤਰਤਾ ਬਹਾਲ ਹੀ ਨਹੀਂ ਰੱਖੀ ਸਗੋਂ ਇਸ ਕਿੱਤੇ ਨੂੰ ਸਮਾਜ ਸੇਵਾ ਦਾ ਰੂਪ ਵੀ ਦਿੱਤਾ। ਉਨ੍ਹਾਂ ਸਮਾਜ ਦੇ ਹਰ ਵਰਗ ਖਾਸ ਕਰਕੇ ਗ਼ਰੀਬ ਲੋਕਾਂ ਦੇ ਇਲਾਜ ਨੂੰ ਪਹਿਲ ਦਿੱਤੀ ਸੀ। ਉਨ੍ਹਾਂ ਕਦੀਂ ਵੀ ਕਿਸੇ ਮਰੀਜ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਉਸ ਕੋਲ ਅੱਖਾਂ ਦੇ ਇਲਾਜ ਲਈ ਦੂਰ ਦੁਰਾਡੇ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਵੱਡੇ ਤੋਂ ਵੱਡੇ ਅਮੀਰ ਅਤੇ ਗ਼ਰੀਬ ਤੋਂ ਗ਼ਰੀਬ ਲੋਕ ਆਉਂਦੇ ਸਨ। ਉਨ੍ਹਾਂ ਕਦੀਂ ਮੱਥੇ ਵੱਟ ਨਹੀਂ ਪਾਇਆ ਸੀ। ਗਿਆਨੀ ਜ਼ੈਲ ਸਿੰਘ ਦਿੱਲੀ ਵਿਚ ਇਲਾਜ ਕਰਾਉਣ ਦੀ ਥਾਂ ਡਾਕਟਰ ਧਨਵੰਤ ਸਿੰਘ ਕੋਲ ਇਲਾਜ ਕਰਵਾਉਣ ਆਉਂਦੇ ਸਨ। ਡਾਕਟਰ ਧਨਵੰਤਸਿੰਘ ਜੱਟ ਸਿੱਖ ਗਰੇਵਾਲ ਗੋਤ ਨਾਲ ਸੰਬੰਧ ਰੱਖਦੇ ਸਨ ਪ੍ਰੰਤੂ ਉਨ੍ਹਾਂ ਕਦੀਂ ਵੀ ਆਪਣੇ ਨਾਂ ਨਾਲ ਆਪਣਾ ਗੋਤ ਨਹੀਂ ਲਿਖਿਆ।ਤ ਉਤਰੀ ਭਾਰਤ ਵਿਚ ਡਾਕਟਰ ਧਨਵੰਤ ਸਿੰਘ ਸਭ ਤੋਂ ਹਰਮਨ ਪਿਆਰਾ ਡਾਕਟਰ ਗਿਣਿਆਂ ਜਾਂਦਾ ਸੀ। ਵਰਤਮਾਨ ਸਮੇਂ ਵਿਚ ਡਾਕਟਰੀ ਕਿੱਤਾ ਵਿਓਪਾਰਕ ਬਣ ਗਿਆ ਹੈ। ਡਾਕਟਰੀ ਦੇ ਖੇਤਰ ਨਵੀਂਆਂ ਲੀਹਾਂ ਪਾਉਣ ਵਾਲੇ ਅਤੇ ਇਸ ਪਵਿਤਰ ਕਿੱਤੇ ਨੂੰ ਸਮਾਜ ਸੇਵਾ ਸਮਝ ਕੇ ਸੇਵਾ ਕਰਨ ਵਾਲੇ ਡਾ.ਧਨਵੰਤ ਸਿੰਘ ਪਹਿਲੇ ਅਜਿਹੇ ਅੱਖਾਂ ਦੇ ਮਾਹਰ ਡਾਕਟਰ ਸਨ, ਜਿਨ੍ਹਾਂ ਉਤਰੀ ਭਾਰਤ ਵਿਚ ਕੋਰਨੀਆਂ ਟਰਾਂਸਪਲਾਂਟ ਕਰਨ ਦਾ ਸ਼ੈਕਸਨ ਪਟਿਆਲਾ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸ਼ੁਰੂ ਕੀਤਾ। ਉਨ੍ਹਾਂ ਆਪਣੀ ਸੇਵਾ ਦੇ ਦੌਰਾਨ 500 ਮੁਫ਼ਤ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਿਹਾਤੀ ਇਲਾਕਿਆਂ ਵਿਚ ਕੈਂਪ ਲਗਾਕੇ ਗ਼ਰੀਬ ਅਤੇ ਦੱਬੇ ਕੁਚਲੇ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਡਾਕਟਰਾਂ ਨੂੰ ਸਲਾਹ ਦਿੱਤੀ ਕਿ ਉਹ ਇਸ ਕਿੱਤੇ ਨੂੰ ਸੇਵਾ ਭਾਵਨਾ ਨਾਲ ਨਿਭਾਉਣ ਤੇ ਇਸ ਨੂੰ ਵਿਓਪਾਰ ਨਾ ਸਮਝਿਆ ਜਾਵੇ। ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁਖ ਰੱਖਦਿਆਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ 1981 ਵਿਚ ਪਦਮ ਸ਼੍ਰੀ ਦੇ ਖ਼ਿਤਾਬ ਨਾਲ ਸਨਮਾਨਤ ਕਰਨ ਦਾ ਫ਼ੈਸਲਾ ਕੀਤਾ ਅਤੇ 26 ਜਨਵਰੀ 1982 ਨੂੰ ਦੇਸ਼ ਦੇ ਰਾਸ਼ਟਰਪਤੀ ਸੰਜੀਵਾ ਰੈਡੀ ਨੇ ਪਦਮ ਸ਼੍ਰੀ ਦਾ ਖ਼ਿਤਾਬ ਪ੍ਰਦਾਨ ਕੀਤਾ।
ਡਾ.ਧਨਵੰਤ ਸਿੰਘ ਦਾ ਜਨਮ ਬਰਨਾਲਾ ਵਿਖੇ 3 ਸਤੰਬਰ 1925 ਨੂੰ ਪੜ੍ਹੇ ਲਿਖੇ ਪਰਿਵਾਰ ਵਿਚ ਡਾ.ਰਘਬੀਰ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਆਪ 4 ਭਰਾ ਅਤੇ 4 ਭੈਣਾਂ ਸਨ। 1923 ਵਿਚ ਆਪ ਦੇ ਪਿਤਾ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਨੌਕਰੀ ਸ਼ੁਰੂ ਕੀਤੀ। ਆਪ ਦੇ ਪਿਤਾ ਕਿਉਂਕਿ ਸਰਕਾਰੀ ਡਾਕਟਰ ਸਨ, ਇਸ ਲਈ ਆਪ ਨੂੰ ਵੀ ਉਨ੍ਹਾਂ ਦੇ ਨਾਲ ਵੱਖ ਵੱਖ ਸ਼ਹਿਰਾਂ ਵਿਚ ਜਾਣਾ ਪੈਂਦਾ ਸੀ। ਆਪਦਾ ਬਚਪਨ ਬਰਨਾਲਾ, ਰਾਜਪੁਰਾ, ਬਠਿੰਡਾ ਅਤੇ ਪਟਿਆਲਾ ਵਿਖੇ ਗੁਜ਼ਰਿਆ। ਆਪਨੇ 1941 ਵਿਚ ਦਸਵੀਂ ਪਟਿਆਲਾ ਤੋਂ ਪਾਸ ਕੀਤੀ। ਇਸ ਤੋਂ ਬਾਅਦ ਐਫ.ਐਸ.ਸੀ. ਮੈਡੀਕਲ ਕਰਨ ਲਈ ਸਰਕਾਰੀ ਕਾਲਜ ਲਾਹੌਰ ਵਿਚ ਦਾਖ਼ਲਾ ਲੈ ਲਿਆ ਅਤੇ 1943 ਵਿਚ ਲਾਹੌਰ ਯੂਨੀਵਰਸਿਟੀ ਵਿਚੋਂ ਚੌਥੇ ਨੰਬਰ ਤੇ ਆ ਕੇ ਪਾਸ ਕੀਤੀ। ਫਿਰ ਆਪ ਨੇ ਲਾਹੌਰ ਵਿਖੇ ਹੀ ਸਰ ਗੰਗਾ ਰਾਮ ਮੈਡੀਕਲ ਕਾਲਜ ਅਤੇ ਹਸਪਤਾਲ ਨਾਲ ਸੰਬੰਧਤ ਬਾਲਕ ਰਾਮ ਮੈਡੀਕਲ ਕਾਲਜ ਵਿਚ ਐਮ.ਬੀ.ਬੀ.ਐਸ. ਕਰਨ ਲਈ ਦਾਖ਼ਲਾ ਲੈ ਲਿਆ। 1943 ਤੋਂ 47 ਤੱਕ ਇਸੇ ਕਾਲਜ ਵਿਚ ਪੜ੍ਹਾਈ ਕੀਤੀ, ਦੇਸ਼ ਦੀ ਵੰਡ ਤੋਂ ਬਾਅਦ ਚੌਥਾ ਸਾਲ ਪ੍ਰਿੰਸ ਵੇਲਜ਼ ਮੈਡੀਕਲ ਕਾਲਜ ਪਟਨਾ ਬਿਹਾਰ ਵਿਚ ਪੜ੍ਹੇ ਅਤੇ ਉਥੋਂ 1948 ਵਿਚ ਹੀ ਡਿਗਰੀ ਪ੍ਰਾਪਤ ਕੀਤੀ। 28 ਅਗਸਤ 1948 ਨੂੰ ਰਾਜਿੰਦਰਾ ਹਸਪਤਾਲ ਵਿਚ ਮੈਡੀਕਲ ਅਧਿਕਾਰੀ ਭਰਤੀ ਹੋ ਗਏ। ਨੌਕਰੀ ਜਾਇਨ ਕਰਨ ਤੋਂ ਤਿੰਨ ਦਿਨ ਬਾਅਦ ਹੀ 1 ਸਤੰਬਰ 1948 ਨੂੰ ਪੈਪਸੂ ਹੋਂਦ ਵਿਚ ਆ ਗਿਆ। ਆਪ ਪੈਪਸੂ ਸਰਕਾਰ ਦੇ ਡਾਕਟਰ ਬਣ ਗਏ। 4 ਸਾਲ ਬਾਅਦ ਆਪ ਨੇ 1952 ਵਿਚ ਅੱਖਾਂ ਦੇ ਵਿਭਾਗ ਵਿਚ ਡਿਪਲੋਮਾ ਇਨ ਅਪਥਾਲਾਮਿਕ ਮੈਡੀਸਨ ਐਂਡ ਸਰਜਰੀ ਡੀ.ਓ.ਐਮ.ਐਸ. ਵਿਚ ਦਾਖ਼ਲਾ ਲੈ ਲਿਆ ਅਤੇ ਡਿਪਲੋਮਾ ਪਾਸ ਕੀਤਾ। 1953 ਵਿਚ ਹੀ ਰਾਜਿੰਦਰਾ ਹਸਪਤਾਲ ਦੇ ਨਾਲ ਮੈਡੀਕਲ ਕਾਲਜ ਬਣ ਗਿਆ। ਆਪ 1954 ਵਿਚ ਇੰਗਲੈਂਡ ਚਲੇ ਗਏ ਅਤੇ ਉਥੋਂ ਹੀ ਆਪ ਨੇ ਰਾਇਲ ਕਾਲਜ ਆਫ਼ ਸਰਜ਼ਨਜ਼ ਲੰਡਨ ਤੋਂ ਆਪਥਾਲਮੋਜੀ ਵਿਚ ਪੋਸਟ ਗ੍ਰੈਜੂਏਸ਼ਨ ਪਾਸ ਕੀਤੀ। ਕਾਲਜ ਵਿਚ ਆਪ ਨੇ ਹੈਲਟ ਪ੍ਰਾਈਜ਼ ਜਿੱਤਿਆ। ਆਪ 1955 ਵਿਚ ਵਾਪਸ ਭਾਰਤ ਆ ਗਏ। 1 ਜਨਵਰੀ 1956 ਨੂੰ ਆਪ ਨੇ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਅੱਖਾਂ ਦੇ ਵਿਭਾਗ ਵਿਚ ਨੌਕਰੀ ਜਾਇਨ ਕਰ ਲਈ। ਫਿਰ ਇਥੇ ਹੀ ਆਪ ਦੀ ਤਰੱਕੀ ਸਹਾਇਕ ਪ੍ਰੋਫ਼ੈਸਰ ਦੀ ਹੋ ਗਈ। ਆਪ ਆਪਣੀ ਡਿਊਟੀ ਮਿਸ਼ਨਰੀ ਸਪਿਰਟ ਨਾਲ ਕਰਦੇ ਸਨ। 1967 ਵਿਚ ਆਪ ਅੱਖਾਂ ਦੇ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਬਣ ਗਏ, ਇਸ ਅਹੁਦੇ ਤੇ ਆਪ 1984 ਤੱਕ ਰਹੇ। 1984 ਵਿਚ ਆਪ ਨੂੰ ਪਿੰਸੀਪਲ ਬਣਾ ਦਿੱਤਾ ਗਿਆ। ਆਪ ਦੀ ਪੀ.ਜੀ.ਆਈ.ਚੰਡੀਗੜ੍ਹ ਵਿਚ ਵੀ ਸਹਾਇਕ ਪ੍ਰੋਫ਼ੈਸਰ ਲਈ ਚੋਣ ਹੋ ਗਈ ਸੀ ਪ੍ਰੰਤੂ ਘਰੇਲੂ ਮਜ਼ਬੂਰੀਆਂ ਕਰਕੇ ਆਪ ਨੇ ਡਿਊਟੀ ਜਾਇਨ ਨਹੀਂ ਕੀਤੀ। ਆਪ ਜਿਥੇ ਇੱਕ ਨਿਪੁੰਨ ਅੱਖਾਂ ਦੇ ਮਾਹਿਰ ਡਾਕਟਰ ਸਨ, ਉਥੇ ਨਾਲ ਹੀ ਵਧੀਆ ਅਧਿਆਪਕ ਅਤੇ ਨੇਕ ਦਿਲ ਇਨਸਾਨ ਸਨ। ਖ਼ਾਸ ਤੌਰ ਤੇ ਵਿਦਿਆਰਥੀਆਂ ਪ੍ਰਤੀ ਆਪ ਦਾ ਵਿਵਹਾਰ ਕਾਬਲੇ ਤਾਰੀਫ਼ ਸੀ। 1984 ਵਿਚ ਜਦੋਂ ਹਰਿਮੰਦਰ ਸਾਹਿਬ ਵਿਚ ਬਲਿਊ ਸਟਾਰ ਅਪ੍ਰੇਸ਼ਨ ਹੋਇਆ ਤਾਂ ਇਸਦੇ ਵਿਰੋਧ ਵਿਚ ਆਪਨੇ ਪਦਮ ਸ੍ਰੀ ਦਾ ਖ਼ਿਤਾਬ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ। ਆਪ ਦਾ ਪ੍ਰੇਮ ਵਿਆਹ ਡਾ.ਪੁਸ਼ਪਾ ਨਾਲ ਹੋਇਆ ਜੋ ਕਿ ਐਨਥੀਜੀਆ ਵਿਭਾਗ ਵਿਚ ਪ੍ਰੋਫ਼ੈਸਰ ਸਨ। ਅੰਤਰਜਾਤੀ ਵਿਆਹ ਹੋਣ ਵਿਚ ਭਾਵੇਂ ਮੁਸ਼ਕਲਾਂ ਵੀ ਆਈਆਂ ਪ੍ਰੰਤੂ ਆਪ ਬਜਿਦ ਰਹੇ। ਆਪ ਦਾ ਲੜਕਾ ਡਾ.ਪੁਸ਼ਵੰਤ ਸਿੰਘ ਅਤੇ ਨੂੰਹ ਦੇਵੇਂ ਡਾਕਟਰ ਹਨ। ਡਾ.ਧਨਵੰਤ ਸਿੰਘ ਨੂੰ ਸੈਰ ਸਪਾਟਾ ਅਤੇ ਫ਼ੋਟੋਗ੍ਰਾਫੀ ਦਾ ਸ਼ੌਕ ਵੀ ਸੀ।
ਆਪ 87 ਸਾਲ ਦੀ ਉਮਰ ਵਿਚ 13 ਜੁਲਾਈ 2013 ਵਿਚ ਸਵਰਗ ਸਿਧਾਰ ਗਏ। ਆਪ ਦੀ ਪਤਨੀ ਡਾ.ਪੁਸ਼ਪਾ ਧਨਵੰਤ ਸਿੰਘ 18 ਅਗਸਤ 2001 ਨੂੰ ਸਵਰਗਵਾਸ ਹੋ ਗਏ ਸਨ। ਆਪ ਦਾ ਭਰਾ ਡਾ.ਬਲਵੰਤ ਸਿੰਘ ਨੱਕ ਅਤੇ ਗਲੇ ਵਿਭਾਗ ਵਿਚ ਪ੍ਰੋਫ਼ੈਸਰ ਸਨ, ਉਨ੍ਹਾਂ ਦਾ ਲੜਕਾ ਡਾ.ਐਸ.ਪੀ. ਐਸ.ਗਰੇਵਾਲ ਅੱਖਾਂ ਦੇ ਪਰਦੇ ਮਾਹਿਰ ਹੈ ਅਤੇ ਚੰਡੀਗੜ, ਪੰਚਕੂਲਾ੍ਹ ਅਤੇ ਬਠਿੰਡਾ ਵਿਖੇ ਅੱਖਾਂ ਦੇ ਹਸਪਤਾਲ ਚਲਾ ਰਹੇ ਹਨ। ਆਪ ਦੇ ਭਰਾ ਸਿਕੰਦਰ ਸਿੰਘ ਦਾ ਲੜਕਾ ਪਰਮਜੀਤ ਸਿੰਘ ਗਰੇਵਾਲ ਪੰਜਾਬ ਪੁਲਿਸ ਵਿਚ ਆਈ .ਜੀ.ਸੇਵਾ ਮੁਕਤ ਹੋਇਆ ਹੈ।