ਕਰਿੰਦੇ ਦੀ ਦਲੇਰੀ ਸਦਕਾ ਕੈਸ਼ ਲੁੱਟਣੋਂ ਬਚਿਆ-ਲੁਟੇਰੇ ਹੋਏ ਫਰਾਰ
ਸਮਰਾਲਾ, 1 ਅਗਸਤ (ਕਮਲਜੀਤ ਕੌਰ)- ਅੱਜ ਇੱਥੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਹਥਿਆਰਬੰਦ ਦੋ ਲੁਟੇਰਿਆਂ ਵੱਲੋਂ ਐੱਚਪੀ ਗੈਸ ਏਜੰਸੀ ਦੇ ਕਰਿੰਦੇ ਕੋਲੋਂ ਨਗਦੀ ਨਾਲ ਭਰਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਜਦੋਂ ਗੈਸ ਏਜੰਸੀ ਦੇ ਕਰਿੰਦਿਆਂ ਨੇ ਅੱਗੋਂ ਦਲੇਰੀ ਵਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਜੱਫਾ ਪਾ ਲਿਆ ਤਾਂ ਉਸ ਨੇ ਹੱਥ ‘ਚ ਫੜ੍ਹੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਇਹ ਗੋਲ਼ੀ ਖੁਸ਼ਕਿਸਮਤੀ ਨਾਲ ਕਰਿੰਦੇ ਲੱਗਣ ਦੀ ਥਾਂ ਧਰਤੀ ‘ਚ ਜਾ ਵੱਜੀ ਅਤੇ ਇਸ ਮਗਰੋਂ ਕਰਿੰਦੇ ਵੱਲੋਂ ਉੱਥੇ ਪਈਆਂ ਇੱਟਾਂ ਨਾਲ ਹਮਲਾ ਕਰਕੇ ਦੋਵੇਂ ਲੁਟੇਰੇ ਬੜੀ ਹੀ ਦਲੇਰੀ ਨਾਲ ਭਜਾ ਦਿੱਤੇ। ਇਲਾਕੇ ‘ਚ ਦਿਨ ਦਿਹਾੜੇ ਚੰਡੀਗੜ੍ਹ ਰੋਡ ‘ਤੇ ਵਾਪਰੀ ਇਸ ਘਟਨਾ ਨਾਲ ਡਰ ਦਾ ਮਾਹੌਲ ਬਣ ਗਿਆ ਅਤੇ ਮੌਕੇ ‘ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਮਗਰੋਂ ਫਰਾਰ ਹੋਏ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੱਜ ਕਰੀਬ 12:30 ਵਜੇ ਚੋਪੜਾ ਗੈਸ ਏਜੰਸੀ ਦਾ ਕਰਿੰਦਾ ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਆਪਣੇ ਦੋ ਹੋਰ ਕਰਿੰਦੇ ਸਾਥੀਆਂ ਕੁਲਦੀਪ ਸਿੰਘ ਅਤੇ ਲਛਮਣ ਸਿੰਘ ਸਮੇਤ ਚੰਡੀਗੜ੍ਹ ਰੋਡ ‘ਤੇ ਸਿਲੰਡਰਾਂ ਨਾਲ ਭਰੀ ਟਰੈਕਟਰ ਟਰਾਲੀ ਰਾਹੀਂ ਗਾਹਕਾਂ ਨੂੰ ਗੈਸ ਸਿਲੰਡਰਾਂ ਦੀ ਸਪਲਾਈ ਦੇ ਰਿਹਾ ਸੀ। ਐਨੇ ਵਿੱਚ ਹੀ ਬਿਨ੍ਹਾਂ ਨੰਬਰ ਦਾ ਇੱਕ ਮੋਟਰਸਾਈਕਲ, ਜਿਸ ‘ਤੇ ਮੂੰਹ ਢਕੇ ਦੋ ਨੌਜਵਾਨ ਸਵਾਰ ਸਨ, ਉਨ੍ਹਾਂ ਕੋਲ ਆ ਕੇ ਰੁਕੇ ਅਤੇ ਇੱਕ ਲੁਟੇਰੇ ਨੇ ਕੁਲਵਿੰਦਰ ਸਿੰਘ ਦੇ ਹੱਥ ਵਿੱਚ ਫੜ੍ਹੇ ਕੈਸ਼ ਬੈਗ, ਜਿਸ ਵਿੱਚ ਤਕਰੀਬਨ 45 ਹਜ਼ਾਰ ਰੁਪਏ ਦੇ ਕਰੀਬ ਨਗਦੀ ਸੀ, ਨੂੰ ਜਬਰੀ ਖੋਹਣ ਦੀ ਕੋਸ਼ਿਸ਼ ਕੀਤੀ। ਕੁਲਵਿੰਦਰ ਸਿੰਘ ਇਸ ਲੁਟੇਰੇ ਨਾਲ ਉਲਝ ਪਿਆ ਅਤੇ ਕੈਸ਼ ਬੈਗ ਬਚਾਉਣ ਲਈ ਉਸਨੇ ਲੁਟੇਰੇ ਨੂੰ ਜੱਫਾ ਵੀ ਪਾ ਲਿਆ, ਪ੍ਰੰਤੂ ਲੁਟੇਰੇ ਨੇ ਆਪਣੀ ਪਿਸਤੌਲ ਤੋਂ ਗੋਲ਼ੀ ਚਲਾ ਦਿੱਤੀ, ਜੋ ਕਿ ਧਰਤੀ ਵਿੱਚ ਜਾ ਵੱਜੀ। ਇਸ ਮਗਰੋਂ ਕੁਲਵਿੰਦਰ ਸਿੰਘ ਅਤੇ ਉਸਦੇ ਨਾਲ ਦੇ ਦੋਵੇਂ ਕਰਿੰਦਿਆਂ ਨੇ ਲੁਟੇਰਿਆਂ ‘ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਘਬਰਾਏ ਹੋਏ ਦੋਵੇਂ ਲੁਟੇਰੇ ਇੱਕ ਹੋਰ ਫ਼ਾਇਰ ਕਰਦੇ ਹੋਏ ਆਪਣੇ ਮੋਟਰਸਾਈਕਲ ‘ਤੇ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਏ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਡੀ.ਐੱਸ.ਪੀ. ਹਰਿੰਦਰ ਸਿੰਘ ਮਾਨ ਅਤੇ ਐੱਸ.ਐੱਚ.ਓ. ਸੁਖਵੀਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦਾ ਸੁਰਾਗ ਲਗਾਉਣ ਲਈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਵੇਂ ਲੁਟੇਰੇ ਛੇਤੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।