ਮਹੀਨਾ ਬੀਤਣ ਦੇ ਬਾਅਦ ਵੀ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ
ਹਰਦੀਪ ਸਿੰਘ ਧਨੋਆ-ਮੁਕੇਰੀਆਂ, 9 ਮਈ-ਪੁਲਿਸ ਥਾਣਾ ਮੁਕੇਰੀਆ ਅਧੀਨ ਆਉਂਦੇ ਪਿੰਡ ਖਾਨਪੁਰ ਦੇ ਇੱਕ ਐੱਨ.ਆਰ.ਆਈ. ਜਤਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਜਿਸਦਾ 3 ਅਪ੍ਰੈਲ 2014 ਨੂੰ ਕਥਿਤ ਕਤਲ ਹੋ ਗਿਆ ਸੀ। ਪਰ ਅੱਜ ਤੱਕ ਮੁਕੇਰੀਆ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਜਿਸ ਤੋਂ ਗੁੱਸੇ ਵਿੱਚ ਆਏ ਜਤਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਮੁਕੇਰੀਆਂ ਦੇ ਮਾਤਾ ਰਾਣੀ ਚੌਂਕ ਵਿਖੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਜਿਸ ਨਾਲ ਮਿੰਟਾਂ ਵਿੱਚ ਰਾਸ਼ਟਰੀ ਮਾਰਗ ਉਪਰ ਲੰਮੀਆਂ ਲੰਮੀਆਂ ਵਾਹਨਾਂ ਦੀਆਂ ਲਾਈਨਾ ਲੱਗ ਗਈਆਂ।
ਇਸ ਨਾਲ ਪੁਲਿਸ ਦੇ ਹੱਥ-ਪੈਰ ਫੁੱਲ ਗਏ। ਧਰਨਾਂ ਕਾਰੀਆਂ ਨੇ ਮੁਕੇਰੀਆ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਜਤਿੰਦਰ ਸਿੰਘ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਜੋ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਆਬੂ ਧਾਬੀ ਗਿਆ ਸੀ ਅਤੇ 17 ਅਕਤੁਬਰ 2013 ਨੂੰ ਛੁੱਟੀ ਕੱਟਣ ਲਈ ਪਿੰਡ ਖਾਨਪੁਰ ਆਇਆ ਸੀ ਅਤੇ 4 ਅਪ੍ਰੈਲ 2014 ਨੂੰ ਉਸਦੀ ਵਿਦੇਸ਼ ਜਾਣ ਲਈ ਦੁਆਰਾ ਉਡਾਣ ਸੀ। ਪਰ 3 ਅਪ੍ਰੈਲ 2014 ਨੂੰ ਕਥਿਤ ਤੋਰ ਤੇ ਉਸਦਾ ਕਤਲ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਰਾਤ ਲੱਗਭਗ 9 ਵਜੇ ਜਤਿੰਦਰ ਸਿੰਘ ਤੇ ਚਚੇਰੇ ਭਾਈ ਅਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਉਸਨੂੰ ਬੁਲਾ ਕੇ ਲੈ ਗਏ। ਦੇਰ ਰਾਤ ਉਸ ਦੇ ਨਾ ਪਰਤਨ ’ਤੇ ਉਸ ਦੀ ਪਾਲ ਕੀਤੀ ਗਈ ਤਾਂ ਜਤਿੰਦਰ ਸਿੰਘ ਘਰ ਦੀ ਛੱਤ ਉੱਪਰ ਪਿਆ ਸੀ। ਉਸ ਨੂੰ ਸਿਵਲ ਹਸਪਤਾਲ ਮੁਕੇਰੀਆਂ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਕੇਰੀਆਂ ਪੁਲਿਸ ਨੇ ਅਮਨਦੀਪ ਅਤੇ ਰਮਨਦੀਪ ਖ਼ਿਲਾਫ ਮਾਮਲਾ ਦਰਜ ਕਰ ਲਿਆ ਸੀ। ਮਹੀਨਾ ਬੀਤਨ ਦੇ ਬਾਅਦ ਵੀ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ।
ਧਰਨਾਕਾਰੀਆਂ ਨੇ ਲਗ-ਭੱਗ 1 ਘੰਟਾ ਰਾਸ਼ਟਰੀ ਮਾਰਗ ਰੋਕ ਰੱਖਿਆ ਜਿਸ ਨਾਲ ਪੁਲਿਸ ਨੂੰ ਪਿੱਸੂ ਪੈ ਗਏ। ਧਰਨਾਕਾਰੀ ਨੂੰ ਸਾਂਤ ਕਰਨ ਲਈ ਏ.ਐੱਸ.ਪੀ. ਮੁਕੇਰੀਆਂ ਨਾਨਕ ਸਿੰਘ ਅਤੇ ਐੱਸ.ਐੱਸ.ਓ. ਜਗਦੀਸ਼ ਰਾਜ ਅੱਤਰੀ ਧਰਨੇਵਾਲੀ ਥਾਂ ਤੇ ਪਹੁੰਚੇ। ਏ.ਐੱਸ.ਪੀ. ਵੱਲੋਂ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਨ ਦੇ ਭਰੋਸੇ ਦੇਣ ਤੋਂ ਬਾਅਦ ਇਕੱਤਰ ਹੋਏ ਲੋਕ ਜਾਮ ਖੋਲ੍ਹਣ ਲਈ ਰਾਜ਼ੀ ਹੋਏ।