June 1, 2026 12:08 am

ਕੁਲਜੀਤ ਢੱਟ ਦੇ ਫਰਜ਼ੀ ਪੁਲਿਸ ਮੁਕਾਬਲੇ ’ਚ ਦੋਸ਼ੀ ਪੁਲਿਸ ਅਫਸਰਾਂ ਬਸਰਾ, ਜਸਪਾਲ ਤੇ ਸੀਤਾਰਾਮ ਨੂੰ 5-5 ਸਾਲ ਦੀ ਸਜ਼ਾ

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਰਿਵਾਰ ਨੂੰ 25 ਸਾਲਾਂ ਬਾਅਦ ਮਿਲਿਆ ਇਨਸਾਫ਼

image ਚੰਡੀਗੜ੍ਹ, 9 ਮਈ (ਪੀ.ਟੀ. ਬਿਊਰੋ)-ਅੱਜ 1989 ’ਚ ਕੁਲਜੀਤ ਸਿੰਘ ਢੱਟ (35) ਦੇ ਹੋਏ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ’ਚ ਦੋਸ਼ੀ 3 ਪੰਜਾਬ ਪੁਲਿਸ ਅਫਸਰਾਂ ਨੂੰ 5-5 ਸਾਲ ਦੀ ਸਜ਼ਾ ਸੁਣਾਕੇ ਅਦਾਲਤ ਨੇ ਢੱਟ ਪਰਿਵਾਰ ਨੂੰ 25 ਸਾਲਾਂ ਬਾਦ ਇਨਸਾਫ ਦੇ ਦਿਤਾ ਹੈ। ਜਦਕਿ ਮਾਮਲੇ ’ਚ ਲੋੜੀਂਦੇ ਦੋ ਹੋਰ ਪੁਲਿਸ ਅਫਸਰਾਂ ਦੀ ਮੌਤ ਹੋ ਚੁੱਕੀ ਹੈ। ਕੁਲਜੀਤ ਢੱਟ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਦਾ ਜਵਾਈ ਸੀ। ਉਹ 3 ਬੱਚਿਆਂ ਦਾ ਪਿਤਾ ਸੀ। ਅੱਜ ਹੁਸ਼ਿਆਰਪੁਰ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਪੂਨਮ ਆਰ ਜੋਸ਼ੀ ਨੇ ਕੁਲਜੀਤ ਢੱਟ ਦਾ ਫਰਜ਼ੀ ਪੁਲਿਸ ਮੁਕਾਬਲਾ ਕਰਨ ਦਾ 3 ਪੰਜਾਬ ਪੁਲਿਸ ਅਫਸਰਾਂ ਐੱਸ.ਪੀ.ਐੱਸ. ਬਸਰਾ, ਜਸਪਾਲ ਸਿੰਘ ਤੇ ਸੀਤਾ ਰਾਮ ਨੂੰ ਦੋਸ਼ੀ ਕਰਾਰ ਦਿੰਦਿਆਂ 5-5 ਸਾਲ ਦੀ ਸਜ਼ਾ ਸੁਣਾ ਦਿਤੀ ਹੈ।

ਇਸ ਕੇਸ ’ਚ ਕੁੱਲ ਪੰਜ ਪੁਲਿਸ ਵਾਲੇ ਦੋਸ਼ੀ ਸਨ ਜਿਨ੍ਹਾਂ ਚੋਂ ਦੋ ਮੁਲਜਮਾਂ ਅਜੀਤ ਸਿੰਘ ਸੰਧੂ ਤੇ ਸਰਦੂਲ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ 25 ਸਾਲਾਂ ਤੋਂ ਇਨਸਾਫ ਲਈ ਲੜ ਰਹੇ ਢੱਟ ਪਰਿਵਾਰ ਨੂੰ ਅੱਜ ਆਖਰ ਇਨਸਾਫ ਮਿਲ ਗਿਆ ਹੈ।
ਇਸ ਮਾਮਲੇ ’ਚ ਪ੍ਰਕਾਸ਼ ਕੌਰ ਨੇ ਸੁਪਰੀਮ ਕੋਰਟ ’ਚ ਇਕ ਅਪੀਲ ਦਾਇਰ ਕੀਤੀ ਸੀ। ਜਿਸ ਉਪਰੰਤ ਅਦਾਲਤ ਨੇ 1990 ਵਿਚ ਜਸਟਿਸ (ਰਿਟਾ.) ਐੱਚ.ਐੱਲ. ਰਣਦੇਵ ਦੀ ਅਗਵਾਈ ’ਚ ਇਕ ਕਮਿਸ਼ਨ ਬਣਾਇਆ ਸੀ, ਜਿਸ ਨੇ 1993 ’ਚ ਆਪਣੀ ਰਿਪੋਰਟ ਦੇ ਦਿਤੀ ਸੀ। ਇਸ ਬਾਦ ਉਸ ਵੇਲੇ ਦੇ ਐਸ ਪੀ ਅਪਰੇਸ਼ਨ ਐੱਸ.ਪੀ.ਐੱਸ. ਬਸਰਾ, ਐੱਸ.ਐੱਚ.ਓ. ਦਸੂਹਾ ਜਸਪਾਲ ਸਿੰਘ, ਡੀ.ਐੱਸ.ਪੀ. ਦਸੂਹਾ ਅਜੀਤ ਸਿੰਘ ਸੰਧੂ, ਐੱਸ.ਐੱਚ.ਓ. ਟਾਂਡਾ ਸਰਦੂਲ ਸਿੰਘ ਤੇ ਗੜਦੀਵਾਲਾ ਪੁਲਿਸ ਪੋਸਟ ਇੰਚਾਰਜ ਸੀਤਾ ਰਾਮ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ। 1997 ’ਚ ਇਸ ਕੇਸ ਖਿਲਾਫ ਦੋਸ਼ੀ ਜਸਪਾਲ ਸਿੰਘ ਨੇ ਇਕ ਪਟੀਸ਼ਨ ਦਿਤੀ ਸੀ। ਇਸ ਉਪਰੰਤ ਢੱਟ ਪਰਿਵਾਰ ਫਿਰ ਤੋਂ ਸੁਪਰੀਮ ਕੋਰਟ ’ਚ ਗਿਆ ਸੀ ਤੇ ਅਦਾਲਤ ਨੇ ਮਾਮਲੇ ਨੂੰ ਚਲਾਉਣ ਲਈ ਹਾਈਕੋਰਟ ਨੂੰ ਹੁਕਮ ਦਿਤਾ ਸੀ। ਇਸ ਉਪਰੰਤ ਇਸ ਦੀ ਸੁਣਵਾਈ ਹੁਸ਼ਿਆਰਪੁਰ ਅਦਾਲਤ ’ਚ ਚੱਲ ਰਹੀ ਸੀ ਤੇ ਅੱਜ 25 ਸਾਲਾਂ ਬਾਦ ਢੱਟ ਪਰਿਵਾਰ ਨੂੰ ਇਨਸਾਫ ਮਿਲ ਗਿਆ ਹੈ।
ਪੁਲਿਸ ਵਲੋਂ ਕੁਲਜੀਤ ਨੁੰ 23 ਜੁਲਾਈ 1989 ਨੂੰ ਕੁਝ ਹੋਰ ਵਿਅਕਤੀਆਂ ਸਮੇਤ ਚੁੱਕ ਲਿਆ ਗਿਆ ਸੀ। ਬਾਅਦ ਵਿੱਚ ਪੁਲਿਸ ਵਲੋਂ ਕਿਹਾ ਗਿਆ ਕਿ ਕੁਲਜੀਤ ਸਿੰਘ ਢੱਟ ਹਥਿਆਰ ਬਰਾਮਦਗੀ ਲਈ ਲਿਜਾਣ ਵੇਲੇ ਹਥਕੜੀਆਂ ਤੋੜ ਕੇ ਬਿਆਸ ਦਰਿਆ ਰਾਹੀਂ ਭੱਜ ਨਿਕਲਿਆ ਹੈ। ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵਾਲਿਆਂ ਨੇ ਖੁਦ ਕਿਹਾ ਸੀ ਕਿ ‘‘ਢੱਟ ਦਾ ਕੰਮ ਕਰ ਦਿਤਾ ਹੈ’’ ਭਾਵ ਮਾਰ ਦਿੱਤਾ ਹੈ। ਮਾਮਲੇ ਦੇ ਗਵਾਹਾਂ ਅਨੁਸਾਰ ਢੱਟ ਨੂੰ ਪੁਲਿਸ ਵਲੋਂ ਦਿਤੇ ਬੇਥਾਹ ਤਸੀਹੇ ਸਾਫ ਦੇਖੇ ਜਾ ਸਕਦੇ ਸਨ।
ਉਸ ਵੇਲੇ ਤੋਂ ਅੱਜ ਤਕ ਢੱਟ ਦੀ ਲਾਸ਼ ਤਕ ਨਹੀਂ ਮਿਲੀ। ਜਸਟਿਸ ਰਣਦੇਵ  ਆਪਣੀ ਰਿਪੋਰਟ ’ਚ ਇਨ੍ਹਾਂ ਪੁਲਿਸ ਅਫਸਰਾਂ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦੇ ਚੁੱਕੇ ਸਨ ਤੇ ਅੱਜ ਅਦਾਲਤ ਵਲੋਂ ਵੀ ਇਨ੍ਹਾਂ ਨੂੰ ਸਜ਼ਾ ਸੁਣਾਕੇ 25 ਸਾਲਾਂ ਬਾਅਦ ਇਹ ਦੋਸ਼ ਸਹੀ ਠਹਿਰਾ ਦਿੱਤੇ ਹਨ।

Send this to a friend