ਅੰਮ੍ਰਿਤਸਰ, 29 ਜੁਲਾਈ (ਰਾਜੇਸ਼ ਡੈਨੀ)- ਪੁਲਿਸ ਥਾਣਾ ਚਾਟੀਵਿੰਡ ਦੇ ਖੇਤਰ ਮਹਿਮਾ ਰੋਡ ਚਾਟੀਵਿੰਡ ਵਿਖੇ ਕੁਝ ਵਿਅਕਤੀਆਂ ਵੱਲੋਂ ਆਪਣੇ ਸਾਥੀਆਂ ਸਮੇਤ ਅੰਮ੍ਰਿਤਧਾਰੀ ਨੋਜਵਾਨ ਨੂੰ ਘੇਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦੇ ਹੋਏ ਕੇਸਾਂ ਅਤੇ ਝੋਲਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ। ਇਸ ਸਾਰੀ ਘਟਨਾਂ ਦੀ ਵਿਡੀਓ ਸ਼ੌਸ਼ਲ ਮੀਡੀਆ ਤੇ ਵਾਈਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਕੁੱਟਮਾਰ ਦਾ ਸ਼ਿਕਾਰ ਨੋਜਵਾਨ ਜਰਨੈਲ ਸਿੰਘ ਪੁੱਤਰ ਬਾਬਾ ਹੀਰਾ ਸਿੰਘ ਵਾਸੀ ਵਰਪਾਲ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਗੁ: ਬਾਬਾ ਸੰਤੋਖ ਸਿੰਘ ਸ਼ਹੀਦ ਵਿਖੇ ਸੇਵਾ ਕਰਦਾ ਹੈ। ਬੀਤੇ ਦਿਨੀ ਸ਼ਾਮ 4.30 ਵਜੇ ਦੇ ਕਰੀਬ ਉਹ ਆਪਣੀ ਐਕਟਿਵਾ ਤੇ ਸਵਾਰ ਹੋਕੇ ਦੋਬੁਰਜੀ ਵਿਖੇ ਸਥਿਤ ਐਜੰਸੀ ਵਿੱਚ ਟਰੈਕਟਰ ਦੀ ਕਿਸ਼ਤ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਮਹਿਮਾ ਰੋਡ ਚਾਟੀਵਿੰਡ ਵਿਖੇ ਸਥਿਤ ਗੁ: ਬਾਬਾ ਰੇਕੜਾ ਸਾਹਿਬ ਨਜਦੀਕ ਉਸਦੀ ਐਕਟਿਵਾ ਅਚਾਨਕ ਬੰਦ ਹੋ ਗਈ ਸੀ। ਉਹ ਐਕਟਿਵਾ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੁਖਵੰਤ ਸਿੰਘ ਸੁੱਖਾ ਨਾ ਦੇ ਵਿਅਕਤੀ ਨੇ ਉਸ ਵਿੱਚ ਐਕਟਿਵਾ ਮਾਰ ਦਿੱਤੀ ਅਤੇ ਉਸਦੇ ਨਾਲ ਆਏ 25/30 ਦੇ ਕਰੀਬ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਸੁਖਵੰਤ ਸਿੰਘ ਨੇ ਟੋਕੇ ਦੀ ਬੈਲਟ ਨਾਲ ਉਸਨੂੰ ਬੂਰੀ ਤਰ੍ਹਾ ਕੁਟਣਾ ਸ਼ੁਰੂ ਕਰ ਦਿੱਤਾ ਅਤੇ ਜਬਰਦਸਤੀ ਕਹਿਣ ਲਗੇ ਕਿ ਕਬੂਲ ਕਰ ਕਿ ਸਮੈਕ ਲੈਣ ਲਈ ਆਇਆ ਸੀ। ਇਸ ਦੋਰਾਨ ਸੁਖਵੰਤ ਸਿੰਘ ਅਤੇ ਉਸਦੇ ਸਾਥੀਆਂ ਨੇ ਉਸਦੇ ਸਿਰ ਤੋਂ ਦੁਮਾਲਾ ਲਾਹਕੇ ਕੇਸਾਂ ਦੀ ਬੇਦਬੀ ਕਰਦੇ ਹੋਏ ਉਸਦਾ ਝੋਲਾ ਵੀ ਪਾੜ ਦਿੱਤਾ ਅਤੇ ਉਸਦੀ ਜੇਬ ਵਿੱਚ ਰਖੀ 50 ਹਜਾਰ ਦੀ ਨਗਦੀ ਅਤੇ ਗਲ ਵਿੱਚ ਪਾਈ ਤਿੰਨ ਤੋਲੇ ਦੀ ਸੋਨੇ ਦੀ ਚੈਨੀ ਵੀ ਖੋਹ ਲਈ। ਉਕਤ ਵਿਅਕਤੀਆਂ ਨੇ ਕੁਟੱਮਾਰ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਈਰਲ ਕਰ ਦਿੱਤੀ। ਪੀੜਤ ਨੇ ਪੁਲਿਸ ਪ੍ਰਸ਼ਾਸ਼ਨ ਕੋਲੋ ਮੰਗ ਕੀਤੀ ਹੈ ਕਿ ਉਸਦੀ ਕੁੱਟਮਾਰ ਅਤੇ ਕੇਸ਼ਾ ਦੀ ਬੇਦਬੀ ਕਰਨ ਵਾਲਿਆਂ ਤੇ ਬਣਦੀ ਕਾਰਵਾਈ ਕਰਕੇ ਉਸਨੂੰ ਇੰਨਸਾਫ ਦਿੱਤਾ ਜਾਵੇ। ਸੁਖਵੰਤ ਸਿੰਘ ਨੇ ਜਰਨੈਲ ਸਿੰਘ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜਰਨੈਲ ਸਿੰਘ ਨਸ਼ਾ ਵੇਚਣ ਅਤੇ ਪੀਣ ਦਾ ਆਦੀ ਹੈ। ਐਤਵਾਰ ਨੂੰ ਉਹ ਪਿੰਡ ਵਿੱਚੋਂ ਨਸ਼ਾ ਲੈਣ ਲਈ ਹੀ ਆਇਆ ਸੀ। ਨਸ਼ੇ ਦਾ ਸੇਵਨ ਕਰਨ ਵਾਲਿਆ ਨੂੰ ਅਸੀ ਫੜਿਆ ਸੀ ਜਿਨ੍ਹਾਂ ਨੂੰ ਮਾਫੀ ਮੰਗਣ ਤੇ ਛੱਡ ਦਿੱਤਾ ਗਿਆ ਸੀ ਅਤੇ ਕੁਝ ਨੂੰ ਪੁਲਿਸ ਹਵਾਲੇ ਵੀ ਕੀਤਾ ਗਿਆ ਸੀ। ਥਾਣਾ ਮੁਖੀ ਕਿਰਨਦੀਪ ਸਿੰਘ ਨੇ ਕਿਹਾ ਕਿ ਜਰਨੈਲ ਸਿੰਘ ਦੇ ਬਿਆਨਾ ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।