April 22, 2026 11:29 am

ਮਮਤਾ ਦੱਤਾ ਨੇ ਚੇਅਰਪਰਸਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਸੰਭਾਲਿਆ

ਚੰਡੀਗੜ੍ਹ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸ੍ਰੀਮਤੀ ਮਮਤਾ ਦੱਤਾ ਨੇ ਅੱਜ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਪੰਜਾਬ ਦੇ ਕੈਬਨਿਟ ਮੰਤਰੀਆਂ ਸ੍ਰੀ ਓ. ਪੀ. ਸੋਨੀ, ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਸ. ਗੁਰਕੀਰਤ ਸਿੰਘ ਕੋਟਲੀ, ਸ੍ਰੀ ਰਾਕੇਸ਼ ਪਾਂਡੇ, ਸ. ਕੁਲਦੀਪ ਸਿੰਘ ਵੈਦ, ਡਾ. ਹਰਜੋਤ ਕਵਲ, ਲਖਵਿੰਦਰ ਸਿੰਘ ਲੱਖਾ, ਸੁਖਪਾਲ ਸਿੰਘ ਭੁੱਲਰ, ਅਮਰੀਕ ਸਿੰਘ ਢਿੱਲੋਂ, ਸ੍ਰੀ ਸੰਜੇ ਤਲਵਾਰ, ਸ੍ਰੀ ਸੁਨੀਲ ਦੱਤੀ, ਸ. ਨਵਤੇਜ ਸਿੰਘ ਚੀਮਾ, ਸ੍ਰੀ ਸੁਖਵਿੰਦਰ ਡੈਨੀ, ਸ. ਹਰਦੇਵ ਸਿੰਘ ਲਾਡੀ, ਚੇਅਰਪਰਸਨ ਪੰਜਾਬ ਵੇਅਰ ਹਾਉਸ ਅਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਚੇਅਰਪਰਸਨ ਸਟਾਫ ਸਿਲੈਕਸ਼ਨ ਬੋਰਡ ਸ੍ਰੀ ਰਮਨ ਬਹਿਲ ਆਦਿ ਦੀ ਹਾਜ਼ਰੀ ‘ਚ ਆਪਣਾ ਅਹੁਦਾ ਸੰਭਾਲਿਆ। ਸ੍ਰੀਮਤੀ ਮਮਤਾ ਦੱਤਾ ਨੇ ਦੱਸਿਆ ਕਿ ਉਹ ਬੀਤੇ ਕੱਲ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਅਗਵਾਈ ਤੇ ਸਹਿਯੋਗ ਦੇਣ ਲਈ ਮਿਲੇ ਸਨ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਉਦਯੋਗ ਤੇ ਵਣਜ ਮੰਤਰੀ ਨਾਲ ਮਿਲ ਕੇ ਕੰਮ ਕਰਨਗੇ ਤਾਂ ਜੋ ਖਾਦੀ ਬੋਰਡ ਨੌਕਰੀਆਂ ਪੈਦਾ ਕਰਨ ਵਿੱਚ ਵਧੇਰੇ ਯੋਗਦਾਨ ਪਾ ਸਕੇ। ਉਨ੍ਹਾਂ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਖਾਦੀ ਬੋਰਡ ਸਰਕਾਰ ਦਾ ਇੱਕ ਮਹੱਤਵਪੂਰਨ ਅਦਾਰਾ ਹੈ ਜੋ ਕਿ ਸੂਬੇ ਦੇ ਦਿਹਾਤੀ ਇਲਾਕਿਆਂ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਸੁਪਨੇ ਨੂੰ ਸਕਾਰ ਕਰ ਰਿਹਾ ਹੈ। ਉਹ ਰੁਜ਼ਗਾਰ ਪੈਦਾ ਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਸ੍ਰੀਮਤੀ ਵਿਨੀ ਮਹਾਜਨ ਅਤੇ ਡਾਇਰੈਕਟਰ ਸ੍ਰੀ ਸਿਬਨ ਸੀ. ਅਤੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਤੋਂ ਵੱਧ ਤੋਂ ਵੱਧ ਸਹਿਯੋਗ ਦੀ ਆਸ ਕਰਦੇ ਹਨ। ਜ਼ਿਕਰਯੋਗ ਹੈ ਕਿ ਖਾਦੀ ਬੋਰਡ ਸੂਬਾ ਸਰਕਾਰ ਦੀ ਇੱਕ ਪ੍ਰਮੁੱਖ ਏਜੰਸੀ ਹੈ ਜੋ ਪਿਛਲੇ 60 ਸਾਲਾਂ ਤੋਂ ਸਵੈ ਰੋਜਗਾਰ ਉੱਤਪਤੀ (ਘਰ-ਘਰ ਰੁਜ਼ਗਾਰ) ਵਿਚ ਯੋਗਦਾਨ ਪਾ ਰਹੀ ਹੈ। ਚੇਅਰਪਰਸਨ ਨੇ ਕਿਹਾ ਕਿ ਇਹ ਨਵੇਂ ਉੱਦਮਾਂ ਨੂੰ ਸਥਾਪਤ ਕਰਨਾ ਹੀ ਜ਼ਰੂਰੀ ਨਹੀਂ ਹੈ, ਬਲਕਿ Àੁੱਦਮੀਆਂ ਨੂੰ ਆਪਣੇ ਉਤਪਾਦਾਂ ਦੀ ਵਿਕਰੀ ਕਰਨ ਲਈ ਇਨ੍ਹਾਂ ਨੂੰ ਸਥਾਈ ਰੂਪ ਵਿੱਚ ਕਾਇਮ ਰੱਖਣਾ ਵੀ ਜ਼ਰੂਰੀ ਹੈ।

Send this to a friend