ਸੰਗਰੂਰ, 18 ਜੁਲਾਈ (ਪਰਮਜੀਤ ਸਿੰਘ ਲੱਡਾ)- ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਕਰਨ ਤੋਂ ਵੱਟੇ ਜਾ ਰਹੇ ਟਾਲੇ ਅਤੇ ਮਾਮੂਲੀ ਅਸਾਮੀਆਂ ਦੀ ਭਰਤੀ ਲਈ ਬਣਾਏ ਜਾ ਰਹੇ ਬੇਲੋੜੇ ਨਿਯਮਾਂ ਤੋਂ ਭੜਕੇ ਬੇਰੁਜ਼ਗਾਰਾਂ ਨੇ “ਬੇਰੁਜ਼ਗਾਰ ਫਰੰਟ ਪੰਜਾਬ“ਦੀ ਅਗਵਾਈ ਵਿੱਚ ਇੱਥੇ ਵਿਰੋਧੀ ਧਿਰ ਦੇ ਨੇਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਮਿਲ ਕੇ ਜਾਣੂ ਕਰਵਾਇਆ। ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਬੇਰੁਜ਼ਗਾਰ ਲਾਇਨਮੈਨ, ਆਰਟ ਐਂਡ ਕਰਾਫਟਸ ਯੂਨੀਅਨ, ਬੇਰੁਜ਼ਗਾਰ ਉਪ-ਵੈਦ ਯੂਨੀਅਨ ਅਤੇ ਬੇਰੁਜ਼ਗਾਰ ਈ ਟੀ ਟੀ ਯੂਨੀਅਨ ਸਮੇਤ ਅਨੇਕਾਂ ਬੇਰੁਜ਼ਗਾਰ ਜਥੇਬੰਦੀਆਂ ਦੇ ਇਸ “ ਬੇਰੁਜ਼ਗਾਰ ਫਰੰਟ “ਵੱਲੋਂ ਦੱਸਿਆ ਗਿਆ ਕਿ ਸੂਬੇ ਅੰਦਰ ਅਨਿਯਮਿਤ ਭਰਤੀ ਹੋਣ ਕਰਕੇ ਹਜਾਰਾਂ ਬੇਰੁਜ਼ਗਾਰਾਂ ਨੌਜਵਾਨ ਓਵਰ ਏਜ ਹੋ ਜਾਂਦੇ ਹਨ।ਉਹ ਇੱਕਾ-ਦੁੱਕਾ ਨਿਕਲੀਆਂ ਅਸਾਮੀਆਂ ਲਈ ਫਾਰਮ ਭਰਨ ਤੋਂ ਹੀ ਅਯੋਗ ਹੋ ਜਾਂਦੇ ਹਨ।ਇਸ ਲਈ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੀ ਤਰਜ਼ ਉੱਪਰ ਪੰਜਾਬ ਅੰਦਰ ਵੀ ਸਾਰੀਆਂ ਭਰਤੀਆਂ ਲਈ ਉਮਰ ਵਿੱਚ ਛੋਟ ਦਿੱਤੀ ਜਾਵੇ।ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ 18-42 ਸਾਲ ਅਤੇ ਰਾਖਵੀਆਂ ਸ਼੍ਰੇਣੀਆਂ ਲਈ ਨਿਯਮਾਂ ਅਨੁਸਾਰ ਪੰਜ ਸਾਲ ਦੀ ਹੋਰ ਛੋਟ।ਵਰਨਣਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 3500 ਸਹਾਇਕ ਲਾਇਨਮੈਨ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਹੋਇਆ ਹੈ।ਪਰ ਅਨੇਕਾਂ ਉਮੀਦਵਾਰ ਓਵਰ ਏਜ ਹੋਣ ਕਰਕੇ ਫਾਰਮ ਨਹੀਂ ਭਰ ਸਕਣਗੇ।ਇਸ ਸੰਬੰਧੀ ਲਾਇਨਮੈਨ ਯੂਨੀਅਨ ਵੱਲੋਂ ਸ਼ੰਘਰਸ਼ ਵਿੱਢਿਆ ਹੋਇਆ ਹੈ।ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੀ ਸਿਹਤ ਮਹਿਕਮੇ ਵਿੱਚ ਉਮਰ ਹੱਦ ਵਿੱਚ ਛੋਟ ਦੇ ਕੇ ਸਾਰੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਕਰਦੀ ਆ ਰਹੀ ਹੈ।ਦੂਜੀ ਮੰਗ ਇਹ ਕਿ ਹਰੇਕ ਭਰਤੀ ਲਈ ਉਸੇ ਮੁੱਢਲੀ ਯੋਗਤਾ ਅਤੇ ਪ੍ਰਤੀਸ਼ਤਤਾ ਨੂੰ ਹੀ ਆਧਾਰ ਮੰਨਿਆ ਜਾਵੇ ਜਿਸ ਅਨੁਸਾਰ ਉਮੀਦਵਾਰ ਨੇ ਸੰਬੰਧਿਤ ਡਿਗਰੀ, ਡਿਪਲੋਮੇ ਜਾਂ ਕੋਰਸ ਵਿੱਚ ਦਾਖਲਾ ਪ੍ਰਾਪਤ ਕੀਤਾ ਸੀ।ਗੌਰਤਲਬ ਹੈ ਕਿ ਈ ਟੀ ਟੀ ਦੀਆਂ ਬੈਕਲਾਗ ਦੀਆਂ ਨਿਕਲੀਆਂ 167 ਲਈ ਮੁੱਢਲੀ ਯੋਗਤਾ ਗ੍ਰੈਜ਼ੂਏਸ਼ਨ ਮੰਗੀ ਗਈ ਹੈ ਜਦਕਿ ਈ ਟੀ ਟੀ ਦਾ ਕੋਰਸ ਬਾਰਵੀਂ ਜਮਾਤ ਮਗਰੋਂ ਕਰਵਾਇਆ ਜਾਂਦਾ ਹੈ।ਇਸੇ ਤਰ੍ਹਾਂ ਹੀ ਮੁੱਖ ਅਧਿਆਪਕਾਂ ਅਤੇ ਸੈਂਟਰ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਵਿੱਚ ਭਰਤੀ ਲਈ ਮੁੱਢਲੀ ਯੋਗਤਾ ਗ੍ਰੈਜ਼ੂਏਸ਼ਨ ਮੰਗੀ ਗਈ ਸੀ ਜਿਹੜੀ ਕਿ ਗੈਰ-ਤਰਕਯੁਕਤ ਸ਼ਰਤ ਹੈ।ਤੀਜੀ ਮੰਗ ਵੀ ਮੁੱਢਲੀ ਯੋਗਤਾ ਨਾਲ ਹੀ ਹੈ ,ਜਿਸ ਤੋਂ ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਪ੍ਰਭਾਵਿਤ ਹੋਣਗੇ।ਇਸ ਮੁਤਾਬਿਕ ਇਹ ਹੈ ਕਿ ਜਿਹੜੇ ਉਮੀਦਵਾਰ ਨੇ ਆਪਣੀ ਗ੍ਰੈਜ਼ੂਏਸ਼ਨ ਦੀ ਜਿਹੜੀ ਪਾਸ ਪ੍ਰਤੀਸ਼ਤਤਾ ਅਨੁਸਾਰ ਬੀ ਐੱਡ ਦੇ ਕੋਰਸ ਵਿੱਚ ਦਾਖਲਾ ਲਿਆ ਸੀ,ਉਸੇ ਐੱਡ ਪਾਸ ਆਊਟ ਕਰ ਚੁੱਕੇ ਉਮੀਦਵਾਰਾਂ ਉੱਪਰ ਲਾਗੂ ਨਾ ਕੀਤਾ ਜਾਵੇ।ਚੌਥੀ ਮੰਗ ਅਨੁਸਾਰ ਸਾਰੇ ਮਹਿਕਮਿਆਂ ਵਿੱਚ ਐਕਸ਼ਟੈਨਸ਼ਨ(ਨੌਕਰੀ ਦੇ ਕਾਲ ਵਿੱਚ ਵਾਧਾ)ਨੀਤੀ ਰੱਦ ਕੀਤੀ ਜਾਵੇ।ਇਸ ਨਾਲ ਅਨੇਕਾਂ ਮਹਿਕਮਿਆਂ ਵਿੱਚ 58 ਸਾਲ ਤੋਂ ਉਪਰ ਦੇ ਮੁਲਾਜ਼ਮ ਜਿਹੜੇ ਕੇ ਵਾਧਾ ਲੈ ਕੇ ਸੇਵਾ ਨਿਭਾ ਰਹੇ ਹਨ ਫਾਰਗ ਹੋਣਗੇ ਅਤੇ ਅਸਾਮੀਆਂ ਖਾਲੀ ਸਾਬਤ ਹੋ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੌਕਾ ਮਿਲੇਗਾ।ਉਦਾਹਰਣ ਵਜੋਂ ਇਕੱਲੇ ਸਿੱਖਿਆ ਵਿਭਾਗ ਵਿੱਚੋਂ 25000 ਅਸਾਮੀਆਂ ਹੋਰ ਖਾਲੀ ਹੋਣਗੀਆਂ।
ਬੇਰੁਜ਼ਗਾਰ ਫਰੰਟ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸ੍ਰ ਚੀਮਾ ਨੇ ਪੂਰਨ ਭਰੋਸਾ ਦਿੱਤਾ ਹੈ ਕਿ ਉਹ ਬੇਰੁਜ਼ਗਾਰ ਨੌਜਵਾਨਾਂ ਦੇ ਮਸਲੇ ਨੂੰ ਪੂਰੀ ਸਿੱਦਤ ਨਾਲ ਵਿਧਾਨ ਸਭਾ ਦੇ ਇਜਲਾਸ ਵਿੱਚ ਰੱਖਣਗੇ।
ਇਸ ਮੌਕੇ ਮਨਜੀਤ ਸਿੰਘ ਲੱਡਾ ਜਿਲਾ ਪ੍ਰਧਾਨ ਲਾਇਨਮੈਨ ਯੂਨੀਅਨ ਸੰਗਰੂਰ, ਨਪਿੰਦਰ ਸਿੰਘ ਖਜਾਨਚੀ, ਨਰਿੰਦਰ ਖੁਰਾਣਾ,ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਅਮਰੀਕ ਬਠਿੰਡਾ, ਕਮਲਜੀਤ ਜਲੰਧਰ, ਤਰਲੋਚਨ ਸੰਗਰੂਰ, ਗੁਰਪਿਆਰ ਮਾਨਸਾ,ਜਸਵੀਰ ਬਰਨਾਲਾ, ਹਰਵਿੰਦਰ ਪਟਿਆਲਾ। ਟੈੱਟ ਪਾਸ ਬੇਰੁਜ਼ਗਾਰ ਬੀ ਐੱਡ ਅਧਿਆਪਕ ਯੂਨੀਅਨ ਦੇ ਲਛਮੀ ਜਲੰਧਰ, ਪ੍ਰਿਤਪਾਲ ਕੌਰ,ਸੋਹਾਵਾ ਸਿੰਘ, ਗੁਰਮੀਤ ਕੌਰ।ਈ ਟੀ ਟੀ ਅਧਿਆਪਕ ਯੂਨੀਅਨ ਦੇ ਹਰਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ।ਬੇਰੁਜ਼ਗਾਰ ਉਪ-ਵੈਦ ਯੂਨੀਅਨ ਦੇ ਲਖਵੀਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਰਮਨਪ੍ਰੀਤ ਸਿੰਘ,ਪ੍ਰੇਮਪਾਲ ਬਾਲਿਆਂਵਾਲੀ,ਰਾਜ ਮੌੜ,ਜਸਕਰਨ ਸਿੰਘ ਆਦਿ ਹਾਜ਼ਰ ਸਨ।