April 22, 2026 4:43 am

ਮੀਂਹ ਕਾਰਣ ਨੁਕਸਾਨੀਆਂ ਫਸਲਾਂ ਤੇ ਮਕਾਨਾਂ ਲਈ ਸਾਬਕਾ ਵਿਧਾਇਕ ਸਿੱਧੂ ਨੇ ਮੰਗਿਆ ਮੁਆਵਜ਼ਾ

ਤਲਵੰਡੀ ਸਾਬੋ, 17 ਜੁਲਾਈ (ਰਾਮ ਰੇਸ਼ਮ ਨਥੇਹਾ)- ਪਿਛਲੇ ਦਿਨ ਤੋਂ ਪਈ ਭਾਰੀ ਬਾਰਿਸ਼ ਕਾਰਣ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਹੋਏ ਮੰਦੇ ਹਾਲ ਦੇ ਨਾਲ ਨਾਲ ਹਲਕੇ ਦੇ ਪਿੰਡਾਂ ਵਿੱਚ ਫਸਲਾਂ ਅਤੇ ਮਕਾਨਾਂ ਦੇ ਹੋਏ ਨੁਕਸਾਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨ:ਸਕੱ: ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਸਾਬਕਾ ਵਿਧਾਇਕ ਨੇ ਕਿਹਾ ਕਿ ਮੀਂਹ ਕਾਰਣ ਹਲਕੇ ਦੇ ਪਿੰਡਾਂ ਵਿੱਚ ਨਰਮੇ ਅਤੇ ਝੋਨੇ ਤੋਂ ਇਲਾਵਾ ਹੋਰ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ।ਉਨਾਂ ਕਿਹਾ ਕਿ ਭਾਂਵੇ ਪਿਛਲੇ ਦਿਨੀ ਗੜ੍ਹੇਮਾਰੀ ਕਾਰਣ ਹੋਏ ਫਸਲਾਂ ਦੇ ਨੁਕਸਾਨ ਦਾ ਕਿਸਾਨਾਂ ਨੂੰ ਇੱਕ ਰੁਪਈਆ ਵੀ ਮੁਆਵਜਾ ਨਾ ਦੇਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਕਿਸੇ ਭਲੇ ਦੀ ਆਸ ਰੱਖਣਾ ਹੀ ਗਲਤ ਹੈ ਪ੍ਰੰਤੂ ਫਿਰ ਵੀ 1985 ਵਿੱਚ ਉਕਤ ਹਲਕੇ ਦੀ ਵਿਧਾਨ ਸਭਾ ਵਿੱਚ ਨੁਮਾਇੰਦਗੀ ਕਰ ਚੁੱਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਪਿਛਲੇ ਸਮੇਂ ਵਿੱਚ ਲੋਕਾਂ ਵੱਲੋਂ ਉਨਾਂ ਨੂੰ ਦਿੱਤੇ ਸਹਿਯੋਗ ਨੂੰ ਚੇਤੇ ਕਰਕੇ ਹੀ ਹਲਕੇ ਵੱਲ ਵਿਸ਼ੇਸ ਧਿਆਨ ਦਿੰਦਿਆਂ ਤੁਰੰਤ ਗਿਰਦਾਵਰੀ ਕਰਵਾਕੇ ਨੁਕਸਾਨੀਆਂ ਫਸਲਾਂ ਲਈ ਯੋਗ ਮੁਆਵਜਾ ਦਵਾਉਣ। ਸਾਬਕਾ ਵਿਧਾਇਕ ਨੇ ਇਸ ਮੌਕੇ ਮੀਂਹ ਕਾਰਣ ਖੇਤਾਂ ਵਿੱਚ ਖੜੀਆਂ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਮੋਟਰਾਂ ਤੋਂ ਇਲਾਵਾ ਡਿੱਗ ਚੁੱਕੇ ਜਾਂ ਨੁਕਸਾਨੇ ਗਏ ਘਰਾਂ ਲਈ ਵੀ ਮੁਆਵਜਾ ਮੰਗਿਆ ਤਾਂਕਿ ਨਵੇਂ ਘਰ ਪਾਉਣ ਜਾਂ ਘਰਾਂ ਦੀ ਮੁਰੰਮਤ ਲਈ ਲੋੜਵੰਦ ਪਰਿਵਾਰਾਂ ਨੂੰ ਪ੍ਰੇਸ਼ਾਨੀ ਨਾ ਆਵੇ।

Send this to a friend