ਚੰਡੀਗੜ, 16 ਜੁਲਾਈ (ਏਕਮਜੀਤ ਸਿੰਘ ਬਰਾੜ)- ਪੰਜਾਬ ਪੁਲਿਸ ਅਤੇ ਐਸ ਟੀ ਐਫ਼ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਲੜਾਈ ‘ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਟ੍ਰੈਮਾਡੋਲ ਗੋਲੀਆਂ ਨੂੰ ਨਸ਼ੇ ਦੇ ਰੂਪ ‘ਚ ਵੇਚਣ ਦਾ ਪਰਦਾਫ਼ਾਸ਼ ਕਰਦਿਆਂ ਇੱਕ ਮੁਲਜ਼ਮ ਕੈਮਿਸਟ ਨੂੰ 10,67,800 ਨਸ਼ੇ ਦੇ ਰੂਪ ‘ਚ ਵਰਤੀਆਂ ਜਾਂਦੀਆਂ ਦਵਾਈਆਂ ਨਾਲ ਕਾਬੂ ਕਰਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ।ਅੱਜ ਇੱਥੇ ਸਪੈਸ਼ਲ ਟਾਸਕ ਫ਼ੋਰਸ ਦੇ ਮੋਹਾਲੀ ਸਥਿਤ ਹੈੱਡ ਕੁਆਰਟਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਖੁਲਾਸਾ ਕਰਿਦਆਂ ਐਸ ਟੀ ਐਫ਼ ਮੁਖੀ ਗੁਰਪ੍ਰੀਤ ਕੌਰ ਦਿਓ, ਏ.ਡੀ.ਜੀ.ਪੀ. ਨੇ ਦੱਸਿਆ ਕਿ ਇਸ ਗ੍ਰੋਹ ਦਾ ਸਰਗਨਾ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਵਾਸੀ ਪ੍ਰਦੀਪ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਿੰਡੀ ਗਲੀ ਲੁਧਿਆਣਾ ਵਿਖੇ ਪਲਾਟੀਨਮ ਹੈਲਥ ਕੇਅਰ ਨਾਂ ਹੇਠ ਮੈਡੀਕਲ ਸਟੋਰ ਚਲਾਉਂਦਾ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 20,500 ਗੋਲੀਆਂ ਬਰਾਮਦ ਹੋਈਆਂ।