ਸਬ ਡਵੀਜ਼ਨ ਤਲਵੰਡੀ ਸਾਬੋ ‘ਚ ਚਿੱਟੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ

ਤਲਵੰਡੀ ਸਾਬੋ, 14 ਜੁਲਾਈ (ਰਾਮ ਰੇਸ਼ਮ ਨਥੇਹਾ)- ਨਜ਼ਦੀਕੀ ਪਿੰਡ ਜਗਾ ਰਾਮ ਤੀਰਥ ਵਿਖੇ ਇੱਕ ਹੋਰ ਮਾਂ ਦੇ ਪੁੱਤ ਨੂੰ ਚਿੱਟੇ ਦੇ ਟੀਕੇ ਨੇ ਆਪਣੀ ਗ੍ਰਿਫਤ ‘ਚ ਲੈ ਕੇ ਜਹਾਨੋਂ ਤੋਰ ਦਿੱਤਾ। ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਗਾ ਰਾਮ ਤੀਰਥ ਪਿੰਡ ਦੇ ਦਲਿਤ ਪਰਿਵਾਰ ਚੋਂ ਮੈਂਗਲ ਸਿੰਘ ਪੁੱਤਰ ਗੁਰਤੇਜ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਪਰਿਵਾਰਕ ਮੈਬਰਾਂ ਤੋਂ ਚੋਰੀ ਚਿੱਟੇ ਦਾ ਨਸ਼ਾ ਕਰਦਾ ਸੀ। ਪ੍ਰੰਤੂ ਬੀਤੀ ਕੱਲ ਚਿੱਟੇ ਦੀ ਓਵਰਡੋਜ਼ ਦੇ ਕਾਰਨ ਉਸਦੀ ਚੰਡੀਗੜ ਦੇ ਇੱਕ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮਿਰਤਕ ਦੇ ਬਾਪ ਗੁਰਤੇਜ ਸਿੰਘ ਨੇ ਦੱਸਿਆ ਕਿ ਪਹਿਲਾ ਇਸਨੂੰ ਤਲਵੰਡੀ ਸਾਬੋ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਉਸਤੋਂ ਬਾਅਦ ਆਦੇਸ ਮੈਡੀਕਲ ਕਾਲਜ਼ ਬਠਿੰਡਾ ਤੋਂ ਜਵਾਬ ਮਿਲਣ ਉਪਰੰਤ ਚੰਡੀਗੜ ਲਜਾਇਆ ਗਿਆ ਜਿਥੇ ਉਸਦਾ ਇਲਾਜ਼ ਸ਼ੁਰੂ ਕਰਨ ਦੇ ਤਿੰਨ ਘੰਟੇ ਬਾਅਦ ਉਸਦੀ ਮੌਤ ਹੋ ਗਈ। ਪਰਿਵਾਰਿਕ
ਮੈਂਬਰਾਂ ਵੱਲੋਂ ਮੈਂਗਲ ਸਿੰਘ ਦੀ ਮੌਤ ਹੋਣ ਦਾ ਕਾਰਨ ਲਗਾਤਾਰ ਚਿੱਟੇ ਦਾ ਸੇਵਨ ਕਰਨਾ ਅਤੇ ਹੁਣ ਜਿਆਦਾ ਡੋਜ ਦਾ ਟੀਕਾ ਲਗਾਉਣਾ ਦੱਸਿਆ ਜਾ ਰਿਹਾ ਹੈ। ਬੀਤੀ ਕੱਲ ਮਿਰਤਕ ਦਾ ਜਗਾ ਪਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਿਰਤਕ ਆਪਣੇ ਪਿੱਛੇ ਆਪਣੀ ਪਤਨੀ, ਦੋ ਬੱਚੇ, ਮਾਂ-ਪਿਓ, ਇੱਕ ਭਰਾ ਅਤੇ ਤਿੰਨ ਭੈਣਾ ਨੂੰ ਛੱਡ ਗਿਆ ਹੈ। ਉਘੇ ਸਮਾਜ ਸੇਵੀ ਅਵਤਾਰ ਸਿੰਘ ਰਾਏਪੁਰ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਜਲਦੀ ਹੀ ਚਿੱਟੇ ਵਰਗੇ ਭਿਆਨਕ ਨਸ਼ੇ ਦਾ ਪੰਜਾਬ ਚੋਂ ਖਾਤਮਾ ਕੀਤਾ ਜਾਵੇ ਨਹੀਂ ਤਾਂ ਪੰਜਾਬ ਦੀ ਨੌਜਵਾਨੀ ਚਿੱਟੇ ਦੀ ਭੇਂਟ ਚੜ੍ਹਕੇ ਖਤਮ ਹੋ ਜਾਵੇਗੀ।

Send this to a friend