ਬੇਅਦਬੀ ਕਾਂਡ ਮੁਕੱਦਮਾ ਬੰਦ ਕਰਨ ਦੀ ਰਿਪੋਰਟ ਪਿੱਛੇ ਅਕਾਲੀ ਦਲ ਦੀ ਸਾਜ਼ਿਸ਼ : ਕਿੱਕੀ ਢਿੱਲੋਂ

ਫ਼ਰੀਦਕੋਟ, 14 ਜੁਲਾਈ – (ਗੁਰਜੀਤ ਰੋਮਾਣਾ) – ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਅੱਜ ਇੱਥੇ ਆਪਣੇ ਘਰ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ ਲਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਸੀ.ਬੀ.ਆਈ. ਵੱਲੋਂ ਦਰਜ ਕੀਤੇ ਗਏ ਤਿੰਨ ਮੁਕੱਦਮਿਆਂ ਨੂੰ ਬੰਦ ਕਰਨ ਲਈ ਜਿਹੜੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ, ਉਸ ਵਿੱਚ ਅਕਾਲੀ ਦਲ ਦਾ ਅਹਿਮ ਰੋਲ ਹੈ। ਜਾਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਸਥਾਨਕ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਹਰਿਆਣਾ ਵਿੱਚ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਭਾਜਪਾ ਡੇਰਾ ਸੱਚਾ ਸੌਦਾ ਦੀ ਵੋਟ ਲੈਣ ਲਈ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ‘ਤੇ ਰਿਹਾਅ ਕਰਵਾਉਣਾ ਚਾਹੁੰਦੀ ਸੀ ਪਰੰਤੂ ਵਿਵਾਦ ਪੈਦਾ ਹੋਣ ਤੋਂ ਬਾਅਦ ਭਾਜਪਾ ਨੂੰ ਆਪਣਾ ਫੈਸਲਾ ਬਦਲਣਾ ਪਿਆ। ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਕਲੋਜ਼ਰ ਰਿਪੋਰਟ ਲਈ ਅਕਾਲੀ ਦਲ ਤੇ ਭਾਜਪਾ ਪੂਰੀ ਤਰਾਂ ਜਿੰਮੇਵਾਰ ਹੈ।ਉਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਮੁਕੱਦਮੇ ਬੰਦ ਕਰਨ ਦੀ ਰਿਪੋਰਟ ਦੇ ਸੱਚਮੁੱਚ ਖਿਲਾਫ ਹੈ ਤਾਂ ਉਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਦਿਵਾਉਣ। ਵਿਧਾਇਕ ਨੇ ਕਿਹਾ ਕਿ ਬੇਅਦਬੀ ਕਾਂਡ ਵਿੱਚ ਅਕਾਲੀਆਂ ਦੀ ਵੱਡੀ ਸ਼ਮੂਲੀਅਤ ਹੈ ਅਤੇ ਸੀ.ਬੀ.ਆਈ ਨੇ ਪੜਤਾਲ ਨੂੰ ਗੰਭੀਰਤਾ ਨਾਲ ਨਹੀਂ ਲਿਆ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਬੇਅਦਬੀ ਕਾਂਡ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰਵਾ ਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਕਾਂਗਰਸੀ ਵਿਧਾਇਕ ਨੇ ਇਹ ਵੀ ਦੋਸ਼ ਲਾਇਆ ਕਿ ਇਸ ਰਿਪੋਰਟ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਸਮੁੱਚੀ ਪ੍ਰਕਿਰਿਆ ਨੂੰ ਸੀ.ਬੀ.ਆਈ ਨੇ ਗੁਪਤ ਰੱਖਿਆ। ਇਸੇ ਤਰਾਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਪਰੌਲ ‘ਤੇ ਰਿਹਾਅ ਕਰਨ ਦੀ ਕਾਰਵਾਈ ਵੀ ਚੁੱਪ ਚੁਪੀਤੇ ਵਿੱਢੀ ਗਈ ਸੀ।

Send this to a friend